ਐਨ.ਡੀ.ਆਰ.ਐਫ. ਨੇ ਸਫਾਈ ਦਿੰਦਿਆਂ ਕਿਹਾ – ਅਸੀਂ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ, ਪਰ ਸਫਲ ਨਹੀਂ ਹੋਏ
ਸੰਗਰੂਰ/ਬਿਊਰੋ ਨਿਊਜ਼
ਫਤਿਹਵੀਰ ਸਿੰਘ ਨੂੰ ਨਾ ਬਚਾਏ ਜਾ ਸਕਣ ਕਰਕੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਨੇ ਆਪਣੀ ਗ਼ਲਤੀ ਮੰਨਦਿਆਂ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਛੇ ਦਿਨ ਪਹਿਲਾਂ ਦੋ ਸਾਲ ਦਾ ਫ਼ਤਹਿਵੀਰ ਸਿੰਘ ਬੋਰਵੈੱਲ ਵਿਚ ਡਿੱਗ ਗਿਆ ਸੀ ਜਿਸ ਨੂੰ ਬਚਾਉਣ ਲਈ ਲਗਾਤਾਰ ਰੈਸਕਿਊ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ । ਂਿੲਸ ਦੇ ਬਾਵਜੂਦ ਕੁਝ ਕਮੀਆਂ ਕਾਰਨ ਫ਼ਤਹਿਵੀਰ ਨੂੰ ਜ਼ਿੰਦਾ ਬਾਹਰ ਨਾ ਕੱਢਿਆ ਜਾ ਸਕਿਆ।
ਉਧਰ ਦੂਜੇ ਪਾਸੇ ਬਚਾਅ ਕਾਰਜਾਂ ਵਿਚ ਲੱਗੀ ਐਨ.ਡੀ.ਆਰ.ਐਫ. ਦੀ ਕਾਰਗੁਜ਼ਾਰੀ ‘ਤੇ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ। ਇਸ ਸਬੰਧੀ ਐਨ.ਡੀ.ਆਰ.ਐਫ. ਦੇ ਡੀ.ਆਈ.ਜੀ. ਰਣਦੀਪ ਰਾਣਾ ਨੇ ਕਿਹਾ ਕਿ ਜੋ ਵੀ ਆਧੁਨਿਕ ਤਕਨੀਕ ਸੀ, ਉਸ ਦਾ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕ੍ਰੈਡਿਟ ਲੈਣਾ ਨਹੀਂ ਸੀ ਬਲਕਿ ਬੱਚੇ ਨੂੰ ਬਚਾਉਣਾ ਸੀ, ਪਰ ਅਸੀਂ ਸਫਲ ਨਹੀਂ ਹੋ ਸਕੇ।