Breaking News
Home / ਪੰਜਾਬ / ਸਾਬਕਾ ਕਾਂਗਰਸੀ ਵਿਧਾਇਕ ਕੋਟਭਾਈ ਸਣੇ ਛੇ ਖਿਲਾਫ ਠੱਗੀ ਦੇ ਆਰੋਪ ਤਹਿਤ ਕੇਸ

ਸਾਬਕਾ ਕਾਂਗਰਸੀ ਵਿਧਾਇਕ ਕੋਟਭਾਈ ਸਣੇ ਛੇ ਖਿਲਾਫ ਠੱਗੀ ਦੇ ਆਰੋਪ ਤਹਿਤ ਕੇਸ

ਪਰਲਜ਼ ਚਿੱਟ ਫੰਡ ਘੁਟਾਲੇ ਦਾ ਮਾਮਲਾ
ਲੁਧਿਆਣਾ/ਬਿਊਰੋ ਨਿਊਜ਼ : ਪਰਲਜ਼ ਚਿੱਟ ਫੰਡ ਘੁਟਾਲੇ ‘ਚ ਮੁੱਖ ਮੁਲਜ਼ਮ ਨਿਰਮਲ ਸਿੰਘ ਭੰਗੂ ਨੂੰ ਜ਼ਮਾਨਤ ‘ਤੇ ਬਾਹਰ ਲਿਆਉਣ ਤੋਂ ਬਾਅਦ ਕੇਸ ਖਾਰਜ ਕਰਵਾਉਣ ਬਦਲੇ ਸਾਢੇ ਤਿੰਨ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪ ‘ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਕੋਟਭਾਈ ਤੋਂ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਣੇ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਇਹ ਮਾਮਲਾ ਨਿਰਮਲ ਸਿੰਘ ਭੰਗੂ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਜਿਸ ਵਿਚ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਜੀਵਨ ਸਿੰਘ ਵਾਸੀ ਗਿੱਦੜਬਾਹਾ, ਦਲੀਪ ਕੁਮਾਰ ਤ੍ਰਿਪਾਠੀ ਵਾਸੀ ਕਾਨਪੁਰ ਰੋਡ, ਲਖਨਊ, ਸੰਜੈ ਸ਼ਰਮਾ ਫਰੀਦਾਬਾਦ ਹਰਿਆਣਾ, ਸਈਅਦ ਪਰਵੇਜ਼ ਵਾਸੀ ਲਖਨਊ ਤੇ ਗਿੱਦੜਬਾਹਾ ਦੇ ਧਰਮਵੀਰ ਨੂੰ ਨਾਮਜ਼ਦ ਕੀਤਾ ਹੈ।
ਪੁਲਿਸ ਨੇ ਇਸ ਮਾਮਲੇ ‘ਚ ਜੀਵਨ ਸਿੰਘ, ਧਰਮਵੀਰ ਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਮੁਲਜ਼ਮ ਹਾਲੇ ਫਰਾਰ ਹਨ। ਸ਼ਿਕਾਇਤ ਅਨੁਸਾਰ ਨਿਰਮਲ ਸਿੰਘ ਭੰਗੂ ਪਰਲਜ਼ ਚਿੱਟ ਐਂਡ ਫੰਡ ਘੁਟਾਲੇ ਤਹਿਤ ਤਿਹਾੜ ਜੇਲ੍ਹ ‘ਚ ਬੰਦ ਹੈ। ਉਹ ਕਾਫ਼ੀ ਸਮੇਂ ਤੋਂ ਜ਼ਮਾਨਤ ਲੈਣ ਲਈ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਜ਼ਮਾਨਤ ਨਹੀਂ ਮਿਲੀ।
ਨਿਰਮਲ ਸਿੰਘ ਕਿਸੇ ਮਾਮਲੇ ‘ਚ ਬਠਿੰਡਾ ਜੇਲ੍ਹ ‘ਚ ਵੀ ਬੰਦ ਰਿਹਾ ਜਿੱਥੇ ਜੁਲਾਈ 2020 ਵਿੱਚ ਉਸ ਦੀ ਮੁਲਾਕਾਤ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨਾਲ ਹੋਈ ਜਿਸ ਨੇ ਨਿਰਮਲ ਸਿੰਘ ਨੂੰ ਬਾਹਰ ਕੱਢਣ ਦਾ ਝਾਂਸਾ ਦਿੰਦਿਆਂ ਕਿਹਾ ਕਿ ਉਸ ਦੇ ਉਚ ਅਧਿਕਾਰੀਆਂ ਨਾਲ ਚੰਗੇ ਸਬੰਧ ਹਨ ਤੇ ਉਹ ਉਸ ਦੀ ਜ਼ਮਾਨਤ ਕਰਵਾ ਸਕਦਾ ਹੈ ਤੇ ਬਾਅਦ ‘ਚ ਮਾਮਲਾ ਰੱਦ ਕਰਵਾ ਦੇਵੇਗਾ ਜਿਸ ਲਈ ਪੰਜ ਕਰੋੜ ਰੁਪਏ ਲੱਗਣਗੇ। ਨਿਰਮਲ ਸਿੰਘ ਨੇ ਆਪਣੇ ਰਿਸ਼ਤੇਦਾਰ ਸ਼ਿੰਦਰ ਸਿੰਘ ਨੂੰ ਸਾਢੇ 3 ਕਰੋੜ ਰੁਪਏ ਪਹਿਲਾਂ ਤੇ ਡੇਢ ਕਰੋੜ ਰੁਪਏ ਕੰਮ ਹੋਣ ‘ਤੇ ਦੇਣ ਲਈ ਕਿਹਾ। ਇਸ ਤੋਂ ਬਾਅਦ ਸ਼ਿੰਦਰ ਨੇ ਸ਼ਹਿਰ ਦੇ ਇੱਕ ਵਿਅਕਤੀ ਤੋਂ ਸਾਢੇ ਤਿੰਨ ਕਰੋੜ ਰੁਪਏ ਵਿਆਜ ‘ਤੇ ਚੁੱਕ ਲਏ।
ਸਾਬਕਾ ਵਿਧਾਇਕ ਦੇ ਇੱਕ ਸਾਥੀ ਨੇ ਵੱਖ-ਵੱਖ ਖਾਤਿਆਂ ‘ਚ ਪੈਸੇ ਪਾਉਣ ਲਈ ਆਖਿਆ।
ਇਸ ਮਗਰੋਂ ਸ਼ਿੰਦਰ ਨੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਜਿਨ੍ਹਾਂ ਕੰਪਨੀਆਂ ‘ਚ ਪੈਸੇ ਟਰਾਂਸਫਰ ਕਰਵਾਏ ਸਨ, ਉਹ ਫਰਜ਼ੀ ਹਨ। ਇਸ ਤੋਂ ਬਾਅਦ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ।

ਪੰਜਾਬ ਸਰਕਾਰ ਪਰਲ ਕੰਪਨੀ ਦੀ ਪ੍ਰਾਪਰਟੀ ਆਪਣੇ ਕਬਜ਼ੇ ‘ਚ ਲਵੇਗੀ
ਸੀਐਮ ਮਾਨ ਨੇ ਕਿਹਾ : ‘ਪਰਲ’ ਦੀ ਸੰਪਤੀ ਨਿਲਾਮ ਕਰਕੇ ਧੋਖੇ ਦਾ ਸ਼ਿਕਾਰ ਹੋਏ ਲੋਕਾਂ ਦੇ ਦਿਆਂਗੇ ਪੈਸੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਚਿੱਟ ਫੰਡ ਕੰਪਨੀ ਪਰਲ ਦੀ ਪੰਜਾਬ ਵਿਚ ਮੌਜੂਦ ਸਾਰੀ ਪ੍ਰਾਪਰਟੀ ਨੂੰ ਆਪਣੇ ਕਬਜ਼ੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਵਲੋਂ ਕਾਨੂੰਨੀ ਕਾਰਵਾਈ ਪੂਰੀ ਕਰਕੇ ਕਰੋੜਾਂ ਰੁਪਏ ਦੀ ਸੰਪਤੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਜਾਵੇਗਾ। ਸੀਐਮ ਪੰਜਾਬ ਭਗਵੰਤ ਮਾਨ ਨੇ ਇਸ ਸਬੰਧੀ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪਰਲ ਕੰਪਨੀ ਦੀ ਸਾਰੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਧੋਖੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਵਾਪਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਫੈਸਲਾ ਵੀ ਲੈ ਚੁੱਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਰਲ ਗਰੁੱਪ ‘ਤੇ ਆਰੋਪ ਹੈ ਕਿ ਉਸ ਨੇ ਦੇਸ਼ ਵਿਚ ਕਰੀਬ 5.50 ਕਰੋੜ ਵਿਅਕਤੀਆਂ ਕੋਲੋਂ ਪ੍ਰਾਪਰਟੀ ਵਿਚ ਨਿਵੇਸ਼ ਕਰਵਾਇਆ। ਇਸ ਨਾਲ ਕਰੀਬ 60 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ, ਪਰ ਨਿਵੇਸ਼ਕਾਂ ਨੂੰ ਫਰਜ਼ੀ ਅਲਾਟਮੈਂਟ ਲੈਟਰ ਦੇ ਕੇ ਕੰਪਨੀ ਵਲੋਂ ਪੈਸਾ ਹੜੱਪ ਲਿਆ ਗਿਆ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹਿੰਦੇ ਸਮੇਂ ਵੀ ਪਰਲ ਗਰੁੱਪ ਦੀ ਧੋਖਾਧੜੀ ਦਾ ਮਾਮਲਾ ਸੰਸਦ ਵਿਚ ਉਠਾਇਆ ਸੀ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …