ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਲੋਕ ਸਭਾ ਚੋਣਾਂ 2024 ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਨੇ ਅੱਜ ਵੀਰਵਾਰ ਨੂੰ ਸੂਬੇ ਦੇ 9 ਜ਼ਿਲ੍ਹਾ ਇੰਚਾਰਜਾਂ ਦੇ ਨਾਲ-ਨਾਲ 3 ਲੋਕ ਸਭਾ ਹਲਕਿਆਂ ਦੇ ਲਈ ਇੰਚਾਰਜ ਨਿਯੁਕਤ ਕੀਤੇ ਹਨ। ਇਸ ਸਬੰਧੀ ਜਾਣਕਾਰੀ ਸੂਬਾ ਵਰਕਿੰਗ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਧੀਮਾਨ ਵੱਲੋਂ ਦਿੱਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਇੰਚਾਰਜ ਅਤੇ ਲੋਕ ਸਭਾ ਇੰਚਾਰਜ ਬਣਾਇਆ ਗਿਆ ਹੈ ਉਨ੍ਹਾਂ ‘ਚ ਜ਼ਿਆਦਾਤਰ ਪਾਰਟੀ ਨਾਲ ਸਥਾਪਨਾ ਸਮੇਂ ਤੋਂ ਜੁੜੇ ਹੋਏ ਅਤੇ ਸਾਫ਼-ਸੁਥਰੀ ਛਵੀ ਵਾਲੇ ਵਿਅਕਤੀ ਸ਼ਾਮਲ ਹਨ। ਲੋਕ ਸਭਾ ਇੰਚਾਰਜਾਂ ਵਿਚ ਲੁਧਿਆਣਾ ਤੋਂ ਦੀਪਕ ਬਾਂਸਲ, ਜਲੰਧਰ ਤੋਂ ਅਸ਼ਵਨੀ ਅਗਰਵਾਲ ਅਤੇ ਫਿਰੋਜ਼ਪੁਰ ਤੋਂ ਜਗਦੇਵ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਜਦਕਿ 9 ਜ਼ਿਲ੍ਹਾ ਇੰਚਾਰਜਾਂ ਵਿਚ ਬਠਿੰਡਾ ਅਰਬਨ ਤੋਂ ਸੁਰਿੰਦਰ ਸਿੰਘ ਬਿੱਟੂ, ਬਠਿੰਡਾ ਦਿਹਾਤੀ ਤੋਂ ਜਤਿੰਦਰ ਸਿੰਘ ਭੱਲਾ, ਪਠਾਨਕੋਟ ਤੋਂ ਠਾਕੁਰ ਅਮਿਤ ਸਿੰਘ, ਫਿਰੋਜ਼ਪੁਰ ਤੋਂ ਡਾ. ਮਲਕੀਤ ਸਿੰਘ ਥਿੰਦ, ਅੰਮ੍ਰਿਤਸਰ ਸ਼ਹਿਰੀ ਤੋਂ ਮਨੀਸ਼ ਅਗਰਵਾਲ, ਅੰਮ੍ਰਿਤਸਰ ਦਿਹਾਤੀ ਤੋਂ ਕੁਲਦੀਪ ਸਿੰਘ, ਜਲੰਧਰ ਦਿਹਾਤੀ ਤੋਂ ਸਟੀਵਨ ਕਲੇਰ, ਗੁਰਦਾਸਪੁਰ ਅਰਬਨ ਤੋਂ ਸਮਸ਼ੇਰ ਸਿੰਘ ਅਤੇ ਗੁਰਦਾਸ ਦਿਹਾਤੀ ਤੋਂ ਬਲਬੀਰ ਸਿੰਘ ਪੰਨੂ ਦਾ ਨਾਮ ਸ਼ਾਮਲ ਹੈ। ਹੁਣ ਦੇਖਣਾ ਇਹ ਹੈ ਕਿ ਅਗਾਮੀ ਨਗਰ ਨਿਗਮ ਚੋਣਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਅਤੇ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਚੁਣੇ ਗਏ ਅਹੁਦੇਦਾਰਾਂ ਦਾ ਪਾਰਟੀ ਨੂੰ ਕਿੰਨਾ ਕੁ ਫਾਇਦਾ ਮਿਲਦਾ ਹੈ।