Breaking News
Home / ਪੰਜਾਬ / ਜਲੰਧਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਜਲੰਧਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

guru-granth-sahib-beadbi-newsਨਹਿਰ ਵਿਚੋਂ ਪਾਵਨ ਸਰੂਪ ਅਤੇ ਸ੍ਰੀਮਦ ਭਗਵਤ ਗੀਤਾ ਦੇ ਪੱਤਰੇ ਮਿਲੇ
ਜਲੰਧਰ/ਬਿਊਰੋ ਨਿਊਜ਼
ਇਥੇ ਸ਼ਹਿਰ ਵਿਚੋਂ ਲੰਘਦੀ ਨਹਿਰ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲਣ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ। ਸਿੱਖ ਜਥੇਬੰਦੀਆਂ ਨੇ ਕਪੂਰਥਲਾ ਚੌਕ ਵਿੱਚ ਧਰਨਾ ਲਗਾ ਕੇ ਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੰਜ ਏਡੀਸੀਪੀ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਨਹਿਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨਾਲ ਹੀ ਭਗਵਦ ਗੀਤਾ ਦੇ ਪੰਨੇ ਵੀ ਮਿਲੇ ਹਨ। ਥਾਣਾ ਡਿਵੀਜ਼ਨ ਨੰਬਰ 5 ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰ ਲਿਆ ਹੈ। ਸਿੱਖ ਜਥੇਬੰਦੀਆਂ ਦਾ ਸਾਥ ਦੇਣ ਲਈ ਸ਼ਿਵ ਸੈਨਾ (ਬਾਲ ਠਾਕਰੇ) ઠਦੇ ਕਾਰਕੁਨ ਵੀ ਧਰਨੇ ਵਿੱਚ ਆ ਕੇ ਬੈਠ ਗਏ।
ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਪ੍ਰਿੰਸਪਾਲ ਸਿੰਘ ਨਾਂ ਦਾ ਨੌਜਵਾਨ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਗੁਰਦੁਆਰੇ ਤੋਂ ਪਾਠ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਸ਼ੇਰ ਸਿੰਘ ਕਲੋਨੀ ਕੋਲੋਂ ਲੰਘਦੀ ਨਹਿਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੈਰ ਰਹੇ ਸਨ। ਉਸ ਨੇ ਆਪਣੇ ਸਾਥੀਆਂ ਨੂੰ ਦੱਸਿਆ ਤਾਂ 15-20 ਸਿੱਖ ਨੌਜਵਾਨ ਉਥੇ ਪਹੁੰਚ ਗਏ। ਉਨ੍ਹਾਂ ਨੂੰ ਨਹਿਰ ਵਿਚੋਂ ਤਕਰੀਬਨ 200-250 ਅੰਗ ਮਿਲੇ। ਸਿੱਖ ਨੌਜਵਾਨਾਂ ਨੇ ਨਹਿਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਸ਼ਰਧਾ ਤੇ ਸਤਿਕਾਰ ਨਾਲ ਚੁੱਕ ਕੇ ਪਾਲਕੀ ‘ਚ ਰੱਖੇ ਅਤੇ ਨਾਲ ਹੀ ਭਗਵਦ ਗੀਤਾ ਦੇ ਅੰਗ ਵੀ ਰੱਖੇ ਹੋਏ ਹਨ। ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਨੇ ਕਿਹਾ ਕਿ ਇਕ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ 24 ਘੰਟੇ ਕਪੂਰਥਲਾ ਚੌਕ ਵਿਚ ਪਾਠ ਚੱਲਦਾ ਰਹੇਗਾ ਤੇ ਸਵੇਰੇ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਗੋਇੰਦਵਾਲ ਸਾਹਿਬ ਲਿਜਾ ਕੇ ਸਸਕਾਰ ਕੀਤਾ ਜਾਵੇਗਾ। ਸਿੱਖ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਸੀ ਕਿ ਜਗਦੀਸ਼ ਗਗਨੇਜਾ ਦੀ ਮੌਤ ਤੋਂ ਬਾਅਦ ਇਸ ਘਟਨਾ ਦਾ ਵਾਪਰਨਾ ਇਕ ਡੂੰਘੀ ਸਾਜ਼ਿਸ਼ ਲੱਗ ਰਿਹਾ ਹੈ ਤਾਂ ਜੋ ਸਿੱਖਾਂ ਦਾ ਸ਼ੱਕ ਹਿੰਦੂ ਜਥੇਬੰਦੀਆਂ ‘ਤੇ ਜਾਵੇ ਤੇ ਪੰਜਾਬ ਵਿਚ ਵੱਡਾ ਦੁਫੇੜ ਪਾਇਆ ਜਾ ਸਕੇ। ਇਕ ਏ.ਡੀ.ਸੀ.ਪੀ. ਨੇ ਦੱਸਿਆ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲੇ ਹਨ ਉਨ੍ਹਾਂ ਦੀ ਪ੍ਰਿੰਟਿੰਗ ਵੱਖੋ-ਵੱਖਰੀ ਹੈ ਤੇ ਇਹ ਤਿੰਨ ਤਰ੍ਹਾਂ ਦੀ ਛਪਾਈ ਲੱਗ ਰਹੀ ਸੀ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਵਿਚ ਦੋਸ਼ੀਆਂ ਨੂੰ ਫੜਿਆ ਹੁੰਦਾ ਤਾਂ ਇਹ ਘਟਨਾ ਨਹੀਂ ਸੀ ਵਾਪਰਨੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ‘ਚ ਇਕ ਪ੍ਰਕਾਸ਼ਕ ਸਮੇਤ ਦੋ ਵਿਅਕਤੀ ਗ੍ਰਿਫਤਾਰ
ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।  ਜਲੰਧਰ ਪੁਲਿਸ ਨੇ ਇਸ ਮਾਮਲੇ ਵਿਚ ਇੱਕ ਪ੍ਰਕਾਸ਼ਕ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ। ਦਰਅਸਲ ਨਹਿਰ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਮਿਲਣ ਤੋਂ ਬਾਅਦ ਸਿੱਖ ਸੰਗਤਾਂ ਵਿਚ ਭਾਰੀ ਰੋਸ ਸੀ। ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਹੋਇਆ ਸੀ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜਲੰਧਰ ਸ਼ਹਿਰ ਵਿਚੋਂ ਲੰਘਦੀ ਨਹਿਰ ਵਿਚੋਂ ਪਾਵਨ ਸਰੂਪ ਅਤੇ ਸ੍ਰੀਮਦ ਭਗਵਤ ਗੀਤਾ ਦੇ ਪੱਤਰੇ ਮਿਲੇ ਸਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …