Breaking News
Home / ਪੰਜਾਬ / ਆਮ ਆਦਮੀ ਕਲੀਨਿਕਾਂ ਨੇ ਨੈਰੋਬੀ ‘ਚ ਬਣਾਈ ਪੰਜਾਬ ਦੀ ਸ਼ਾਨ

ਆਮ ਆਦਮੀ ਕਲੀਨਿਕਾਂ ਨੇ ਨੈਰੋਬੀ ‘ਚ ਬਣਾਈ ਪੰਜਾਬ ਦੀ ਸ਼ਾਨ

ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ‘ਚ ਪਹਿਲਾ ਇਨਾਮ ਕੀਤਾ ਹਾਸਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਮੁੱਢਲੇ ਸਿਹਤ ਸੰਭਾਲ ਢਾਂਚੇ ‘ਚ ਸੁਧਾਰ ਕਰਨ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਨੇ ਨੈਰੋਬੀ ਵਿੱਚ 14 ਤੋਂ 16 ਨਵੰਬਰ ਤੱਕ ਹੋਏ ਤਿੰਨ ਰੋਜ਼ਾ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ‘ਚ ਪਹਿਲਾ ਇਨਾਮ ਹਾਸਲ ਕੀਤਾ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ‘ਦਵਾਈਆਂ ਦੀ ਹਰੇਕ ਵਿਅਕਤੀ ਤੱਕ ਪਹੁੰਚ: ਪੰਜਾਬ ਤੋਂ ਇੱਕ ਅਧਿਐਨ’ ਵਿਸ਼ੇ ਹੇਠਲੇ ਦਸਤਾਵੇਜ਼ ਲਈ ਪਹਿਲਾ ਇਨਾਮ ਮਿਲਿਆ ਹੈ। ਇਸ ਕਾਨਫਰੰਸ ਵਿੱਚ 85 ਮੁਲਕਾਂ ਨੇ ਹਿੱਸਾ ਲਿਆ ਸੀ ਤੇ ਚਾਰ ਦੇਸ਼ਾਂ ਨੇ ਆਪਣੇ ਦਸਤਾਵੇਜ਼ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿੱਚੋਂ ਪੰਜਾਬ ਸਰਕਾਰ ਦੇ ਦਸਤਾਵੇਜ਼ ਨੂੰ ਅੰਤਿਮ ਪੇਸ਼ਕਾਰੀ ਲਈ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਵਿੱਚ ਚੱਲ ਰਹੇ ਲੋਕ ਪੱਖੀ ਕੰਮਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜੇਤੂ ਐਂਟਰੀ ‘ਚ ਵਿਗਿਆਨ ‘ਤੇ ਜ਼ੋਰ, ਸਮੱਸਿਆਵਾਂ ਦੇ ਹੱਲ ਲਈ ਸੁਪਰ ਪੁਜ਼ੀਸ਼ਨਿੰਗ, ਹੱਲ ਤੇ ਪ੍ਰਭਾਵ ਦੀ ਸਪੱਸ਼ਟਤਾ, ਨਵੀਨ ਹੱਲ, ਸਿਆਸੀ ਇੱਛਾ ਸ਼ਕਤੀ, ਕਿੰਜ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆ-ਕਲਪ ਲਈ ਸਹਾਈ, ਪ੍ਰਾਈਵੇਟ ਖੇਤਰ ਨਾਲ ਸਹਿਯੋਗ ਤੇ ਸੁਧਾਰਾਂ ਲਈ ਸਪੱਸ਼ਟ ਵਿਆਖਿਆ ਆਦਿ ਨੁਕਤਿਆਂ ਬਾਰੇ ਦੱਸਿਆ ਗਿਆ ਸੀ।
ਮੁੱਖ ਮੰਤਰੀ ਨੇ ਦੱਸਿਆ ਕਿ ਸੰਮੇਲਨ ਦੇ 40 ਦੇ ਕਰੀਬ ਭਾਈਵਾਲ ਮੁਲਕਾਂ ਨੇ ਪੰਜਾਬ ਆ ਕੇ ਆਮ ਆਦਮੀ ਕਲੀਨਿਕ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਲੋਕ ਇਹ ਸਮਝਣਾ ਚਾਹੁੰਦੇ ਹਨ ਕਿ ਪੰਜਾਬ ‘ਚ ਬਿਨਾਂ ਕਿਸੇ ਖ਼ਰਚ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ 84 ਦਵਾਈਆਂ ਤੇ 40 ਕਲੀਨੀਕਲ ਟੈਸਟਾਂ ਦੀ ਸਹੂਲਤ ਕਿਵੇਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …