ਕਿਹਾ : ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਦਲ ਬਦਲੂਆਂ ਦਾ ਹੋਇਆ ਬੋਲਬਾਲਾ
ਮਾਛੀਵਾੜਾ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਮਾਛੀਵਾੜਾ ਵਿਚ ਕਿਹਾ ਕਿ ਦਲ ਬਦਲੂਆਂ ਦਾ ਕੋਈ ਆਧਾਰ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਨੇ ਆਪਣਾ ਵਪਾਰ ਚਲਾਉਣ ਲਈ ਸੱਤਾ ਧਿਰ ਨਾਲ ਸਾਂਝ ਪਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਇਨ੍ਹਾਂ ਦਲ-ਬਦਲੂਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸ਼ਮਸ਼ੇਰ ਦੂਲੋਂ ਪਿੰਡ ਉਧੋਵਾਲ ਵਿੱਚ ਆਪਣੇ ਪੁਰਾਣੇ ਸਾਥੀ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਉਧੋਵਾਲ ਦੀ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਦਲ ਬਦਲੂ ਆਉਣੇ ਸ਼ੁਰੂ ਹੋਏ, ਜਿਸ ਕਾਰਨ ਪਾਰਟੀ ਨੂੰ 2022 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਵੇਲੇ ਰਾਜ ਕਰਨ ਵਾਲੇ ਅੱਜ ਮੁੜ ਦੂਜੀਆਂ ਪਾਰਟੀਆਂ ਨਾਲ ਜਾ ਰਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਟਕਸਾਲੀ ਤੇ ਪਾਰਟੀ ਹਿੱਤਾਂ ਲਈ ਕੰਮ ਕਰਨ ਵਾਲੇ ਆਗੂਆਂ ਤੇ ਵਰਕਰਾਂ ਦੀ ਪਛਾਣ ਕਰਨੀ ਚਾਹੀਦੀ ਹੈ।
ਵਿਧਾਨ ਸਭਾ ਦੇ ਸੈਸ਼ਨ ਸਬੰਧੀ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਹੱਕ ਬਣਦਾ ਹੈ ਕਿ ਉਹ ਸਰਕਾਰ ਵੱਲੋਂ ਪੂਰੇ ਨਾ ਕੀਤੇ ਗਏ ਵਾਅਦਿਆਂ ‘ਤੇ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਪਰ ਮੁੱਖ ਮੰਤਰੀ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਮਰਿਆਦਾ ਦਾ ਉਲੰਘਣ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਪੀਕਰ ਨੂੰ ਇਸ ਗੱਲ ਦਾ ਨੋਟਿਸ ਲੈ ਕੇ ਮੁੱਖ ਮੰਤਰੀ ਤੋਂ ਮੁਆਫ਼ੀ ਮੰਗਵਾਉਣੀ ਚਾਹੀਦੀ ਸੀ।