ਕਿਹਾ : ਪੰਜਾਬੀਆਂ ਦੇ ਕਾਰਨ ਹੀ ਆਇਆ ਰਿਪਬਲਿਕ ਡੇਅ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਅਤੇ ਚੰਡੀਗੜ੍ਹ ਵੀ ਵਿਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਲ ਨੇ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗਰਾਊਂਡ ਵਿਚ ਹੋਏ ਸਰਕਾਰੀ ਸਮਾਗਮ ਦੌਰਾਨ ਤਿਰੰਗਾ ਲਹਿਰਾਇਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਰਿਪਬਲਿਕ ਡੇਅ ਪੰਜਾਬੀਆਂ ਕਾਰਨ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹੀ ਲੜਾਈਆਂ ਲੜੀਆਂ ਅਤੇ ਸ਼ਹਾਦਤਾਂ ਦਿੱਤੀਆਂ ਹਨ ਤਾਂ ਜਾ ਕੇ ਇਹ ਰਿਪਬਲਿਕ ਡੇਅ ਆਇਆ। ਇਸੇ ਲਈ ਹੀ ਅਸੀਂ ਰਿਪਬਲਿਕ ਡੇਅ ਖਾਸ ਤੌਰ ’ਤੇ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਅਤੇ 15 ਅਗਸਤ ਦੇ ਮੌਕੇ ’ਤੇ ਪੰਜਾਬ ਦੀਆਂ ਝਾਕੀਆਂ ਨੂੰ ਕੇਂਦਰ ਸਰਕਾਰ ਵਲੋਂ ਰੱਦ ਕਰ ਦਿੱਤਾ ਜਾਂਦਾ ਹੈ। ਧਿਆਨ ਰਹੇ ਕਿ ਅੱਜ ਗਣਤੰਤਰ ਦਿਵਸ ਮੌਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਤਿਰੰਗਾ ਲਹਿਰਾਇਆ। ਇਸੇ ਤਰ੍ਹਾਂ ਅੱਜ ਗਣਤੰਤਰ ਦਿਵਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ, ਮੰਤਰੀ ਬਲਕਾਰ ਸਿੰਘ ਨੇ ਮੋਗਾ, ਮੰਤਰੀ ਅਮਨ ਅਰੋੜਾ ਨੇ ਅੰਮਿ੍ਰਤਸਰ, ਮੰਤਰੀ ਲਾਲ ਚੰਦ ਕਟਾਰੂਚੱਕ ਨੇ ਫਰੀਦਕੋਟ, ਮੰਤਰੀ ਡਾ. ਬਲਬੀਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮਾਨਸਾ, ਮੰਤਰੀ ਮੀਤ ਹੇਅਰ ਨੇ ਹੁਸੈਨੀਵਾਲਾ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਨੇ ਗੁਰਦਾਸਪੁਰ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਏ ਸਮਾਗਮਾਂ ਦੌਰਾਨ ਮੰਤਰੀਆਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।