Breaking News
Home / ਪੰਜਾਬ / ਪਿਛਲੇ 5 ਸਾਲ ਤੋਂ 3 ਘੰਟੇ ਤੋਂ ਜ਼ਿਆਦਾ ਕਦੇ ਨਹੀਂ ਖੋਲ੍ਹਦੇ ਦੁਕਾਨ, ਕਿਸੇ ਵੀ ਸਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਨਹੀਂ ਕਮਾਉਂਦੇ

ਪਿਛਲੇ 5 ਸਾਲ ਤੋਂ 3 ਘੰਟੇ ਤੋਂ ਜ਼ਿਆਦਾ ਕਦੇ ਨਹੀਂ ਖੋਲ੍ਹਦੇ ਦੁਕਾਨ, ਕਿਸੇ ਵੀ ਸਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਨਹੀਂ ਕਮਾਉਂਦੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ-ਸਭ ਤੇਰਾ-ਤੇਰਾ, ਇਸ ਲਈ ਜਲੰਧਰ ‘ਚ 3 ਦਿਨ ਗੁਰਪੁਰਬ ਮੌਕੇ ਹਰ ਸਾਲ ਚਮਨ ਲਾਲ ਮਹਿੰਗਾ ਸਮਾਨ ਵੀ ਵੇਚਦੇ ਹਨ 13 ਰੁਪਏ ‘ਚ
ਜਲੰਧਰ/ਬਿਊਰੋ ਨਿਊਜ਼
ਜਲੰਧਰ ਤੋਂ 44 ਕਿਲੋਮੀਟਰ ਦੂਰ ਪੰਜਾਬ ਦੀ ਸਭ ਤੋਂ ਵੱਡੀ ਸੋਨੇ ਦੀ ਮੰਡੀ ਹੈ ਅਪਰਾ। ਇਥੇ ਗਾਰਮੈਂਟਸ ਸ਼ੌਪਕੀਪਰ ਚਮਨ ਲਾਲ (65) ਦੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬਹੁਤ ਸ਼ਰਧਾ ਹੈ। ਉਹ ਹਰ ਸਾਲ ਗੁਰਪੁਰਬ ਮੌਕੇ 3 ਦਿਨ ਸਭ ਤੇਰਾ-ਤੇਰਾ (ਪ੍ਰਮਾਤਮਾ ਦਾ) ਬੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ‘ਚ ਵੇਚ ਦਿੰਦੇ ਹਨ। ਉਹ 5 ਸਾਲ ਤੋਂ ਲਗਾਤਾਰ ਅਜਿਹਾ ਕਰ ਰਹੇ ਹਨ। ਆਮ ਦਿਨਾਂ ‘ਚ ਵੀ ਹਰ ਰੋਜ਼ 3 ਘੰਟੇ ਦੁਕਾਨ ਖੋਲ੍ਹਦੇ ਹਨ ਅਤੇ ਸਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਮੁਨਾਫ਼ਾ ਨਹੀਂ ਕਮਾਉਂਦੇ।
ਅਜਿਹਾ ਕਰਨ ਦੇ ਪਿੱਛੇ ਚਮਨ ਲਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ‘ਚ ਸਭ ਤੇਰਾ-ਤੇਰਾ ਕਹਿ ਕੇ ਬਰਾਬਰ ਅਨਾਜ ਤੋਲਿਆ ਕਰਦੇ ਸਨ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਤੋਂ ਕਦੇ ਵੀ ਕੋਈ ਚੀਜ਼ ਘੱਟ ਨਹੀਂ ਹੁੰਦੀ। ਉਹ ਦੱਸਦੇ ਹਨ ਕਿ 5 ਸਾਲ ਪਹਿਲਾਂ ਇਕ ਗ੍ਰਾਹਕ ਨੇ ਗੁਰਪੁਰਬ ਦਾ ਹਵਾਲਾ ਦੇ ਕੇ ਰੇਟ ਘੱਟ ਕਰਨ ਲਈ ਕਿਹਾ ਸੀ, ਉਦੋਂ ਤੋਂ ਹੀ ਉਹ ਅਜਿਹਾ ਕਰ ਰਹੇ ਹਨ। ਜਥੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਚਮਨ ਲਾਲ ਇਲਾਕੇ ‘ਚ ਕਾਫ਼ੀ ਪ੍ਰਸਿੱਧ ਹਨ। ਉਨ੍ਹਾਂ ਦਾ ਪਰਿਵਾਰ ਬਟਵਾਰੇ ਦੇ ਸਮੇਂ ਪਾਕਿਸਤਾਨ ਤੋਂ ਆਇਆ ਸੀ। ਉਨ੍ਹਾਂ ਦੀ ਦੁਕਾਨ ‘ਚ ਪੈਂਟ, ਸ਼ਰਟ, ਜੈਕੇਟ, ਬੈਲਟ, ਲੇਡੀਜ਼ ਚੱਪਲ ਅਤੇ ਬੱਚਿਆਂ ਦੇ ਕੱਪੜੇ ਮਿਲਦੇ ਹਨ। ਆਮ ਦਿਨਾਂ ‘ਚ ਵੀ 300 ਰੁਪਏ ਕਮਾਉਣ ‘ਤੇ ਦੁਕਾਨ ਬੰਦ ਕਰ ਦਿੰਦੇ ਹਨ। ਕਲਾਸਮੇਟ ਰਹੇ ਨੰਬਰਦਾਰ ਗਿਆਨ ਸਿੰਘ ਨੇ ਦੱਸਿਆ ਕਿ ਚਮਨ ਲਾਲ ਬਚਪਨ ‘ਚ ਵੀ ਬਚੀ ਸਬਜ਼ੀ ਫਰੀ ਦੇ ਦਿੰਦੇ ਸਨ। ਸਰਪੰਚ ਦਿਨੇਸ਼ ਕੁਮਾਰ ਦੱਸਦੇ ਹਨ ਕਿ ਚਮਨ ਲਾਲ ਹਿੰਦੂ ਹੈ ਪ੍ਰੰਤੂ ਉਨ੍ਹਾਂ ਦੀ ਸਿੱਖ ਧਰਮ ਪ੍ਰਤੀ ਬਹੁਤ ਸ਼ਰਧਾ ਹੈ।
ਗੁਰਦੁਆਰਾ ਕਲਗੀਧਰ ਸਾਹਿਬ ਅਪਰਾ ਦੇ ਪ੍ਰਧਾਨ ਕੁਲਦੀਪ ਸਿੰਘ ਜੌਹਲ ਨੇ ਕਿਹਾ ਕਿ ਚਮਨ ਲਾਲ ਬਿਜਨਸਮੈਨ ਹਨ ਪਰ ਉਹ ਲੋਕਾਂ ਦੀ ਭਲਾਈ ਲਈ ਹੀ ਸੋਚਦੇ ਹਨ। ਚਮਨ ਲਾਲ ਦੀ ਪਤਨੀ ਸ਼ਕੁੰਤਲਾ ਕਪੂਰ ਦੱਸਦੀ ਹੈ ਕਿ ਇਕ ਦਿਨ ਉਹ ਆਪਣੇ ਲਈ 1000 ਰੁਪਏ ਦੀ ਜੈਕਟ ਲਿਆਈ, ਅਗਲੇ ਦਿਨ ਉਹ ਉਸਨੂੰ ਲੈ ਗਏ ਅਤੇ 13 ਰੁਪਏ ‘ਚ ਵੇਚ ਆਏ। ਉਨ੍ਹਾਂ ਦੇ ਪੁੱਤਰ ਅਜੇ ਕਪੂਰ ਦਾ ਆਪਣਾ ਕਾਰੋਬਾਰ ਹੈ, ਪੁੱਤਰੀ ਰੀਨਾ ਦਾ ਵਿਆਹ ਹੋ ਚੁੱਕਿਆ ਹੈ, ਸਾਨੂੰ ਹੋਰ ਕੀ ਚਾਹੀਦਾ ਹੈ।
ਨਾ ਘਾਟਾ, ਨਾ ਮੁਨਾਫਾ
ਚਮਨ ਲਾਲ ਨੇ ਬਿਜਨਸ ਦੀ ਆਪਣੀ ਅਲੱਗ ਸਟ੍ਰੈਟਜੀ ਵੀ ਸਮਝਾਈ। ਕਿਹਾ ਕਿ ਮੰਨ ਲਓ ਮੈਂ 100 ਰੁਪਏ ਦੇ ਹਿਸਾਬ ਨਾਲ 10,000 ‘ਚ 100 ਪੀਸ ਕੱਪੜਾ ਖਰੀਦਿਆ। ਫਿਰ 84 ਪੀਸ ਨੂੰ 20 ਰੁਪਏ ਮੁਨਾਫੇ ਦੇ ਨਾਲ 120 ਪ੍ਰਤੀ ਪੀਸ ਵੇਚ ਦਿੰਦਾ ਹਾਂ। ਇਸ ਨਾਲ 10080 ਰੁਪਏ ਮੇਰੀ ਲਾਗਤ ਨਿਕਲ ਗਈ। ਬਚੇ 16 ਪੀਸ ਗੁਰਪੁਰਬ ਮੌਕੇ ਵੇਚਣ ਦੇ ਲਈ ਰੱਖ ਲੈਂਦਾਂ ਹਾਂ। ਇਸ ਨਾਲ ਨਾ ਮੁਨਾਫਾ ਹੁੰਦਾ ਨਾ ਹੀ ਘਾਟਾ ਪੈਂਦਾ ਹੈ। ਮੈਂ ਡੇਢ ਘੰਟੇ ‘ਚ 150 ਲੋਕਾਂ ਨੂੰ 13 ਰੁਪਏ ਦੇ ਹਿਸਾਬ ਨਾਲ 3250 ‘ਚ 250 ਪੀਸ ਵੇਚੇ। ਇਨ੍ਹਾਂ ਹੀ ਕੱਪੜਿਆਂ ਨੂੰ ਆਮ ਦਿਨਾਂ ‘ਚ 75 ਰੁਪਏ ਪੀਸ ਦੇ ਹਿਸਾਬ ਨਾਲ 18750 ‘ਚ ਵੇਚਦਾ ਹਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨੇ ਨਤਮਸਤਕ ਹੋ ਕੇ ਪਹਿਲੇ ਪਾਤਸ਼ਾਹ ਨੂੰ ਅਕੀਦਤ ਭੇਟ ਕੀਤੀ। ਅੰਮ੍ਰਿਤ ਵੇਲੇ ਤੋਂ ਹੀ ਪੁੱਜੀਆਂ ਸੰਗਤਾਂ ਨੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਜਲੌਅ ਸਜਾਏ ਗਏ। ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ‘ਤੇ ਦੀਪਮਾਲਾ ਵੀ ਕੀਤੀ ਗਈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਕਾਰਜ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਭਾਈ ਹਰਮਿੱਤਰ ਸਿੰਘ ਨੇ ਪਾਵਨ ਹੁਕਮਨਾਮਾ ਸਰਵਣ ਕਰਵਾਇਆ। ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਪਹਿਲੇ ਪਾਤਸ਼ਾਹ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ‘ਤੇ ਚੱਲਣ ਲਈ ਪ੍ਰੇਰਿਆ। ਭਾਈ ਹਰਮਿੱਤਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
ਵ੍ਹਾਈਟ ਹਾਊਸ ਵਿੱਚ ਗੁਰਪੁਰਬ ਮਨਾਉਣ ਨਾਲ ਸਿੱਖ ਪਛਾਣ ਬਾਰੇ ਭੁਲੇਖੇ ਹੋਣਗੇ ਦੂਰ: ਕਾਰਲਸਨ
ਅੰਮ੍ਰਿਤਸਰ : ਦਿੱਲੀ ਸਥਿਤ ਅਮਰੀਕੀ ਸਫ਼ਾਰਤਖਾਨੇ ਦੀ ਉਪ ਮੁਖੀ ਮੈਰੀ ਕੇ ਕਾਰਲਸਨ ਨੇ ਆਖਿਆ ਕਿ ਟਰੰਪ ਸਰਕਾਰ ਵੱਲੋਂ ਵ੍ਹਾਈਟ ਹਾਊਸ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਨਾਲ ਉਥੇ ਸਿੱਖ ਪਛਾਣ ਬਾਰੇ ਭਰਮ-ਭੁਲੇਖੇ ਦੂਰ ਕਰਨ ਵਿੱਚ ਮਦਦ ਮਿਲੇਗੀ। ਉਹ ਇੱਥੇ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਪੁੱਜੇ ਸਨ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਅਮਰੀਕੀ ਸਫ਼ੀਰ ਨੇ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਟਰੰਪ ਸਰਕਾਰ ਵੱਲੋਂ ਵੀ ਵ੍ਹਾਈਟ ਹਾਊਸ ਵਿੱਚ ਸਿੱਖ ਭਾਈਚਾਰੇ ਦੀ ਮਦਦ ਨਾਲ ਗੁਰਪੁਰਬ ਮਨਾਇਆ ਗਿਆ ਹੈ, ਜਿਸ ਨਾਲ ਸਿੱਖ ਪਛਾਣ ਬਾਰੇ ਭਰਮ-ਭੁਲੇਖੇ ਦੂਰ ਹੋਣਗੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਅਮਰੀਕੀ ਸਫ਼ਾਰਤਖਾਨਾ ਇਸ ਮਾਮਲੇ ਵਿੱਚ ਪੁਲ ਵਜੋਂ ਕੰਮ ਕਰੇਗਾ ਅਤੇ ਸਿੱਖ ਮਾਮਲਿਆਂ ਨੂੰ ਅਮਰੀਕਾ ਸਰਕਾਰ ਤੱਕ ਪਹੁੰਚਾਏਗਾ। ਉਨ੍ਹਾਂ ਇੱਥੇ ਯਾਤਰੂ ਕਿਤਾਬ ਵਿੱਚ ਲਿਖਿਆ ਕਿ ਗੁਰੂ ਘਰ ਆ ਕੇ ਤੇ ਸਿੱਖ ਭਾਈਚਾਰੇ ਵੱਲੋਂ ਕੀਤੇ ਨਿੱਘੇ ਸਵਾਗਤ ਨਾਲ ਵੱਡਾ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਗੁਰੂ ਰਾਮਦਾਸ ਲੰਗਰ ਘਰ ਵਿੱਚ ਲੰਗਰ ਤਿਆਰ ਹੋਣ ਤੇ ਵਰਤਾਉਣ ਦੀ ਪ੍ਰਕਿਰਿਆ ਵੀ ਵੇਖੀ। ਉਨ੍ਹਾਂ ਆਖਿਆ ਕਿ ਉਹ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਤੋਂ ਬਹੁਤ ਪ੍ਰਭਾਵਿਤ ਹਨ।

 

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …