ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਭਾਈ ਰਸਮ; ਮਾਰਚ ਦੇ ਅਖੀਰ ਤੱਕ ਉਡਾਣਾਂ ਸ਼ੁਰੂ ਹੋਣ ਦੀ ਉਮੀਦ
ਜਲੰਧਰ/ਬਿਊਰੋ ਨਿਊਜ਼ : ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਭਾਰਤ ਭਰ ਦੇ 14 ਹੋਰ ਹਵਾਈ ਅੱਡਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਇਸ ਕਾਰਨ ਇੱਥੋਂ ਮੁੜ ਉਡਾਣਾਂ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਦੱਸਣਾ ਬਣਦਾ ਹੈ ਕਿ ਇਥੋਂ ਕਰੋਨਾ ਮਹਾਮਾਰੀ ਤੋਂ ਬਾਅਦ ਉਡਾਣਾਂ ਬੰਦ ਹੋਈਆਂ ਸਨ।
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਤੇ ਅਸ਼ੋਕ ਮਿੱਤਲ ਅਤੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਸੂਬੇ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸਮਾਗਮ ਵਿੱਚ ਆਉਣਾ ਸੀ ਪਰ ਉਹ ਨਹੀਂ ਆਏ।
ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਮਾਰਚ ਦੇ ਅੰਤ ਤੱਕ ਹਵਾਈ ਅੱਡੇ ‘ਤੇ ਉਡਾਣਾਂ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਹਵਾਈ ਅੱਡੇ ਤੋਂ ਦਿੱਲੀ ਅਤੇ ਮੁੰਬਈ ਅਤੇ ਕੁਝ ਜੈਪੁਰ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ।
ਆਦਮਪੁਰ ਏਅਰਪੋਰਟ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਏਅਰਲਾਈਨ ਸਪਾਈਸ ਜੈੱਟ ਅਤੇ ਸਟਾਰ ਇੰਡੀਆ ਤੋਂ ਉਡਾਣਾਂ ਮੁੜ ਸ਼ੁਰੂ ਕਰਨ ਲਈ ਮਤੇ ਪ੍ਰਾਪਤ ਹੋਏ ਹਨ ਤੇ ਮਾਰਚ ਦੇ ਅੰਤ ਤੱਕ ਮੁੜ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹਿੰਡਨ ਹਵਾਈ ਅੱਡੇ ਤੱਕ ਪਹਿਲੀ ਉਡਾਣ ਹੋ ਸਕਦੀ ਹੈ ਜਿਸ ਦੀ ਕੁਝ ਕਾਗਜ਼ੀ ਕਾਰਵਾਈ ਬਾਕੀ ਹਨ ਤੇ ਇਸ ਨੂੰ ਜਲਦੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ।
ਉਦਘਾਟਨੀ ਸਮਾਗਮ ਦੌਰਾਨ ਸੰਸਦ ਮੈਂਬਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਸ਼ੋਕ ਮਿੱਤਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ।
ਨਵੀਂ ਟਰਮੀਨਲ ਇਮਾਰਤ ‘ਚ 300 ਯਾਤਰੀਆਂ ਦੀ ਸਹੂਲਤ
ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਖੇਤਰਫਲ 5000 ਵਰਗ ਮੀਟਰ ਹੈ। ਇਸ ਹਵਾਈ ਅੱਡੇ ‘ਤੇ ਇਕੋ ਸਮੇਂ 300 ਯਾਤਰੀਆਂ ਦੀ ਸਮਰੱਥਾ ਹੈ। ਨਵੀਂ ਟਰਮੀਨਲ ਇਮਾਰਤ ਵਿੱਚ ਇੰਸੂਲੇਟਿਡ ਰੂਫਿੰਗ ਸਿਸਟਮ, ਸੋਲਰ ਪੈਨਲ, ਰੋਸ਼ਨੀ, ਰੇਨ ਵਾਟਰ ਹਾਰਵੈਸਟਿੰਗ ਅਤੇ ਐਸਟੀਪੀ ਆਦਿ ਸ਼ਾਮਲ ਹਨ। ਹਵਾਈ ਅੱਡੇ ਵਿੱਚ ਸਿੰਗਲ ਰਨਵੇਅ ਹੈ। ਯਾਤਰੀਆਂ ਦੀ ਸਹੂਲਤ ਲਈ 8 ਚੈੱਕ-ਇਨ ਕਾਊਂਟਰ, 2 ਐਕਸ-ਰੇਅ ਸਕੈਨਰ ਮਸ਼ੀਨਾਂ, 2 ਕਨਵੇਅਰ ਬੈਲਟਸ ਸ਼ਾਮਿਲ ਹਨ। ਟਰਮੀਨਲ ਅੰਦਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਂਟਿੰਗਾਂ ਲਾਈਆਂ ਗਈਆਂ ਹਨ।

