ਕਿਹਾ : ਪੰਜਾਬ ਦੇ ਬਣਦੇ ਹੱਕਾਂ ਲਈ ਹਰ ਪੱਧਰ ’ਤੇ ਚੁੱਕਾਂਗੇ ਅਵਾਜ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦਾ ਸੱਦਿਆ ਗਿਆ ਸਪੈਸ਼ਲ ਸੈਸ਼ਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕੀਤਾ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਅੱਜ ਕੇਂਦਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖਿਲਾਫ਼ ਪੰਜਾਬ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਅੱਗੇ ਲਿਖਿਆ ਕਿ ਚੰਡੀਗੜ੍ਹ ਉਤੇ ਪੰਜਾਬ ਦੇ ਬਣਦੇ ਹੱਕਾਂ ਲਈ ਹਰ ਪੱਧਰ ’ਤੇ ਅਵਾਜ਼ ਚੁੱਕੀ ਜਾਵੇਗੀ। ਦੇਸ਼ ਦੀ ਖਾਤਰ ਗੋਲੀ ਖਾਣ ਵਾਸਤੇ ਸਭ ਤੋਂ ਪਹਿਲਾਂ ਆਪਣਾ ਸੀਨਾ ਅੱਗੇ ਕਰਨ ਵਾਲੇ ਸੂਰਵੀਰਾਂ ਦੀ ਧਰਤੀ ਪੰਜਾਬ ਦੇ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵਿਧਾਨ ਸਭਾ ’ਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਜਿੱਥੇ ਵੀ ਲੜਾਈ ਲੜਨੀ ਪਵੇਗੀ, ਅਸੀਂ ਲੜਾਂਗੇ ਕਿਉਂਕਿ ਪੰਜਾਬ ਨੂੰੂ ਅਸੀਂ ਦੇਸ਼ ਦਾ ਸਿਰਮੌਰ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਪੈਰਾਂ ’ਚ ਪਈਆਂ ਜੰਜ਼ੀਰਾਂ ਨੂੰ ਤੋੜ ਕੇ ਅਸੀਂ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਵਾਂਗੇ।