ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਅੱਜ ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ ਲੁਧਿਆਣਾ ਪਹੁੰਚੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਲਾਟਰੀ ਸਿਸਟਮ ਨਾਲ ਚਰਨਜੀਤ ਸਿੰਘ ਚੰਨੀ ਨੂੰ ਨੇਤਾ ਚੁਣਿਆ ਹੈ। ਧਿਆਨ ਰਹੇ ਕਿ ਕਾਂਗਰਸ ਹਾਈਕਮਾਨ ਨੇ ਕੁਝ ਦਿਨ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਚ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਸਮਿ੍ਰਤੀ ਈਰਾਨੀ ਨੇ ਨਵਜੋਤ ਸਿੰਘ ਸਿੱਧੂ ਦੇ ਸੀਐਮ ਚਿਹਰਾ ਨਾ ਬਣਨ ’ਤੇ ਤਨਜ ਵੀ ਕਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੁਸ਼ਮਣ ਫੌਜ ਨੂੰ ਗਲੇ ਲਗਾਉਣ ਵਾਲੇ ਨੂੰ ਪੰਜਾਬ ਵਿਚ ਪਾਰਟੀ ਦਾ ਪ੍ਰਧਾਨ ਬਣਾਇਆ ਹੋਇਆ ਹੈ।
ਸਮਿ੍ਰਤੀ ਈਰਾਨੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿਚ ਇਹੀ ਫਰਕ ਹੈ ਕਿ ਕਾਂਗਰਸ ਵਿਚ ਇਕ ਵਿਸ਼ੇਸ਼ ਖਾਨਦਾਨ ਨੇਤਾ ਚੁਣਦਾ ਹੈ। ਭਾਜਪਾ ਵਿਚ ਜਨਤਾ ਚੁਣੇਗੀ ਕਿ ਸਾਡਾ ਨੇਤਾ ਕੌਣ ਹੋਵੇਗਾ। ਸਮਿ੍ਰਤੀ ਨੇ ਕਿਹਾ ਕਿ ਕਾਂਗਰਸ ਲਈ ਪਰਿਵਾਰ ਹੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਭਾਰਤ ਦੇ ਟੁਕੜੇ ਟੁਕੜੇ ਕਰਨ ਦਾ ਨਾਅਰੇ ਦੇਣ ਵਾਲਿਆਂ ਦਾ ਸਮਰਥਨ ਕਰਦੇ ਹਨ। ਸਮਿ੍ਰਤੀ ਈਰਾਨੀ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮੋਦੀ ਸਰਕਾਰ ਨੇ ਹੀ ਸਜ਼ਾ ਦਿੱਤੀ ਹੈ।