ਚੰਡੀਗੜ੍ਹ/ਬਿਊਰੋ ਨਿਊਜ਼ : ਸਨਅਤੀ ਸ਼ਹਿਰ ਦੀ ਸਬਜ਼ੀ ਮੰਡੀ ‘ਚ ਕਰਫਿਊ ਦੌਰਾਨ ਸੁਧਾਰ ਕਰਨ ਵਾਲੇ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਕਰੋਨਾ ਖ਼ਿਲਾਫ਼ ਲੜ ਰਹੀ ਜੰਗ ਹਾਰ ਗਏ। 10 ਦਿਨਾਂ ਤੋਂ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਵੈਂਟੀਲੇਟਰ ‘ਤੇ ਜ਼ੇਰੇਇਲਾਜ਼ ਕੋਹਲੀ ਨੇ ਸ਼ਨਿੱਚਰਵਾਰ ਦੁਪਹਿਰ ਨੂੰ ਆਖ਼ਰੀ ਸਾਹ ਲਏ। ਇਸ ਤੋਂ ਬਾਅਦ ਦੇਰ ਸ਼ਾਮ ਸਿਹਤ ਵਿਭਾਗ ਦੀ ਟੀਮ ਦੇ ਨਾਲ ਏਸੀਪੀ ਕੋਹਲੀ ਨੂੰ ਸਲਾਮੀ ਦੇ ਕੇ ਸਰਕਾਰ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਾਕ ਸ਼ਹਿਰ ਵਿਚ ਸਬਜ਼ੀ ਮੰਡੀ ਵਿਚ ਸੁਧਾਰ, ਤਬਲੀਗੀਆਂ ਨੂੰ ਤਲਾਸ਼ਣ ਦੀ ਡਿਊਟੀ ਕਰ ਰਹੇ ਏਸੀਪੀ ਕੋਹਲੀ ਨੂੰ 8 ਅਪਰੈਲ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਤੋਂ ਬਾਅਦ ਐੱਸਪੀਐੱਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੇ ਵਿਚ ਕਰੋਨਾ ਦੇ ਲੱਛਣ ਦੇਖਣ ਤੋਂ ਬਾਅਦ ਡਾਕਟਰਾਂ ਕਰੋਨਾ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ। 9 ਅਪਰੈਲ ਨੂੰ ਪਹਿਲੀ ਰਿਪੋਰਟ ਨੈਗਟਿਵ ਆ ਗਈ। ਪਰ ਉਨ੍ਹਾਂ ਦੀ ਸਿਹਤ ਹੋਰ ਖ਼ਰਾਬ ਹੋ ਗਈ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਪਾ ਦਿੱਤਾ। 13 ਅਪਰੈਲ ਸੋਮਵਾਰ ਨੂੰ ਦੁਬਾਰਾ ਭੇਜੇ ਗਏ ਨਮੂਨਿਆਂ ਵਿਚ ਏਸੀਪੀ ਦਾ ਕਰੋਨਾ ਟੈਸਟ ਪਾਜ਼ੇਟਿਵ ਆ ਗਿਆ। ਜਿਸ ਤੋਂ ਬਾਅਦ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਬੀਤੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਏਸੀਪੀ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਮੋਹਾਲੀ ਤੋਂ ਡੋਨਰ ਵੀ ਮਿਲ ਗਿਆ ਸੀ। ਏਸੀਪੀ ਦੇ ਪਰਿਵਾਰ ਨੇ ਵੀ ਬੀਤੇ ਦਿਨੀਂ ਥੈਰੇਪੀ ਦੇਣ ਲਈ ਸਹਿਮਤੀ ਦੇ ਦਿੱਤੀ ਸੀ। ਇਸ ਥੈਰੇਪੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਗੁਰਦਾਸਪੁਰ ਦਾ ਏ ਐੱਸ ਆਈ ਵੀ ਕਰੋਨਾ ਤੋਂ ਪੀੜਤ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਲੁਧਿਆਣਾ ‘ਚ ਬਤੌਰ ਏਐੱਸਆਈ ਤਾਇਨਾਤ ਇੱਕ ਵਿਅਕਤੀ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਗੁਰਦਾਸਪੁਰ ਦੇ ਸਿਵਲ ਸਰਜਨ ਨੂੰ ਅਗਲੇਰੀ ਕਾਰਵਾਈ ਹਿੱਤ ਸੂਚਿਤ ਕੀਤਾ ਗਿਆ ਹੈ ਕਿਉਂਕਿ ਉਹ ਲੌਕਡਾਊਨ ਤੋਂ ਪਹਿਲਾਂ ਆਪਣੇ ਘਰ ਪਿੰਡ ਚੈਨੇਵਾਲ (ਬਟਾਲਾ) ਰਹਿ ਕੇ ਗਿਆ ਸੀ। ਇਸ ਤੋਂ ਪਹਿਲਾਂ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਨਾਲ ਸਬੰਧਤ ਵਿਅਕਤੀ ਕਰੋਨਾ ਤੋਂ ਪੀੜਤ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਲੁਧਿਆਣਾ ਦੇ ਸਿਵਲ ਸਰਜਨ ਨੇ ਦੱਸਿਆ ਕਿ ਪੁਲੀਸ ਸਟੇਸ਼ਨ ਬਸਤੀ ਜੋਧੇਵਾਲ ਬਲਦੇਵ ਨਗਰ ‘ਚ ਤਾਇਨਾਤ ਏਐੱਸਆਈ ਕਰੋਨਾ ਪਾਜ਼ੇਟਿਵ ਆਇਆ ਹੈ।
Check Also
ਪੰਜਾਬ ਸਰਕਾਰ ਦੇ ਮਿਸ਼ਨ ਇਨਵੈਸਟ ਨੂੰ ਮਿਲੀ ਵੱਡੀ ਕਾਮਯਾਬੀ
ਟੈਲੀਪਰਫਾਰਮੈਂਸ ਗਰੁੱਪ ਨੇ ਮੋਹਾਲੀ ’ਚ ਨਿਵੇਸ਼ ਕਰਨ ਦੀ ਪ੍ਰਗਟਾਈ ਇੱਛਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ …