7.8 C
Toronto
Wednesday, October 29, 2025
spot_img
Homeਪੰਜਾਬਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਕਾਏ ਕੀਤੇ ਮੁਆਫ਼

ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਕਾਏ ਕੀਤੇ ਮੁਆਫ਼

ਬਿਜਲੀ ਦੇ ਕੱਟੇ ਕੁਨੈਕਸ਼ਨ ਵੀ ਬਹਾਲ ਹੋਣਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕੈਬਨਿਟ ਨੇ ਘਰੇਲੂ ਬਿਜਲੀ ਦੇ ਡਿਫਾਲਟਰ ਖ਼ਪਤਕਾਰਾਂ ਦੇ ਬਿਜਲੀ ਦੇ ਬਕਾਏ ਮੁਆਫ਼ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ ਜਿਸ ਨਾਲ ਗ਼ਰੀਬ ਖਪਤਕਾਰਾਂ ਨੂੰ ਫ਼ਾਇਦਾ ਪੁੱਜੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਇਸ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕੈਬਨਿਟ ਮੀਟਿੰਗ ਵਿਚ ਘਰੇਲੂ ਬਿਜਲੀ ਦੇ 300 ਯੂਨਿਟ ਮੁਆਫ਼ ਕਰਨ ਦਾ ਏਜੰਡਾ ਵੀ ਲੱਗਿਆ ਹੋਇਆ ਸੀ ਪਰ ਕੈਬਨਿਟ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ ਕਿ ਘਰੇਲੂ ਬਿਜਲੀ ਦੇ ਦੋ ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਪੁਰਾਣੇ ਬਕਾਏ ਮੁਆਫ਼ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਬਕਾਇਆ ਦਾ ਭੁਗਤਾਨ ਕਰੇਗੀ। ਚੰਨੀ ਨੇ ਦੱਸਿਆ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ ‘ਤੇ ਕਰੀਬ 1200 ਕਰੋੜ ਰੁਪਏ ਦਾ ਭਾਰ ਪਵੇਗਾ। ਚੰਨੀ ਨੇ ਕਿਹਾ ਕਿ ਖਪਤਕਾਰਾਂ ਦਾ ਜੋ ਪਿਛਲਾ ਬਿਜਲੀ ਬਿੱਲ ਆਇਆ ਹੈ, ਉਸ ਵਿਚ ਜੋ ਬਕਾਏ ਲੱਗ ਕੇ ਆਏ ਹਨ, ਉਹ ਮੁਆਫ਼ ਕੀਤੇ ਗਏ ਹਨ ਪਰ ਬਿੱਲ ਦੀ ਪੂਰਤੀ ਖਪਤਕਾਰਾਂ ਨੂੰ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੀਬ 52 ਲੱਖ ਗ਼ਰੀਬ ਪਰਿਵਾਰਾਂ ਨੂੰ ਇਸ ਦਾ ਲਾਭ ਪੁੱਜੇਗਾ ਜੋ ਕਿ ਕੁੱਲ ਕੁਨੈਕਸ਼ਨਾਂ ਦਾ 80 ਫ਼ੀਸਦੀ ਬਣਦੇ ਹਨ। ਚੰਨੀ ਨੇ ਦੱਸਿਆ ਕਿ ਦੋ ਕਿੱਲੋਵਾਟ ਤੱਕ ਦੇ ਜਿਨ੍ਹਾਂ ਖਪਤਕਾਰਾਂ ਦੇ ਮੀਟਰ ਕੁਨੈਕਸ਼ਨ ਕੱਟੇ ਗਏ ਹਨ, ਉਹ ਬਹਾਲ ਕੀਤੇ ਜਾਣਗੇ ਅਤੇ ਬਕਾਇਆ ਰਾਸ਼ੀ ਸਰਕਾਰ ਤਾਰੇਗੀ। ਚੰਨੀ ਨੇ ਕਿਹਾ ਕਿ ਖਪਤਕਾਰਾਂ ਦੀ ਸ਼ਨਾਖ਼ਤ ਲਈ ਤਹਿਸੀਲ ਪੱਧਰ ‘ਤੇ ਕਮੇਟੀਆਂ ਬਣਨਗੀਆਂ ਜੋ ਬਕਾਇਆ ਬਿੱਲਾਂ ਬਾਰੇ ਫ਼ੈਸਲਾ ਕਰਨਗੀਆਂ।

RELATED ARTICLES
POPULAR POSTS