ਨਸ਼ਾ ਤਸਕਰੀ ਦੇ ਮਾਮਲੇ ’ਚ ਪਟਿਆਲਾ ਦੀ ਜੇਲ੍ਹ ’ਚ ਬੰਦ ਹੈ ਬਿਕਰਮ ਮਜੀਠੀਆ
ਮੋਹਾਲੀ/ਬਿਊਰੋ ਨਿਊਜ਼
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਜੀਠੀਆ ਦਾ ਰਿਮਾਂਡ ਵਧਾ ਕੇ ਹੁਣ 5 ਅਪ੍ਰੈਲ ਤੱਕ ਕਰ ਦਿੱਤਾ ਹੈ। ਧਿਆਨ ਰਹੇ ਕਿ ਬਿਕਰਮ ਮਜੀਠੀਆ ਨਸ਼ਾ ਤਸਕਰੀ ਦੇ ਆਰੋਪਾਂ ਹੇਠ ਪਟਿਆਲਾ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ ਪਿਛਲੀ ਪੇਸ਼ੀ ਤੋਂ ਬਾਅਦ 22 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਹੁਣ ਉਸਦੀ ਨਿਆਇਕ ਹਿਰਾਸਤ 5 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਕਰਮ ਮਜੀਠੀਆ ਖਿਲਾਫ ਜਾਂਚ ਕਰ ਰਹੀ ਐਸਆਈਟੀ ਦਾ ਪੁਨਰਗਠਨ ਵੀ ਕਰ ਦਿੱਤਾ ਹੈ। ਨਵੀਂ ਐਸਆਈਟੀ ਦੀ ਨਿਗਰਾਨੀ ਹੁਣ ਆਈਜੀਪੀ (ਕਰਾਈਮ) ਗੁਰਸ਼ਰਨ ਸਿੰਘ ਸੰਧੂ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 20 ਦਸੰਬਰ ਨੂੰ ਸਟੇਟ ਕਰਾਈਮ ਬਰਾਂਚ ਮੋਹਾਲੀ ਨੇ ਐਸਟੀਐਫ ਦੀ ਰਿਪੋਰਟ ਦੇ ਅਧਾਰ ’ਤੇ ਬਿਕਰਮ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਸੀ।