ਅੰਮ੍ਰਿਤਸਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਹੱਦ ਤੋਂ ਨਸ਼ਿਆਂ ਦੀ ਤਸਕਰੀ ਅਤੇ ਘੁਸਪੈਠ ਰੋਕਣ ਲਈ ਇੱਥੇ ਵੀ ਜੰਮੂ-ਕਸ਼ਮੀਰ ਸੂਬੇ ਵਾਂਗ ਵਧੇਰੇ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ। ਬਾਦਲ ਇੱਥੇ ਰਾਜਾਸਾਂਸੀ ਹਲਕੇ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਲਈ ਆਏ ਸਨ। ਪਿੰਡ ਮਾਨਾਂਵਾਲਾ, ਸੌੜੀਆਂ, ਲੋਪੋਕੇ ਤੇ ਹੋਰਨਾਂ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਇਸ ਵੇਲੇ ਦੇਸ਼ ਵਿਰੋਧੀ ਤਾਕਤਾਂ ਦੇ ਨਿਸ਼ਾਨੇ ‘ਤੇ ਹੈ। ਪਠਾਨਕੋਟ ਅਤੇ ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਸਾਬਤ ਕਰ ਚੁੱਕੇ ਹਨ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਰਾਹੀਂ ਦੇਸ਼ ਦੇ ਅਮਨ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਸਰਹੱਦ ਨੂੰ ਜੰਮੂ-ਕਸ਼ਮੀਰ ਸੂਬੇ ਵਾਂਗ ਮੰਨਦਿਆਂ ਇੱਥੇ ਵਧੇਰੇ ਚੌਕਸੀ ਤੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਘੁਸਪੈਠ ਤੇ ਤਸਕਰੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਆਪਣੇ ਪਧਰ ‘ਤੇ ਸਰਹੱਦ ਦੇ ਨਾਲ-ਨਾਲ ਦੂਜੀ ਸੁਰੱਖਿਆ ਕਤਾਰ ਬਣਾਉਣ ਲਈ ਯਤਨਸ਼ੀਲ ਹੈ। ਇਸ ਵਾਸਤੇ ਕੇਂਦਰ ਸਰਕਾਰ ਨੂੰ ਸੂਬੇ ਦੀ ਪੁਲਿਸ ਦਾ ਆਧੁਨਿਕੀਕਰਨ ਕਰਨ ਲਈ ਵਧੇਰੇ ਮਾਇਕ ਮੱਦਦ ਮੁਹਈਆ ਕਰਨੀ ਚਾਹੀਦੀ ਹੈ। ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਸੂਬੇ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਸਰਕਾਰ ਨੇ ਨਸ਼ਾ ਤਸਕਰਾਂ ਖ਼ਿਲਾਫ਼ ਪਹਿਲਾਂ ਹੀ ਸਖ਼ਤੀ ਕੀਤੀ ਹੈ ਅਤੇ ਨਸ਼ੇੜੀਆਂ ਲਈ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਹੋਰਨਾਂ ਰਾਜਾਂ ਨਾਲੋਂ ਘੱਟ ਹੈ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …