Breaking News
Home / ਪੰਜਾਬ / ਵੱਡੀਆਂ ਜ਼ਮੀਨਾਂ, ਰੇਤੇ ਦੀਆਂ ਖੱਡਾਂ ਅਤੇ ਘੋੜਿਆਂ ਤੱਕ ਫੈਲੇ ਕਿੱਕੀ ਦੇ ਕਾਰੋਬਾਰ

ਵੱਡੀਆਂ ਜ਼ਮੀਨਾਂ, ਰੇਤੇ ਦੀਆਂ ਖੱਡਾਂ ਅਤੇ ਘੋੜਿਆਂ ਤੱਕ ਫੈਲੇ ਕਿੱਕੀ ਦੇ ਕਾਰੋਬਾਰ

ਫਰੀਦਕੋਟ ਸਥਿਤ ਰਿਹਾਇਸ਼ ‘ਚ ਸੁੰਨ ਪੱਸਰੀ; ਮਰਸਿਡੀਜ਼ ਕਾਰਾਂ ਤੋਂ ਮਹਿੰਗੇ ਰੱਖੇ ਹਨ ਘੋੜੇ
ਫਰੀਦਕੋਟ/ਬਿਊਰੋ ਨਿਊਜ਼ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿੱਕੀ ਢਿੱਲੋਂ ਦੇ ਘਰ ਸੰਨਾਟਾ ਪਸਰ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਨਹੀਂ ਹਨ। ਇਹ ਦੋਵੇਂ ਸਾਥੀ ਵਿਧਾਇਕ ਦੇ ਬੇਹੱਦ ਕਰੀਬੀ ਹਨ। ਕਾਂਗਰਸੀ ਆਗੂ ਨੇ ਇਨ੍ਹਾਂ ਦੋਹਾਂ ਦੇ ਨਾਂ ‘ਤੇ ਕਾਰੋਬਾਰ ਚਲਾਏ ਹੋਏ ਸਨ।
ਵਿਜੀਲੈਂਸ ਪਿਛਲੇ ਪੰਜ ਮਹੀਨਿਆਂ ਤੋਂ ਸਾਬਕਾ ਵਿਧਾਇਕ ਖਿਲਾਫ ਪਿਛਲੇ ਪੰਜਾਂ ਸਾਲਾਂ ਦੌਰਾਨ ਬਣਾਈ ਜਾਇਦਾਦ ਦੀ ਪੜਤਾਲ ਕਰ ਰਹੀ ਸੀ। ਵਿਜੀਲੈਂਸ ਨੇ ਆਪਣੀ ਪੜਤਾਲ ‘ਚ ਖ਼ੁਲਾਸਾ ਕੀਤਾ ਹੈ ਕਿ ਸਾਬਕਾ ਵਿਧਾਇਕ ਨੇ ਪਿੰਡ ਮੁਮਾਰਾ ਵਿੱਚ 70 ਏਕੜ ਜ਼ਮੀਨ ਗੁਰਸੇਵਕ ਸਿੰਘ ਦੇ ਨਾਂ ‘ਤੇ ਖ਼ਰੀਦੀ ਸੀ ਅਤੇ ਇਸ ਤੋਂ ਇਲਾਵਾ ਵਿਧਾਇਕ ਵੱਲੋਂ ਰੇਤੇ ਦੀਆਂ ਖੱਡਾਂ ਠੇਕੇ ‘ਤੇ ਲੈ ਕੇ ਵੀ ਚਲਾਈਆਂ ਜਾ ਰਹੀਆਂ ਸਨ। ਕੁਸ਼ਲਦੀਪ ਸਿੰਘ ਢਿੱਲੋਂ ਰੀਅਲ ਅਸਟੇਟ ਦੇ ਨਾਲ-ਨਾਲ ਟਰਾਂਸਪੋਰਟ, ਪੈਟਰੋਲ ਪੰਪ ਅਤੇ ਹੋਰ ਵੀ ਕਾਰੋਬਾਰ ਚਲਾ ਰਹੇ ਸਨ। ਇਸ ਤੋਂ ਇਲਾਵਾ ਕੁਸ਼ਲਦੀਪ ਸਿੰਘ ਢਿੱਲੋਂ ਹੌਰਸ ਕਲੱਬ ਪੰਜਾਬ ਦੇ ਪ੍ਰਧਾਨ ਹਨ। ਉਨ੍ਹਾਂ ਕੋਲ ਸੁਰਖਾਬ ਵਰਗੇ ਮਹਿੰਗੀ ਨਸਲ ਦੇ ਘੋੜੇ ਵੀ ਹਨ, ਜਿਨ੍ਹਾਂ ਦਾ ਮੁੱਲ ਮਰਸਿਡੀਜ਼ ਕਾਰਾਂ ਦੇ ਬਰਾਬਰ ਹੈ। ਪਿਛਲੀ ਕਾਂਗਰਸ ਸਰਕਾਰ ਦੌਰਾਨ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਾਕਾਰ ਰਹਿ ਚੁੱਕੇ ਹਨ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਫਰੀਦਕੋਟ ਜ਼ਿਲ੍ਹੇ ‘ਚ ਸੈਂਕੜੇ ਕਰੋੜ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋਈ ਹੈ ਅਤੇ ਮਨਰੇਗਾ ਦੇ ਫੰਡਾਂ ‘ਚ ਵੀ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਕੇਂਦਰੀ ਟੀਮ ਇਸ ਮਾਮਲੇ ਵਿੱਚ ਪਹਿਲਾਂ ਹੀ ਬੇਨਿਯਮੀਆਂ ਨੂੰ ਉਜਾਗਰ ਕਰ ਚੁੱਕੀ ਹੈ ਅਤੇ 19 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ।
ਫ਼ਰੀਦਕੋਟ ਦੇ ‘ਆਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਢਿੱਲੋਂ ਦੀ ਗ੍ਰਿਫ਼ਤਾਰੀ ਨਾਲ ਸਪੱਸ਼ਟ ਹੋ ਗਿਆ ਹੈ ਕਿ ਫ਼ਰੀਦਕੋਟ ਜ਼ਿਲ੍ਹੇ ‘ਚ ਆਏ ਸਰਕਾਰੀ ਫੰਡਾਂ ‘ਚ ਵੱਡੇ ਪੱਧਰ ‘ਤੇ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਪਾਰਦਰਸ਼ੀ ਤਰੀਕੇ ਨਾਲ ਪੜਤਾਲ ਮੁਕੰਮਲ ਕਰਨ ਮਗਰੋਂ ਸਾਬਕਾ ਵਿਧਾਇਕ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕਾਨੂੰਨ ਅਨੁਸਾਰ ਹੀ ਕਾਰਵਾਈ ਹੋਵੇਗੀ।
ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ: ਕਾਂਗਰਸ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਜਸਵਿੰਦਰ ਸਿੰਘ ਸਿੱਖਾਂਵਾਲਾ ਨੇ ਕਿਹਾ ਕਿ ਕੁਸ਼ਲਦੀਪ ਸਿੰਘ ਢਿੱਲੋਂ ਖਿਲਾਫ ਦਰਜ ਕੀਤਾ ਗਿਆ ਕੇਸ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ।
ਨਿਊ ਚੰਡੀਗੜ੍ਹ ਵਿਚਲਾ ਵਿਲਾ ਚਰਚਾ ‘ਚ ਰਿਹਾ
ਕੁਰਾਲੀ : ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਉਸਾਰੀ ਅਧੀਨ ਫਾਰਮ ਵਿਲਾ ਪਿਛਲੇ ਅਰਸੇ ਤੋਂ ਚਰਚਾ ਵਿੱਚ ਰਿਹਾ ਹੈ। ‘ਆਪ’ ਸਰਕਾਰ ਆਉਣ ਤੋਂ ਲੈ ਕੇ ਇਸ ਆਲੀਸ਼ਾਨ ਵਿਲਾ ‘ਤੇ ਵਿਜੀਲੈਂਸ ਦੀ ਨਜ਼ਰ ਸੀ। ਚੰਡੀਗੜ੍ਹ ਦੀ ਜੂਹ ਵਿੱਚ ਵਸਾਏ ਨਿਊ ਚੰਡੀਗੜ੍ਹ ਖੇਤਰ ਦੇ ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਇਹ ਵਿਲਾ ਕਰੀਬ ਡੇਢ ਏਕੜ ਵਿੱਚ ਉਸਾਰਿਆ ਜਾ ਰਿਹਾ ਹੈ। ਵਿਜੀਲੈਂਸ ਦੀ ਇਸ ਦੀ ਕਈ ਵਾਰ ਗਿਣਤੀ ਮਿਣਤੀ ਕਰ ਚੁੱਕੀ ਹੈ।
ਲੋਕ ਸਭਾ ਮੈਂਬਰ ਰਤਨ ਲਾਲ ਕਟਾਰੀਆ ਦਾ ਦੇਹਾਂਤ
ਚੰਡੀਗੜ੍ਹ : ਹਰਿਆਣਾ ਦੇ ਅੰਬਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਅੱਜ ਵੀਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਸੰਖੇਪ ਬਿਮਾਰੀ ਦੇ ਚਲਦਿਆਂ ਰਤਨ ਲਾਲ ਕਟਾਰੀਆ ਨੂੰ ਲੰਘੇ ਦਿਨੀਂ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਤਨ ਲਾਲ ਕਟਾਰੀਆ ਦਾ ਜਨਮ 19 ਦਸੰਬਰ 1951 ਨੂੰ ਯਮੁਨਾਨਗਰ ਦੇ ਪਿੰਡ ਸੰਧਲੀ ਵਿਖੇ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਬੰਤੋ ਕਟਾਰੀਆ, ਪੁੱਤਰ ਅਤੇ ਦੋ ਬੇਟੀਆਂ ਹਨ। ਉਹ 1999 ਵਿੱਚ 13ਵੀਂ ਲੋਕ ਸਭਾ ਅਤੇ ਫਿਰ 2014 ਵਿੱਚ 16ਵੀਂ ਲੋਕ ਸਭਾ ਅਤੇ 2019 ਵਿੱਚ 17ਵੀਂ ਲੋਕ ਸਭਾ ਦੌਰਾਨ ਅੰਬਾਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣੇ। ਮਈ 2019 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਸਸ਼ਕਤੀਕਰਨ ਦੇ ਕੇਂਦਰੀ ਮੰਤਰੀ ਰਹੇ।

 

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …