ਕਿਹਾ : ‘ਆਪ’ ਦਾ ਗੁਜਰਾਤ ਚੋਣਾਂ ਵਿਚ ਫਾਇਦਾ ਲੈਣ ਦਾ ਇਹ ਇਕ ਸਟੰਟ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਅਧਿਕਾਰੀ ਵਲੋਂ ਘਰ ਬੁਲਾਉਣ ’ਤੇ ਭਾਜਪਾ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸਦੇ ਚੱਲਦਿਆਂ ਭਾਜਪਾ ਆਗੂ ਸੁਨੀਲ ਜਾਖੜ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਜਾਂਚ ਅਧਿਕਾਰੀ ਨੇ ਕਿਸ ਮਕਸਦ ਨਾਲ ਅਰੋੜਾ ਨੂੰ ਆਪਣੇ ਘਰ ਬੂਲਾਇਆ, ਇਸਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਜਾਖੜ ਨੇ ਸ਼ੱਕ ਜ਼ਾਹਰ ਕੀਤਾ ਕਿ ਗੁਜਰਾਤ ਚੋਣਾਂ ਵਿਚ ਫਾਇਦਾ ਲੈਣ ਲਈ ਆਮ ਆਦਮੀ ਪਾਰਟੀ ਇਸ ਤਰ੍ਹਾਂ ਦਾ ਸਟੰਟ ਵੀ ਕਰ ਸਕਦੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਉਹ ਨਾ ਤਾਂ ਕਿਸੇ ਨੂੰ ਕਲੀਨ ਚਿੱਟ ਦੇ ਰਹੇ ਹਨ ਅਤੇ ਨਾ ਹੀ ਜਾਂਚ ਅਧਿਕਾਰੀ ਨੂੰ ਆਰੋਪੀ ਠਹਿਰਾ ਰਹੇ ਹਨ, ਪਰ ਸਵਾਲ ਇਹ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਕੋਈ ਜਾਂਚ ਅਧਿਕਾਰੀ ਉਸ ਵਿਅਕਤੀ ਨੂੰ ਆਪਣੇ ਘਰ ਮਿਲਣ ਆਉਣ ਦੀ ਪਰਮਿਸ਼ਨ ਕਿਸ ਤਰ੍ਹਾਂ ਦੇ ਸਕਦਾ ਹੈ, ਜਿਸ ਦੇ ਬਾਰੇ ਉਹ ਜਾਂਚ ਕਰਵਾ ਰਿਹਾ ਹੋਵੇ। ਜਾਖੜ ਨੇ ਜਾਂਚ ਅਧਿਕਾਰੀ ਵਲੋਂ ਸੁੰਦਰ ਸ਼ਾਮ ਅਰੋੜਾ ਨੂੰ ਆਪਣੇ ਘਰ ਬੁਲਾਉਣ ਅਤੇ ਪ੍ਰਾਈਵੇਟ ਜਗ੍ਹਾ ਦੀ ਲੋਕੇਸ਼ਨ ਭੇਜਣ ਦੀ ਜਾਂਚ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਗਿ੍ਰਫਤਾਰ ਕਰ ਲਿਆ ਸੀ। ਅਰੋੜਾ ’ਤੇ ਸ਼ਿਕਾਇਤਾਂ ਦੀ ਜਾਂਚ ਕਰ ਰਹੇ ਏਆਈਜੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਦਾ ਆਰੋਪ ਹੈ। ਇਸ ਗੱਲ ਦਾ ਖੁਲਾਸਾ ਵਿਜੀਲੈਂਸ ਬਿਊਰੋ ਦੇ ਮੁਖੀ ਵਰਿੰਦਰ ਕੁਮਾਰ ਨੇ ਕੀਤਾ ਸੀ।