ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਉਮਰਾਨੰਗਲ ਖਿਲਾਫ ਦਸਤਾਵੇਜ਼ੀ ਸਬੂਤ
ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਅਜੈਪਾਲ ਸਿੰਘ ਦੀ ਅਦਾਲਤ ਵਿੱਚ 2502 ਪੰਨਿਆਂ ਦਾ ਤੀਜਾ ਚਲਾਨ ਪੇਸ਼ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚਲਾਨ ਵਿੱਚ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ 2446 ਪੰਨਿਆਂ ‘ਤੇ ਦਸਤਾਵੇਜ਼ੀ ਸਬੂਤ ਅਤੇ 56 ਪੰਨਿਆਂ ‘ਤੇ ਫੋਰੈਂਸਿਕ ਮਾਹਿਰਾਂ ਦੀਆਂ ਰਿਪੋਰਟਾਂ, ਘਟਨਾ ਸਥਾਨ ਦੇ ਨਕਸ਼ੇ, ਘਟਨਾ ਵਾਲੇ ਦਿਨ ਹੋਈਆਂ ਫੋਨ ਕਾਲਾਂ ਦੀ ਡਿਟੇਲ ਤੇ ਘਟਨਾ ਦੀਆਂ ਵੀਡੀਓ ਅਤੇ ਫੋਟੋਆਂ ਆਦਿ ਸ਼ਾਮਲ ਹਨ। ਅਦਾਲਤ ਨੇ ਇਸ ਚਲਾਨ ਦੀ ਸੁਣਵਾਈ 2 ਸਤੰਬਰ ਦੀ ਤੈਅ ਕਰਦਿਆਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸੇ ਦਿਨ ਹੀ ਕੋਟਕਪੂਰਾ ਗੋਲੀ ਕਾਂਡ ਦੇ ਦੂਜੇ ਦੋ ਚਲਾਨ ਵੀ ਸੁਣਵਾਈ ਲਈ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਜਾਂਚ ਟੀਮ ਨੇ ਬੀਤੀ 24 ਫਰਵਰੀ ਨੂੰ 7000 ਪੰਨਿਆਂ ਦਾ ਪਹਿਲਾ ਚਲਾਨ ਅਤੇ 25 ਅਪਰੈਲ ਨੂੰ 2400 ਪੰਨਿਆਂ ਦਾ ਦੂਜਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਸੀ। ਹਾਲਾਂਕਿ ਜਾਂਚ ਟੀਮ ਨੇ ਪੇਸ਼ ਕੀਤੇ ਤੀਜੇ ਚਲਾਨ ਵਿੱਚ ਮੁਲਜ਼ਮਾਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ ਤੇ ਨਾ ਹੀ ਦੋਸ਼ਾਂ ਵਿੱਚ ਵਾਧ-ਘਾਟ ਕੀਤੀ ਗਈ ਹੈ।
ਇਸ ਚਾਰਜਸ਼ੀਟ ਵਿੱਚ ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਉਨ੍ਹਾਂ ਦਾ ਨਾਮ ਚਲਾਨ ਵਿੱਚੋਂ ਬਾਹਰ ਕੱਢ ਦਿੱਤਾ ਹੈ। ਕੋਟਕਪੂਰਾ ਗੋਲੀ ਕਾਂਡ ਦੇ ਸਾਰੇ ਮੁਲਜ਼ਮਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਜ਼ਮਾਨਤ ਦੇ ਚੁੱਕੀ ਹੈ ਅਤੇ ਇਹ ਕੇਸ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਜਾਣ ਤੋਂ ਬਾਅਦ ਬਹਿਬਲ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇੱਕਸਾਰ ਸ਼ੁਰੂ ਹੋਣੀ ਹੈ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …