Breaking News
Home / ਪੰਜਾਬ / ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨੇ ਦਿੱਤੀ ਵਧਾਈ – ਛਿੜੀ ਚਰਚਾ

ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨੇ ਦਿੱਤੀ ਵਧਾਈ – ਛਿੜੀ ਚਰਚਾ

ਕੈਪਟਨ ਅਮਰਿੰਦਰ ਨੇ ਪਾਕਿਸਤਾਨ ‘ਤੇ ਚੁੱਕੇ ਸਨ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਅਤੇ ਇਸ ਨੂੰ ਲੈ ਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਧੂ ਨੂੰ ਵਧਾਈ ਦਿੱਤੀ।
ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਨੇ ਟਵੀਟ ਰਾਹੀਂ ਸਿੱਧੂ ਨੂੰ ਵਧਾਈ ਦਿੰਦਿਆਂ ਇਹ ਅਪੀਲ ਵੀ ਕੀਤੀ ਕਿ ਸਿੱਧੂ ਕਰਤਾਰਪੁਰ ਲਾਂਘੇ ਨੂੰ ਮੁੜ ਖੁੱਲਵਾਉਣ ਵਿਚ ਭੂਮਿਕਾ ਅਦਾ ਕਰਨ। ਹੁਣ ਪਾਕਿ ਵਲੋਂ ਸਿੱਧੂ ਨੂੰ ਦਿੱਤੀ ਗਈ ਵਧਾਈ ਨਾਲ ਫਿਰ ਚਰਚਾ ਛਿੜ ਗਈ ਹੈ।
ਧਿਆਨ ਰਹੇ ਕਿ 23 ਜੁਲਾਈ ਨੂੰ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨੂੰ ਲੈ ਕੇ ਹੋਏ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ‘ਤੇ ਸਵਾਲ ਵੀ ਚੁੱਕੇ ਸਨ। ਇਸੇ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਕ੍ਰਿਪਟ ਸਿੱਧੂ ਨੇ ਖ਼ੁਦ ਲਿਖੀ ਹੈ।
ਲਾਂਘਾ, ਕੇਂਦਰ ਸਰਕਾਰ ਦੇ ਦਖ਼ਲ ਸਦਕਾ ਬਣਿਆ ਸੀ ਤੇ ਕੇਂਦਰ ਦੇ ਫ਼ੈਸਲੇ ਮਗਰੋਂ ਹੀ ਖੁੱਲ੍ਹ ਸਕੇਗਾ। ਓਧਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਧਾਈ ਤਾਂ ਕੋਈ ਵੀ ਕਿਸੇ ਨੂੰ ਦੇ ਸਕਦਾ ਹੈ ਪਰ ਪਾਕਿਸਤਾਨ ਦੀ ਗੁਰੁਦਆਰਾ ਕਮੇਟੀ ਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਹ ਦੋ ਮੁਲਕਾਂ ਦਾ ਮਾਮਲਾ ਹੈ ਕਿਸੇ ਖ਼ਾਸ ਵਿਅਕਤੀ ਦਾ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਕੋਲੋਂ ਮੰਗ ਕਰਦਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਿਆ ਜਾਵੇ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ‘ਤੇ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ ‘ਤੇ ਪਾਕਿਸਤਾਨ ਵੀ ਗਏ ਸਨ। ਉਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਬਾਜਵਾ ਨੂੰ ਜੱਫੀ ਪਾ ਲਈ ਸੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਭਾਰਤ ਵਿਚ ਸਿੱਧੂ ਦੀ ਵਿਰੋਧਤਾ ਵੀ ਹੋਈ ਸੀ ਅਤੇ ਹੁਣ ਪਾਕਿ ਗੁਰਦੁਆਰਾ ਕਮੇਟੀ ਵਲੋਂ ਸਿੱਧੂ ਨੂੰ ਦਿੱਤੀ ਗਈ ਵਧਾਈ ਤੋਂ ਬਾਅਦ ਇਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ।

 

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …