Breaking News
Home / ਪੰਜਾਬ / ਅੰਬੇਡਕਰ ਸੈਨਾ ਪੰਜਾਬ ਦਾ ਪ੍ਰਧਾਨ ਹਰਭਜਨ ਸੁਮਨ ਗ੍ਰਿਫਤਾਰ

ਅੰਬੇਡਕਰ ਸੈਨਾ ਪੰਜਾਬ ਦਾ ਪ੍ਰਧਾਨ ਹਰਭਜਨ ਸੁਮਨ ਗ੍ਰਿਫਤਾਰ

ਸਮਰਥਕਾਂ ਨੇ ਐਸਐਸਪੀ ਦਫਤਰ ਦੇ ਬਾਹਰ ਲਗਾਇਆ ਧਰਨਾ
ਫਗਵਾੜਾ : ਪੁਲਿਸ ਨੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸਥਾਨਕ ਸੂੰਢ ਕਾਲੋਨੀ ਦੇ ਨਿਵਾਸੀ ਪਵਨ ਕੁਮਾਰ ਦੀ ਸ਼ਿਕਾਇਤ ‘ਤੇ ਹੋਈ ਹੈ। ਪਵਨ ਕੁਮਾਰ ਨੇ ਸੁਮਨ ‘ਤੇ ਰੋਹਿਤ, ਬੌਬੀ ਤੇ ਅੱਧਾ ਦਰਜਨ ਹੋਰ ਸਾਥੀਆਂ ਸਮੇਤ ਉਸ ਦੇ ਘਰ ਜਬਰੀ ਦਾਖ਼ਲ ਹੋ ਕੇ ਉਸ ਨੂੰ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਹਮਲਾਵਰਾਂ ਵਿਰੁੱਧ ਧਾਰਾ 323, 452, 120-ਬੀ ਤਹਿਤ ਕੇਸ ਦਰਜ ਕੀਤਾ ਹੈ। ਸੁਮਨ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਭਜਨ ਸੁਮਨ 13 ਅਪਰੈਲ ਦੀ ਰਾਤ ਨੂੰ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਲੋੜੀਂਦਾ ਸੀ। ਇਸ ਝੜਪ ਵਿਚ ਚਾਰ ਨੌਜਵਾਨ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ‘ਚੋਂ ਇਕ ਜਸਵੰਤ ਉਰਫ਼ ਬੌਬੀ ਨੇ ਡੀਐਮਸੀ ਲੁਧਿਆਣਾ ਵਿੱਚ ਦਮ ਤੋੜ ਦਿੱਤਾ ਸੀ। ਉਸ ਦੇ ਸਸਕਾਰ ਉਪਰੰਤ ਹਰਕਤ ਵਿਚ ਆਉਂਦਿਆਂ ਪੁਲਿਸ ਨੇ ਦਲਿਤ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਸਮਰਥਕਾਂ ਨੇ ਫਗਵਾੜਾ ਦੇ ਪੁਲਿਸ ਕਪਤਾਨ ਦੇ ਦਫ਼ਤਰ ਦੇ ਬਾਹਰ ਟਾਊਨ ਹਾਲ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਐਸਪੀ ਪੀ ਐਸ ਭੰਡਾਲ ਦੀ ਦਖ਼ਲਅੰਦਾਜ਼ੀ ਕਰਕੇ ਧਰਨਾ ਖ਼ਤਮ ਕਰ ਦਿੱਤਾ ਗਿਆ। ਜਨਰਲ ਸਮਾਜ ਮੰਚ ਵੱਲੋਂ ਸੁਮਨ ਸਮੇਤ 14 ਹੋਰ ਦਲਿਤ ਕਾਰਕੁਨਾਂ ਦੀ 13 ਅਪਰੈਲ ਦੀ ਹਿੰਸਾ ਦੇ ਸਬੰਧ ਵਿਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਪੁਲਿਸ ਨੇ ਉਸ ਨੂੰ ਵੱਖਰੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ।
ਡਾਕਟਰਾਂ ਨੇ ਬੌਬੀ ਦੇ ਸਿਰ ਵਿਚੋਂ ਕੱਢੀ ਗੋਲੀ
ਲੁਧਿਆਣਾ : ਦਲਿਤ ਨੌਜਵਾਨ ਜਸਵੰਤ ਕੁਮਾਰ ਉਰਫ਼ ਬੌਬੀ ਡੀਐਮਸੀ ਹਸਪਤਾਲ ਵਿਚ ਮੌਤ ਹੋਈ।
ਇਹਤਿਆਤ ਵਜੋਂ ਉਸ ਦਾ ਪੋਸਟਮਾਰਟਮ ਡੀਐਮਸੀ ਵਿਚ ਹੀ ਕਰਵਾਇਆ ਗਿਆ। ਪੋਸਟਮਾਰਟਮ ਦੌਰਾਨ ਉਸ ਦੇ ਕੰਨ ਦੇ ਉਪਰ ਲੱਗੀ ਗੋਲੀ ਨੂੰ ਕੱਢਿਆ ਗਿਆ। ਬੌਬੀ ਦੇ ਪੈਰ ਵਿਚ ਝਰੀਟਾਂ ਦੇ ਵੀ ਕੁਝ ਨਿਸ਼ਾਨ ਸਨ। ਪੁਲਿਸ ਨੇ 20 ਗੱਡੀਆਂ ਦੇ ਕਾਫ਼ਲੇ ਵਿੱਚ ਬੌਬੀ ਦੀ ਲਾਸ਼ ਨੂੰ ਫਗਵਾੜਾ ਭੇਜਿਆ।
ਪਰਫਾਰਮੈਂਸ ਦਿਖਾਉਣ ਲੱਗੇ ਮੰਤਰੀ
ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦੇ ਨਾਲ ਹੀ ਨਵੇਂ ਬਣੇ 9 ਮੰਤਰੀ ਆਪਣੀ ਪਰਫਾਰਮੈਂਸ ਦਿਖਾਉਣ ‘ਚ ਲੱਗ ਗਏ ਹਨ। ਹਰ ਮੰਤਰੀ ਨੂੰ ਦੋ-ਦੋ ਮਹਿਕਮੇ ਸੌਂਪੇ ਗਏ ਹਨ। ਇਨ੍ਹਾਂ ਵਿਭਾਗਾਂ ਦੀ ਜ਼ਿੰਮੇਵਾਰੀ ਮਿਲਦੇ ਹੀ ਇਨ੍ਹਾਂ ਮੰਤਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੇ ਅਫ਼ਸਰਾਂ ਦੀ ਮੀਟਿੰਗ ਬੁਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅਫ਼ਸਰਾਂ ਤੋਂ ਵਿਭਾਗਾਂ ਦੇ ਰੁਕੇ ਕੰਮ ਪੂਰੇ ਕਰਨ ਅਤੇ ਨਵੇਂ ਕੰਮ ਸ਼ੁਰੂ ਕਰਨ ਦੇ ਲਈ ਪਲਾਨਿੰਗ ਬਣਾਉਣ ਨੂੰ ਕਿਹਾ ਜਾ ਰਹਾ ਹੈ। ਦੱਸ ਦੇਈਏ ਕਿ ਜੋ ਮੰਤਰੀ ਮੰਡਲ ‘ਚ ਸ਼ਾਮਲ 9 ਵਿਧਾਇਕ ਪਹਿਲੀ ਵਾਰ ਮੰਤਰੀ ਬਣੇ ਹਨ, ਅਜਿਹੇ ‘ਚ ਕੋਈ ਮੰਤਰੀ ਨਹੀਂ ਚਾਹੁੰਦਾ ਕਿ ਉਸ ਦੇ ਬਾਰੇ ‘ਚ ਜਨਤਾ ‘ਚ ਇਹ ਧਾਰਨਾ ਬਣੇ ਕਿ ਉਸ ਬਿਨਾ ਕਾਬਲੀਅਤ ਦੇ ਮੰਤਰੀ ਬਣਾਇਆ ਗਿਆ ਹੈ। ਅਜਿਹੇ ‘ਚ ਸਾਰੇ ਨਵੇਂ ਮੰਤਰੀਆਂ ਨੇ ਤੇਜੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ।
ਲਿਫਟਿੰਗ ਨੂੰ ਲੈ ਕੇ ਅਫ਼ਸਰਾਂ ‘ਚ ਡਰ
ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਲਿਫਟਿੰਗ ‘ਚ ਹੋ ਰਹੀ ਦੇਰੀ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਨਾਰਾਜ਼ ਹਨ, ਉਥੇ ਸਬੰਧਤ ਅਫ਼ਸਰਾਂ ‘ਚ ਵੀ ਇਸ ਨੂੰ ਲੈ ਕੇ ਕੈਪਟਨ ਦਾ ਡਰ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਕਣਕ ਦੀ ਲਿਫਟਿੰਗ ‘ਚ ਦੇਰੀ ਨੂੰ ਲੈ ਕੇ ਕੁਝ ਅਫ਼ਸਰਾਂ ‘ਤੇ ਹੋਈ ਵਿਭਾਗੀ ਕਾਰਵਾਈ ਨੂੰ ਦੇਖਦੇ ਹੋਏ ਬਾਕੀ ਅਫ਼ਸਰਾਂ ‘ਚ ਕੈਪਟਨ ਦਾ ਡਰ ਵਧ ਗਿਆ ਹੈ। ਅਜਿਹੇ ‘ਚ ਉਨ੍ਹਾਂ ਨੇ ਕਣਕ ਦੀ ਲਿਫਟਿੰਗ ਦਾ ਕੰਮ ਤੇਜ ਕਰਵਾ ਦਿੱਤਾ ਹੈ। ਪੰਜਾਬ ਦੀਆਂ ਕਈ ਮੰਡੀਆਂ ‘ਚ ਕਣਕ ਦੇ ਢੇਰ ਲੱਗੇ ਹੋਏ ਹਨ ਜਦਕਿ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਆਉਂਦੇ ਹੀ ਮੰਡੀਆਂ ‘ਚ ਕਣਕ ਦੀ ਲਿਫਟਿੰਗ ‘ਚ ਦੇਰੀ ਹੋਣ ਨਾਲ ਕਾਂਗਰਸ ਸਰਕਾਰ ਦੇ ਨਿਕੰਮੇਪਣ ਦਾ ਪਤਾ ਚਲਦਾ ਹੈ।
ਸਿੱਧੂ ਤੇ ਕੁਲਵੰਤ ਫਿਰ ਆਹਮੋ-ਸਾਹਮਣੇ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਪਹਿਲਾਂ ਸਿਧੂ ਦੇ ਲੋਕਲ ਬਾਡੀਜ਼ ਵਿਭਾਗ ਨੇ ਪੌਣੇ ਦੋ ਕਰੋੜ ਦੀ ਪਰੂਨਿੰਗ ਮਸ਼ੀਨ ਖਰੀਦਣ ਨੂੰ ਲੈ ਕੇ ਕੁਲਵੰਤ ਸਿੰਘ ਨੂੰ ਕੌਂਸਲਰਸ਼ਿਪ ਕੈਂਸਲ ਕਰਨ ਦਾ ਨੋਟਿਸ ਭੇਜ ਦਿੱਤਾ ਸੀ ਪ੍ਰੰਤੂ ਕੁਲਵੰਤ ਹਾਈ ਕੋਰਟ ਚਲੇ ਗਏ ਅਤੇ ਕੋਰਟ ਨੇ ਉਨ੍ਹਾਂ ਦੇ ਪੱਖ ‘ਚ ਫੈਸਲਾ ਸੁਣਾਇਆ। ਹੁਣ ਲੋਕਲ ਬਾਡੀਜ਼ ਵਿਭਾਗ ਨੇ ਮੋਹਾਲੀ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਹਨ ਕਿ ਖਰੀਦੀ ਗਈ ਪਰੂਨਿੰਗ ਮਸ਼ੀਨ ਦਾ ਟੈਂਡ ਕੈਂਸਲ ਕਰਕੇ ਐਡਵਾਂਸ ‘ਚ ਦਿੱਤੀ ਗਈ ਰਕਮ ਵਾਪਸ ਲਈ ਜਾਵੇ। ਇਸ ਨੂੰ ਲੈ ਕੇ ਨਿਗਮ ਦਾ ਸੱਤਾ ਪੱਖ ਤਿਆਰ ਨਹੀਂ ਹੈ ਅਤੇ ਉਸਦਾ ਕਹਿਣਾ ਹੈ ਕਿ ਹੁਣ ਟੈਂਡਰ ਲੈਣ ਵਾਲਾ ਠੇਕੇਦਾਰ ਇਸ ਨੂੰ ਕੈਂਸਲ ਕਰਨ ਲਈ ਤਿਆਰ ਨਹੀਂ ਅਤੇ ਉਸ ਨੇ ਕੋਰਟ ਦਾ ਨੋਟਿਸ ਭੇਜ ਦਿੱਤਾ ਹੈ। ਅਜਿਹੇ ‘ਚ ਉਹ ਹੁਣ ਟੈਂਡਰ ਕੈਂਸਰ ਨਹੀਂ ਕਰ ਸਕਦੇ। ਇਸ ਨੂੰ ਲੈ ਕੇ ਸਿੱਧੂ ਅਤੇ ਕੁਲਵੰਤ ਸਿੰਘ ਫਿਰ ਆਹਮੋ-ਸਾਹਮਣੇ ਹੋ ਗਏ ਹਨ।
ਮੰਤਰੀ ਨੂੰ ਕੋਠੀ ਖਾਲੀ ਹੋਣ ਦਾ ਇੰਤਜ਼ਾਰ
ਮੰਤਰੀ ਮੰਡਲ ਵਿਸਥਾਰ ‘ਚ ਓ ਪੀ ਸੋਨੀ ਨੂੰ ਵੀ ਕੈਬਨਿਟ ‘ਚ ਲਿਆ ਗਿਆ ਹੈ। ਕੈਬਨਿਟ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਵੱਲੋਂ ਜੋ ਕੋਠੀ ਅਲਾਟ ਕੀਤੀ ਗਈ ਹੈ, ਉਹ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕੋਲ ਸੀ। ਰਾਣਾ ਗੁਰਜੀਤ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਅਜੇ ਤੱਕ ਉਹ ਕੋਠੀ ਖਾਲੀ ਨਹੀਂ ਕੀਤੀ ਹੈ। ਅਜਿਹੇ ‘ਚ ਨਵੇਂ ਮੰਤਰੀ ਓ ਪੀ ਸੋਨੀ ਇਸ ਇੰਤਜ਼ਾਰ ‘ਚ ਹਨ ਕਿ ਰਾਣਾ ਗੁਰਜੀਤ ਕਦੋਂ ਕੋਠੀ ਖਾਲੀ ਕਰਨਗੇ ਅਤੇ ਕਦੋਂ ਉਹ ਕੋਠੀ ਦੇ ਅੰਦਰ ਜਾ ਸਕਣਗੇ। ਫਿਲਹਾਲ ਸੋਨੀ ਕੋਠੀ ਅਲਾਟ ਹੋਣ ਦੇ ਬਾਵਜੂਦ ਮੰਤਰੀ ਦੀ ਕੋਠੀ ਦਾ ਆਨੰਦ ਲੈਣ ਤੋਂ ਵਾਂਝੇ ਨਜ਼ਰ ਆ ਰਹੇ ਹਨ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …