ਪੰਜਾਬ ਸਥਿਤ ਭਾਰਤ-ਪਾਕਿ ਬਾਰਡਰ ਫੇਸਿੰਗ ਤੋਂ 800 ਮੀਟਰ ਦੂਰ ਵਸੇ ਖੇਮਕਰਨ ਸੈਕਟਰ ਦੇ ਪਿੰਡ ਪਿੰਡ ਸਕਤਰ ‘ਚ ਲੋਕ ਨਰਕਮਈ ਜੀਵਨ ਜਿਊਣ ਲਈ ਮਜਬੂਰ ਹਨ। ਅਜ਼ਾਦੀ ਦੇ ਸੱਤ ਦਹਾਕੇ ਬਾਅਦ ਵੀ ਹਾਲਾਤ ਨਹੀਂ ਬਦਲੇ ਬਲਕਿ ਹੋਰ ਵੀ ਬਦਤਰ ਹੋ ਗਏ।
ਪਿੰਡ ‘ਚ ਨਾ ਪੀਣ ਲਈ ਪਾਣੀ ਹੈ, ਨਾ ਸੜਕ ਹੈ ਅਤੇ ਨਾ ਹੀ ਆਵਾਜਾਈ ਦਾ ਕੋਈ ਸਾਧਨ ਹੈ, ਬਿਜਲੀ ਹੈ ਪ੍ਰੰਤੂ ਆਉਂਦੀ ਕਦੇ-ਕਦਾਈਂ ਹੈ। ਪਿੰਡ ਵਾਸੀਆਂ ‘ਚ ਰੋਸ ਹੈ ਕਿ ਉਨ੍ਹਾਂ ਦੀ ਸਾਰ ਅੱਜ ਤੱਕ ਕਿਸੇ ਨੇ ਨਹੀਂ ਲਈ। ਪਿੰਡ ਦੇ ਕਈ ਬਜ਼ੁਰਗ ਬਟਵਾਰੇ ਨੂੰ ਅੱਖੀਂ ਦੇਖਣ ਵਾਲੇ ਹਨ। ਗੁਲਜ਼ਾਰ ਸਿੰਘ, ਦਿਲਬਾਗ ਸਿੰਘ, ਭਗਵਾਨ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹਾਲਾਤ ‘ਤੇ ਹੀ ਛੱਡ ਦਿੱਤਾ। ਵਿਕਾਸ ਦੇ ਸਾਰੇ ਦਾਅਵੇ ਇਥੇ ਪਹੁੰਚਦੇ-ਪਹੁੰਚਦੇ ਦਮ ਤੋੜ ਦਿੰਦੇ ਹਨ। ਪਿੰਡ ਦੀਆਂ ਕੱਚੀਆਂ ਗਲੀਆਂ ਇਸ ਦੀ ਗਵਾਹੀ ਭਰਦੀਆਂ ਹਨ। ਜੇਕਰ ਤੁਹਾਡੇ ਕੋਲ ਕੋਈ ਆਪਣਾ ਵਹੀਕਲ ਹੈ ਤਾਂ ਹੀ ਤੁਸੀਂ ਇਸ ਪਿੰਡ ਵਿਚ ਪਹੁੰਚ ਸਕਦੇ ਹੋ ਨਹੀਂ ਤਾਂ ਪੈਦਲ ਚਲੋ, ਕੋਈ ਵੀ ਸਰਕਾਰੀ ਆਵਾਜਾਈ ਦਾ ਸਾਧਨ ਨਹੀਂ ਹੈ। ਪਿੰਡ ਦੀ ਆਬਾਦੀ ਇਕ ਹਜ਼ਾਰ ਹੈ, ਜਿਨ੍ਹਾਂ ‘ਚੋਂ 675 ਵੋਟਰ ਹਨ।
ਜੇਕਰ ਸਰਹੱਦ ‘ਤੇ ਵਸੇ ਹਾਂ ਤਾਂ ਇਸ ‘ਚ ਸਾਡਾ ਕੀ ਕਸੂਰ : ਸੁਖਚੈਨ ਸਿੰਘ, ਨਿਰਮਲ ਸਿੰਘ, ਸਾਹਿਬ ਸਿੰਘ, ਇੰਦਰਜੀਤ ਸਿੰਘ, ਪਿਆਰਾ ਸਿੰਘ, ਹਰਬੰਸ ਸਿੰਘ, ਮਿਲਖਾ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਸਰਦੂਲ ਸਿੰਘ ਅਤੇ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਅਜ਼ਾਦੀ ਦੇ ਸੱਤ ਦਹਾਕੇ ਤੋਂ ਬਾਅਦ ਵੀ ਹਾਲਾਤ ਨਹੀਂ ਬਦਲੇ। ਪਿੰਡ ਵਾਸੀਆਂ ਨੇ ਸਵਾਲ ਖੜ੍ਹਾ ਕੀਤਾ ਕਿ ‘ਕੀ ਸਰਹੱਦ ‘ਤੇ ਵਸੇ ਹੋਣਾ ਸਾਡੀ ਬਦਕਿਸਮਤੀ ਹੈ, ਜੋ ਸਰਕਾਰਾਂ ਨੇ ਵੀ ਸਾਨੂੰ ਕਰਮਾਂ ਦੇ ਸਹਾਰੇ ਛੱਡ ਦਿੱਤ ਹੈ।’ ਦੁਸ਼ਮਣ ਦੇ ਡਰ ਨਾਲ ਅਸੀਂ ਫਿਰ ਲੜ ਸਕਦੇ ਹਾਂ ਪ੍ਰੰਤੂ ਦੇਸ਼ ਦੇ ਅਕਾਵਾਂ ਦੀ ਅਣਦੇਖੀ ਦਾ ਦਰਦ ਵਧਦਾ ਜਾਂਦਾ ਹੈ।
ਇਤਿਹਾਸਕ ਪਿੰਡ ਦੀ ਸਾਰ ਲੈਣ ਵਾਲਾ ਕੋਈ ਨਹੀਂ
ਇਹ ਪਿੰਡ ਸਿੱਖਾਂ ਦੇ ਤੀਸਰੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਵੀ ਜੁੜਿਆ ਹੋਇਆ ਹੈ। ਇਸੇ ਪਿੰਡ ‘ਚ ਮਾਤਾ ਮਨਸਾ ਦੇਵੀ ਤੋਂ ਗੁਰੂ ਅਮਰਦਾਸ ਜੀ ਦੇ ਲਾਵਾਂ ਫੇਰੇ (ਵਿਆਹ) ਹੋਏ ਸਨ। ਗੁਰੂ ਜੀ ਅਮ੍ਰਿਤਸਰ ਦੇ ਪਿੰਡ ਬਾਸਰਕੇ ਤੋਂ ਆਪਣੀ ਬਰਾਤ ਲੈ ਕੇ ਇਸ ਪਿੰਡ ਪਹੁੰਚੇ ਸਨ। ਉਨ੍ਹਾਂ ਦੀ ਯਾਦ ‘ਚ ‘ਚ ਇਥੇ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਹੈ। ਜਿੱਥੇ ਹਰ ਸਾਲ ਵਿਸਾਖੀ ਮੌਕੇ ਅਤੇ 25 ਅਤੇ 26 ਜਨਵਰੀ ਨੂੰ ਜੋੜ ਮੇਲਾ ਵੀ ਲਗਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਪਿੰਡ ਦੀ ਅਣਦੇਖੀ ਕੀਤੇ ਜਾਣ ਤੋਂ ਪਿੰਡ ਵਾਸੀ ਦੁਖੀ ਹਨ।
ਕੱਚੀਆਂ ਗਲੀਆਂ ਖੋਲ੍ਹਦੀਆਂ ਨੇ ਵਿਕਾਸ ਦੀ ਪੋਲ
ਮੇਜਰ ਸਿੰਘ ਨੇ ਦੱਸਿਆ ਕਿ ਗਲੀਆਂ ਕੱਚੀਆਂ ਹਨ ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਹੈ ਤਾਂ ਇਹ ਤਲਾਬ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਕੋਈ ਸਰਕਾਰੀ ਟਿਊਬਵੈਲ ਨਹੀਂ ਹੈ, ਪੀਣ ਵਾਲਾ ਪਾਣੀ ਖਾਰਾ ਹੈ। ਇਲਾਜ ਦੇ ਲਈ ਕੋਈ ਡਿਸਪੈਂਸਰੀ ਨਹੀਂ ਹੈ। ਐਮਰਜੈਂਸੀ ‘ਚ 15 ਕਿਲੋਮੀਟਰ ਦੂਰ ਭੀਖੀਵਿੰਡ ਤੱਕ ਜਾਂਦੇ ਹਨ। ਗਰਭਵਤੀ ਮਹਿਲਾਵਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ। ਸਰਕਾਰੀ ਸਕੂਲ ‘ਚ ਟੀਚਰ ਵੀ ਇਕ ਹੈ। ਜਿਸ ਦਿਨ ਉਹ ਛੁੱਟੀ ‘ਤੇ ਚਲਾ ਗਿਆ, ਉਸ ਦਿਨ ਸਕੂਲ ਦੀ ਛੁੱਟੀ। ਅਜਿਹੇ ਹਾਲਾਤ ‘ਚ ਬੱਚੇ ਕੀ ਪੜ੍ਹਨਗੇ ਅਤੇ ਕੀ ਬਣਨਗੇ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …