ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਅੰਦੋਲਨ ਕਰ ਰਹੇ ਪੰਜਾਬ ਦੇ ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ ਅਤੇ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਵੀ ਰੋਕੀਆਂ ਜਾਣਗੀਆਂ। ਇਹ ਐਲਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਬਠਿੰਡਾ ਵਿਚ ਕੀਤਾ। ਪੰਧੇਰ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਖਨੌਰੀ ਤੇ ਸ਼ੰਭੂ ਦੇ ਬਾਰਡਰ ’ਤੇ ਹੀ ਅੰਦੋਲਨ ਚਲਾਉਣਗੇ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਿਸਾਨ ਉਸ ਦਿਨ ਦਿੱਲੀ ਪਹੁੰਚਣਗੇ। ਪੰਜਾਬ ਵਿਚ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 6 ਮਾਰਚ ਨੂੰ ਹਰਿਆਣਾ-ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਕਿਸਾਨ ਆਪਣੇ-ਆਪਣੇ ਤਰੀਕਿਆਂ ਨਾਲ ਦਿੱਲੀ ਪਹੁੰਚਣ। ਪੰਧੇਰ ਨੇ ਕਿਹਾ ਕਿ ਅੱਜ ਤੱਕ ਦੇ ਇਤਿਹਾਸ ਵਿਚ ਕਦੇ ਵੀ ਕਿਸੇ ਅੰਦੋਲਨ ’ਤੇ ਡਰੋਨ ਦਾ ਇਸਤੇਮਾਲ ਨਹੀਂ ਹੋਇਆ, ਪਰ ਹੁਣ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਡਰੋਨ ਰਾਹੀਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਨੂੰ ਪਾਕਿਸਤਾਨ ਤੇ ਚੀਨ ਦਾ ਬਾਰਡਰ ਬਣਾ ਦਿੱਤਾ ਹੈ।