Breaking News
Home / ਪੰਜਾਬ / ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਖਿਲਾਫ ਵੀ ਵਿਜੀਲੈਂਸ ਨੇ ਕੀਤੀ ਕਾਰਵਾਈ

ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਖਿਲਾਫ ਵੀ ਵਿਜੀਲੈਂਸ ਨੇ ਕੀਤੀ ਕਾਰਵਾਈ

ਆਮਦਨ ਦੇ ਵਸੀਲਿਆਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਿੱਕੀ ਢਿੱਲੋਂ ਦੀ ਹੋਈ ਗ੍ਰਿਫ਼ਤਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਪਣੀ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿੱਚ ਉਨ੍ਹਾਂ ਦੇ ਦੋ ਸਾਥੀਆਂ ਖਿਲਾਫ ਵੀ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਿਊਰੋ ਮੁਤਾਬਕ ਸਾਬਕਾ ਵਿਧਾਇਕ ਦੀ ਸਾਰੀ ਚੱਲ ਅਤੇ ਅਚੱਲ ਜਾਇਦਾਦ ਦਾ ਮੁਲਾਂਕਣ ਕਰਨ ਲਈ ਵਿਜੀਲੈਂਸ ਨੇ 1 ਅਪਰੈਲ 2017 ਤੋਂ 31 ਮਾਰਚ 2022 ਤੱਕ (ਪੰਜ ਸਾਲ) ਭਾਵ ਕਾਂਗਰਸ ਦੇ ਕਾਰਜਕਾਲ ਨੂੰ ਇਸ ਜਾਂਚ ਦੀ ਮਿਆਦ ਵਜੋਂ ਨਿਰਧਾਰਤ ਕੀਤਾ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਨੇ ਆਪਣੀ ਕੁੱਲ ਆਮਦਨ ਤੋਂ ਵੱਧ ਦੌਲਤ ਬਣਾਈ ਹੈ ਅਤੇ ਪਿੰਡ ਮੁਮਾਰਾ, ਤਹਿਸੀਲ ਸਾਦਿਕ, ਜ਼ਿਲ੍ਹਾ ਫਰੀਦਕੋਟ ਵਿੱਚ ਹੋਰ ਵਿਅਕਤੀਆਂ ਦੇ ਨਾਮ ‘ਤੇ ਜਾਇਦਾਦ ਖਰੀਦੀ ਹੈ। ਇਹ ਤੱਥ ਸਾਹਮਣੇ ਵੀ ਆਏ ਹਨ ਕਿ ਕਿੱਕੀ ਢਿੱਲੋਂ ਨੇ ਆਪਣੀ ਆਮਦਨੀ ਦੇ ਜਾਣੂ ਸਰੋਤਾਂ ਨਾਲੋਂ ਲਗਭਗ 245 ਫੀਸਦ ਖਰਚ ਕੀਤਾ ਹੈ। ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿੱਚ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਹੁਣ ਤੱਕ ਕਾਂਗਰਸ ਆਗੂਆਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਨ ਆਸ਼ੂ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ, ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬ੍ਰਹਮ ਮਹਿੰਦਰਾ, ਓਮ ਪ੍ਰਕਾਸ਼ ਸੋਨੀ, ਵਿਜੈਇੰਦਰ ਸਿੰਗਲਾ, ਬਲਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਕੁਲਦੀਪ ਵੈਦ, ਮਦਨਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਕੈਪਟਨ ਸੰਦੀਪ ਸੰਧੂ, ਭਰਤਇੰਦਰ ਸਿੰਘ ਚਾਹਲ ਤੇ ਹੋਰਾਂ ਖਿਲਾਫ ਜਾਂਚ ਚੱਲ ਰਹੀ ਹੈ।
ਬਾਦਲ ਪਰਿਵਾਰ ਦਾ ਕਰੀਬੀ ਰਿਹਾ ਹੈ ਕਿੱਕੀ ਢਿੱਲੋਂ
ਫਰੀਦਕੋਟ ਨਾਲ ਸਬੰਧਤ ਕੁਸ਼ਲਦੀਪ ਸਿੰਘ ਉਰਫ ਕਿੱਕੀ ਢਿੱਲੋਂ ਸਿਆਸੀ ਤੌਰ ‘ਤੇ ਬਾਦਲ ਪਰਿਵਾਰ ਦਾ ਕਰੀਬੀ ਰਿਹਾ ਹੈ। ਕਿੱਕੀ ਢਿੱਲੋਂ ਪਹਿਲੀ ਵਾਰੀ ਫਰੀਦਕੋਟ ਤੋਂ ਆਜ਼ਾਦ ਤੌਰ ‘ਤੇ ਵਿਧਾਇਕ ਬਣਿਆ। ਉਸ ਤੋਂ ਬਾਅਦ ਸਾਲ 2010 ਵਿੱਚ ਅਕਾਲੀ ਦਲ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਨਾਲ ਜਾ ਰਲਿਆ ਸੀ ਤੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸਾਲ 2011 ਵਿੱਚ ਕਾਂਗਰਸ ‘ਚ ਸ਼ਾਮਲ ਹੋ ਗਿਆ। ਸਾਲ 2017 ‘ਚ ਉਹ ਫਰੀਦਕੋਟ ਤੋਂ ਕਾਂਗਰਸ ਦੀ ਟਿਕਟ ‘ਤੇ ਜਿੱਤਿਆ ਤੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ‘ਚੋ ਮੰਨਿਆ ਜਾਂਦਾ ਸੀ। ਪੰਜਾਬ ‘ਚ ਸੱਤਾ ‘ਆਪ’ ਦੀ ਸਰਕਾਰ ਬਣਨ ਮਗਰੋਂ ਵਿਜੀਲੈਂਸ ਨੇ ਕਿੱਕੀ ਢਿੱਲੋਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਸੀ।

 

Check Also

ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਵਿਧਾਨ ਸਭਾ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸਿਹਰਾ ’ਚ ਵਾਪਰੀ ਘਟਨਾ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …