
ਚੰਡੀਗੜ੍ਹ/ਬਿਊਰੋ ਨਿਊਜ਼
ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਨ੍ਹਾਂ ਵਿਚ 5 ਹਸਤੀਆਂ ਨੂੰ ਪਦਮ ਵਿਭੂਸ਼ਣ, 17 ਨੂੰ ਪਦਮ ਭੂਸ਼ਣ ਅਤੇ 110 ਹਸਤੀਆਂ ਨੂੰ ਪਦਮਸ੍ਰੀ ਪੁਰਸਕਾਰ ਦਿੱਤੇ ਜਾਣਗੇ। ਅਦਾਕਾਰਾ ਵੈਜੰਤੀ ਮਾਲਾ ਅਤੇ ਵੈਂਕਈਆ ਨਾਇਡੂ ਨੂੰ ਪਦਮ ਵਿਭੂਸ਼ਣ ਅਤੇ ਮਿਥੁਨ ਚੱਕਰਵਰਤੀ ਤੇ ਊਸ਼ਾ ਉਧੁਪ ਦਾ ਨਾਮ ਪਦਮ ਭੂਸ਼ਣ ਐਵਾਰਡ ਲਈ ਚੁਣਿਆ ਗਿਆ ਹੈ। 2024 ਦੇ ਲਈ ਪਦਮਸ੍ਰੀ ਪੁਰਸਕਾਰ ਅਜਿਹੇ ਵਿਅਕਤੀਆਂ ਨੂੰ ਦਿੱਤਾ ਜਾ ਰਿਹਾ ਹੈ, ਜੋ ਅਜੇ ਤੱਕ ਗੁੰਮਨਾਮ ਸਨ। ਇਨ੍ਹਾਂ ਵਿਚ ਅਸਾਮ ਦੀ ਰਹਿਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਮਹਾਵਤ ਪਾਰਵਤੀ ਬਰੂਆ ਅਤੇ ਜਾਗੇਸ਼ਵਰ ਯਾਦਵ ਦਾ ਨਾਮ ਵੀ ਸ਼ਾਮਲ ਹੈ। ਇਸੇ ਦੌਰਾਨ ਪੰਜਾਬ ਦੇ ਦੋ ਵੱਡੇ ਕਲਾਕਾਰਾਂ ਦੀ ਚੋਣ ਇਸ ਸਾਲ ਦਿੱਤੇ ਜਾਣ ਵਾਲੇ ਪਦਮਸ੍ਰੀ ਐਵਾਰਡਾਂ ਲਈ ਕੀਤੀ ਗਈ ਹੈ। ਇਹਨਾਂ ਕਲਾਕਾਰਾਂ ਵਿਚ ਨਿਰਮਲ ਰਿਸ਼ੀ ਪ੍ਰਸਿੱਧ ਫਿਲਮੀ ਹਸਤੀ ਹਨ ਜਦੋਂ ਕਿ ਪਰਾਣ ਸੱਭਰਵਾਲ ਉਘੇ ਥੀਏਟਰ ਆਰਟਿਸਟ ਹਨ।