ਪੰਜਾਬ ’ਚ ਕੱਚੇ ਘਰਾਂ ਨੂੰ ਵੀ ਪੱਕੇ ਕਰਨ ਦੀ ਗੱਲ ਕਹੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਗਰੁੱਪ-ਸੀ ਅਤੇ ਡੀ ਦੇ 35 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸਬੰਧੀ ਮੁੱਖ ਸਕੱਤਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖਰੜਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਰੇ ਬਿੱਲ ਪਾਸ ਕਰਵਾਇਆ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੋਕ ਪ੍ਰਵਾਨ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਪੰਜਾਬ ਵਿਚ ਨਿਕਲਦੇ ਸੀ ਤਾਂ ਸਾਡੀਆਂ ਗੱਡੀਆਂ ਸਾਹਮਣੇ ਆ ਕੇ ਮੁਲਾਜ਼ਮ ਪੱਕੇ ਹੋਣ ਦੀ ਦੁਹਾਈ ਪਾਉਂਦੇ ਸਨ, ਕਈ ਵਾਰ ਤਾਂ ਉਹ ਆਪਣਾ ਦੁੱਖ ਸੁਣਾਉਂਦੇ ਹੋਏ ਰੋਣ ਵੀ ਲੱਗ ਪੈਂਦੇ ਸਨ। ਮਾਨ ਨੇ ਕਿਹਾ ਕਿ ਅਸੀਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੋਈ ਚੌਕ ਜਾਂ ਕੋਈ ਅਜਿਹੀ ਟੈਂਕੀ ਨਹੀਂ ਸੀ ਜਿੱਥੇ ਸਰਕਾਰ ਵੱਲੋਂ ਸਤਾਏ ਗਏ ਮੁਲਾਜ਼ਮਾਂ ਵੱਲੋਂ ਧਰਨਾ ਨਹੀਂ ਸੀ ਲਗਾਇਆ ਗਿਆ ਪ੍ਰੰਤੂ ਹੁਣ ਸਰਕਾਰ ਬਦਲ ਗਈ ਹੈ ਅਤੇ ਅਸੀਂ ਹੁਣ ਪੰਜਾਬ ਦੇ ਧੀਆਂ-ਪੁੱਤਰਾਂ ਨੂੰ ਸੜਕਾਂ ’ਤੇ ਰੁਲਣ ਨਹੀਂ ਦਿਆਂਗੇ। ਅੱਜ ਅਸੀਂ ਚੋਣਾਂ ਦੌਰਾਨ ਕੀਤੇ ਗਏ ਇਕ ਵਾਅਦੇ ਨੂੰ ਪੂਰਾ ਕਰਦਿਆਂ 35 ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਰ ਵੀ ਵੱਡੇ ਫੈਸਲੇ ਲਏਗੀ। ਹੁਣ ਪੰਜਾਬ ਵਿਚ ਨਾ ਕੋਈ ਮੁਲਾਜ਼ਮ ਕੱਚਾ ਰਹੇਗਾ ਅਤੇ ਨਾ ਹੀ ਕੋਈ ਘਰ ਕੱਚਾ ਰਹੇਗਾ।