Breaking News
Home / ਪੰਜਾਬ / ਨੌਕਰੀ ਘੁਟਾਲਾ: ਵਿਜੀਲੈਂਸ ਦੇ ਜਾਲ ਵਿੱਚ ਫਸਿਆ ਡੱਡੀ

ਨੌਕਰੀ ਘੁਟਾਲਾ: ਵਿਜੀਲੈਂਸ ਦੇ ਜਾਲ ਵਿੱਚ ਫਸਿਆ ਡੱਡੀ

Dadi News, Ghutalaਵੱਡੇ ਬੰਦਿਆਂ ਦੇ ਨਾਮ ਬੋਲਣ ਦੀ ਚਰਚਾ; ਸਹਿਕਾਰੀ ਅਦਾਰੇ ਦੇ ਚੇਅਰਮੈਨ ਦਾ ਨਾਮ ਵੀ ਸਾਹਮਣੇ ਆਇਆ
ਚੰਡੀਗੜ੍ਹ : ਨੌਕਰੀ ਘੁਟਾਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਕਾਲੀ ਆਗੂ ਅਤੇ ਮਲੋਟ ਦੇ ਮਿਊਂਸਪਲ ਕੌਂਸਲਰ ਸ਼ਾਮ ਲਾਲ ਉਰਫ਼ ਡੱਡੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਇਸ ਕੌਂਸਲਰ ਨੂੰ ਸੋਮਵਾਰ ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਲਿਜਾ ਕੇ ਪੁੱਛ-ਪੜਤਾਲ ਕੀਤੀ ਗਈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਡੱਡੀ ਦੇ ਕਾਬੂ ਆਉਣ ਤੋਂ ਬਾਅਦ ਇਕ ਸਹਿਕਾਰੀ ਅਦਾਰੇ ਦੇ ਚੇਅਰਮੈਨ ਦਾ ਨਾਮ ਵੀ ਸਾਹਮਣੇ ਆ ਗਿਆ ਹੈ। ਇਸ ਅਕਾਲੀ ਕੌਂਸਲਰ ਨੇ ਅਮਿਤ ਸਾਗਰ ਨਾਲ ਨੇੜਤਾ ਦੀ ਗੱਲ ਮੰਨੀ ਹੈ। ਅਮਿਤ ਸਾਗਰ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਇਸ ਸਮੇਂ ਅਦਾਲਤੀ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ। ਮਲੋਟ ਦੇ ਰਹਿਣ ਵਾਲੇ ਤੇ ਜਲ ਸਪਲਾਈ ਵਿਭਾਗ ਵਿੱਚ ਨੌਕਰੀ ਕਰ ਰਹੇ ਸਾਗਰ ਨੇ ਹੀ ਸ਼ਾਮ ਲਾਲ ਦੀ ਭੂਮਿਕਾ ਨੌਕਰੀਆਂ ਦੀ ਨਿਲਾਮੀ ਵਿੱਚ ਹੋਣ ਦਾ ਖੁਲਾਸਾ ਕੀਤਾ ਸੀ। ਡੱਡੀ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਲਾਪਤਾ ਸੀ। ਪਤਾ ਲੱਗਿਆ ਹੈ ਕਿ ਸਰਕਾਰ ਵੱਲੋਂ ਨੌਕਰੀ ਘੁਟਾਲੇ ਵਿੱਚ ਸ਼ਾਮਲ ਅਕਾਲੀ ਆਗੂਆਂ ਦੀ ਮਦਦ ਤੋਂ ਹੱਥ ਪਿਛਾਂਹ ਖਿੱਚਣ ਬਾਅਦ ਲੰਬੀ ਹਲਕੇ ਦੇ ਜਥੇਦਾਰਾਂ ਨੇ ਹੀ ਇਸ ਕੌਂਸਲਰ ਨੂੰ ਵਿਜੀਲੈਂਸ ਦੀ ਗ੍ਰਿਫਤ ਵਿੱਚ ਆਉਣ ਦੀ ਸਲਾਹ ਦਿੱਤੀ ਤੇ ਪੁਲਿਸ ਨੇ ਐਤਵਾਰ ਰਾਤੀਂ ਉਸ ਨੂੰ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਨੇ ‘ਪੈਸੇ ਦੀ ਯੋਗਤਾ’ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੋ ਤੱਥ ਸਾਹਮਣੇ ਲਿਆਂਦੇ ਸਨ, ਉਨ੍ਹਾਂ ਮੁਤਾਬਕ ਸ਼ਾਮ ਲਾਲ ਨੇ ਸਥਾਨਕ ਸਰਕਾਰਾਂ ਵਿਭਾਗ ਵਿੱਚ ਐਸਡੀਓ ਅਤੇ ਜੂਨੀਅਰ ਇੰਜਨੀਅਰ ਦੀ ਭਰਤੀ ਲਈ ਚਾਰ ਉਮੀਦਵਾਰਾਂ ਖੁਸ਼ਵੰਤ ਸਿੰਘ, ਸੁਮਿਤ ਜਿੰਦਲ, ਗੌਰਵ ਸ਼ਰਮਾ ਅਤੇ ਅਜੈ ਕੁਮਾਰ ਸ਼ਰਮਾ ਨੂੰ ਲਖਨਊ ਭੇਜਿਆ। ਇਨ੍ਹਾਂ ਉਮੀਦਵਾਰਾਂ ਨੇ ਨੌਕਰੀਆਂ ਹਾਸਲ ਕਰਨ ਲਈ 10 ਤੋਂ 30 ਲੱਖ ਰੁਪਏ ਤੱਕ ਦਾ ਚੜ੍ਹਾਵਾ ਚਾੜ੍ਹਿਆ ਸੀ। ਪੁੱਡਾ ਵਿੱਚ ਵੀ ਜੂਨੀਅਰ ਇੰਜਨੀਅਰ ਦੀ ਆਸਾਮੀ ਲਈ ਕੁੱਝ ਵਿਅਕਤੀ ਭੇਜੇ ਗਏ, ਜਿਨ੍ਹਾਂ ਮੋਟੀਆਂ ਰਕਮਾਂ ਦਿੱਤੀਆਂ। ਵਿਜੀਲੈਂਸ ਮੁਤਾਬਕ ਖੁਸ਼ਵੰਤ ਸਿੰਘ ਨੇ ਮੰਨਿਆ ਹੈ ਕਿ ਉਹ ਸ਼ਾਮ ਲਾਲ ਗੁਪਤਾ ਰਾਹੀਂ ਅਮਿਤ ਸਾਗਰ ਦੇ ਸੰਪਰਕ ਵਿੱਚ ਆਇਆ ਸੀ ਤੇ ਨੌਕਰੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਦੇਖਣ ਲਈ 30 ਲੱਖ ਰੁਪਏ ਵਿੱਚ ਸੌਦਾ ਹੋਇਆ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਕ ਪ੍ਰਭਾਵਸ਼ਾਲੀ ઠ’ਜਥੇਦਾਰ’ ਵੱਲੋਂ ਡੱਡੀ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਡੱਡੀ ਦਾ ਇਕ ਜੁਲਾਈ ਤੱਕ ਪੁਲਿਸ ਰਿਮਾਂਡ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮਲੋਟ ਦੇ ਮਿਉਂਸਿਪਲ ਕੌਂਸਲਰ ਸ਼ਾਮ ਲਾਲ ਡੱਡੀ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕਰਕੇ 1 ਜੁਲਾਈ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਮੁਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਡੱਡੀ ਨੇ 11 ਵਿਅਕਤੀਆਂ ਨੂੰ ‘ਪੈਸੇ’ ਨਾਲ ਨੌਕਰੀਆਂ ਦੇ ‘ਯੋਗ’ ਬਣਾਉਣ ਵਿਚ ਭੂਮਿਕਾ ਨਿਭਾਈ ਹੈ। ਇਸ ਅਕਾਲੀ ਕੌਂਸਲਰ ਨੇ ਪੁੱਛ ਪੜਤਾਲ ਦੌਰਾਨ ਕਿਹਾ ਕਿ ਉਸ ਨੇ ਮਹਿਜ਼ ‘ਵਿਚੋਲੇ’ ਦੀ ਭੂਮਿਕਾ ਨਿਭਾਈ ਤੇ ਨੌਕਰੀਆਂ ਬਦਲੇ ਇਕੱਠੇ ਹੋਏ ਕਰੋੜਾਂ ਰੁਪਏ ਵਿਚੋਂ ਕੁੱਝ ਨਹੀਂ ‘ਖੱਟਿਆ’। ਸ਼ਾਮ ਲਾਲ ਦੇ ਵਿਜੀਲੈਂਸ ਦੀ ਗ੍ਰਿਫ਼ਤ ਵਿਚ ਆਉਣ ਤੋਂ ਬਾਅਦ ਹਾਕਮ ਪਾਰਟੀ ਦੇ ਕਈ ਆਗੂਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਸੂਤਰਾਂ ਅਨੁਸਾਰ ਡੱਡੀ ਨੇ ਅਮਿਤ ਸਾਗਰ ਨਾਲ ਸਬੰਧ ਮੰਨੇ ਹਨ ਤੇ ਉਸ ਰਾਹੀਂ ਹੀ ਸਥਾਨਕ ਸਰਕਾਰਾਂ, ਪਨਸਪ ਅਤੇ ਪੁੱਡਾ ਵਿੱਚ ਕਈ ਵਿਅਕਤੀਆਂ ਨੂੰ ਨੌਕਰੀਆਂ ਦੇ ਯੋਗ ਬਣਾਉਣ ਦਾ ਕੰਮ ਕੀਤਾ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …