Breaking News
Home / ਰੈਗੂਲਰ ਕਾਲਮ / ਪਹਿਲੀ ਪੋਸਟਿੰਗ

ਪਹਿਲੀ ਪੋਸਟਿੰਗ

ਜਰਨੈਲ ਸਿੰਘ
ਕਿਸ਼ਤ 11ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਸਾਮ ਦੀ ਧਰਤੀ ਹੇਠ ਤੇਲ ਹੈ। ਰਾਤ ਨੂੰ ਜੇ ਬਾਲਟੀ ‘ਚ ਪਾਣੀ ਪਿਆ ਰਹਿ ਜਾਂਦਾ, ਸਵੇਰੇ ਉਸ ਉੱਪਰ ਤੇਲ ਦੀ ਪਤਲੀ ਜਿਹੀ ਪਰਤ ਨਜ਼ਰ ਆਉਂਦੀ ਸੀ। ਆਸਾਮ ‘ਚ ਨਦੀਆਂ ਅਤੇ ਜੰਗਲ਼ ਬਹੁਤ ਸਨ। ਮੀਲਾਂ ਤੱਕ ਪਸਰੇ ਚਾਹ ਦੇ ਬਾਗਾਂ ਦੇ ਦ੍ਰਿਸ਼ ਅੱਖਾਂ ਨੂੰ ਬਹੁਤ ਹੀ ਸੁਖਾਵੇਂ ਲਗਦੇ ਸਨ। ਪਰ ਬਾਗਾਂ ਦੇ ਮਜ਼ਦੂਰਾਂ-ਮਜ਼ਦੂਰਨਾਂ ਦੀ ਗੁਰਬਤ ਵੇਖ ਕੇ ਮਨ ਦੁਖੀ ਹੋ ਜਾਂਦਾ। ਗਰੀਬੀ ਦਾ ਕਾਰਨ ਚਾਹ-ਬਾਗਾਂ ਦੇ ਮਾਲਕਾਂ ਵਲੋਂ ਉਨ੍ਹਾਂ ਨਾਲ਼ ਹੁੰਦੀ ਬੇਇਨਸਾਫ਼ੀ ਸੀ। ਕੰਮਾਂ ਅਨੁਸਾਰ ਉਨ੍ਹਾਂ ਦੀ ਮਜ਼ਦੂਰੀ ਬਹੁਤ ਥੋੜ੍ਹੀ ਸੀ। ਕਰੋੜਾਂ ‘ਚ ਖੇਲ੍ਹਦੇ ਮਾਲਕ ਆਪ ਤਾਂ ਮਹਿਲਾਂ ਵਰਗੇ ਘਰਾਂ ‘ਚ ਰਹਿੰਦੇ ਸਨ ਤੇ ਮਜ਼ਦੂਰ ਕੈਬਿਨਾਂ-ਝੌਂਪੜੀਆਂ ਵਿਚ ਮੰਦਹਾਲੀ ਹੰਢਾ ਰਹੇ ਸਨ।
ਮੇਰੀ ਦੋ ਮਹੀਨੇ ਦੀ ਛੁਟੀ ਮਨਜ਼ੂਰ ਹੋ ਚੁੱਕੀ ਸੀ। ਛੁੱਟੀ ਤਾਂ ਟਰੇਨਿੰਗ ਸੈਂਟਰ ਤੋਂ ਸੁਕਆਡਨ ‘ਚ ਆਉਣ ਸਾਰ ਹੀ ਮਿਲ਼ ਸਕਦੀ ਸੀ ਪਰ ਮੈਂ ਦੀਵਾਲੀ ਘਰਦਿਆਂ ਨਾਲ਼ ਮਨਾਉਣੀ ਚਾਹੁੰਦਾ ਸਾਂ। ਸਤੰਬਰ ਦਾ ਅਖੀਰ ਸੀ। ਡੇਢ ਸਾਲ ਬਾਅਦ ਜਦੋਂ ਘਰ ਪਹੁੰਚਾ ਤਾਂ ਬੀਬੀ, ਬਾਪੂ ਜੀ ਤੇ ਭਰਾ ਉੱਡ ਕੇ ਮਿਲ਼ੇ। ਮੇਰੇ ਲਈ ਵੀ ਅਨੂਠੀ ਖੁਸ਼ੀ ਦੇ ਪਲ ਸਨ ਉਹ।
ਬਾਪੂ ਜੀ ਨੇ ਪਿੰਡ ਵਿਚਲਾ ਘਰ ਆਪਣੇ ਭਤੀਜੇ ਨਿਰਮਲ ਸਿੰਘ ਨੂੰ ਦੇ ਕੇ ਉਸਦੇ ਹਿੱਸੇ ਦੀ ਹਵੇਲੀ ਲੈ ਲਈ ਸੀ ਅਤੇ ਹਵੇਲੀ ਢਾਹ ਕੇ ਖੁੱਲ੍ਹਾ ਹਵਾਦਾਰ ਘਰ ਬਣਾ ਲਿਆ ਸੀ। ਨਵਾਂ ਘਰ ਸਾਡੇ ਸਾਹਾਂ ਵਿਚ ਸੁਖੈਨਤਾ ਭਰਦਾ ਸੀ। ਸਾਡੀਆਂ ਨਵੀਆਂ ਰੀਝਾਂ ਲਈ ਉਤਸ਼ਾਹੀ ਹੁਲਾਰਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੈਂ ਘਰ ਨੂੰ ਮਨੀਆਰਡਰ ਨਹੀਂ ਭੇਜੇ ਸਨ। ਇਕੱਠੀ ਰਕਮ, ਹੁਣ ਯਾਦ ਨਹੀਂ ਕਿੰਨੀ ਸੀ, ਜਦੋਂ ਬਾਪੂ ਜੀ ਦੇ ਹੱਥ ‘ਤੇ ਧਰੀ ਤਾਂ ਉਨ੍ਹਾਂ ਹੁੱਬ ਕੇ ਸ਼ਾਬਾਸ਼ ਦਿੱਤੀ ਸੀ। ਪਿੰਡ ਦੇ ਲੋਕ ਖੁਸ਼ ਹੋ ਕੇ ਮਿਲ਼ੇ ਸਨ।
ਮੈਂ ਉਮਾਹੀ ਮੂਡ ‘ਚ ਭੈਣਾਂ, ਨਾਨਕਿਆਂ ਤੇ ਮਾਸੀਆਂ ਨੂੰ ਮਿਲਣ ਗਿਆ। ਉਨ੍ਹਾਂ ਬੜੇ ਚਾਅ ਕੀਤੇ। ਬਖ਼ਸ਼ੀਸ਼ ਦਾ ਟਰੱਕ ਡਰਾਈਵਰ ਦਾ ਕੰਮ ਬਹੁਤਾ ਦੂਰ-ਪਾਰ ਵਾਲ਼ਾ ਨਹੀਂ ਸੀ। ਉਹ ਦੂਜੇ, ਤੀਜੇ ਦਿਨ ਘਰ ਆ ਜਾਂਦਾ। ਨਵੇਂ ਘਰ ਦੀ ਬੈਠਕ ਵਿਚ ਬਾਪੂ ਜੀ ਤੇ ਅਸੀਂ ਤਿੰਨੇ ਭਰਾ ਇਕੱਠੇ ਬੈਠ ਰੰਮ ਦੇ ਪੈੱਗ ਲਾਉਂਦੇ। ਇਕ ਸ਼ਾਮ ਜਦੋਂ ਬੀਬੀ ਵੀ ਕੋਲ਼ ਬੈਠੀ ਸੀ ਤਾਂ ਬਾਪੂ ਜੀ ਨੇ ਸਿੱਖ-ਮੱਤ ਦੇਂਦਿਆਂ ਆਖਿਆ ਸੀ, “ਮੈਂ ‘ਕੱਲਾ-ਕਾਰਾ ਸੀ। ਸ਼ਰੀਕਾਂ ਨੇ ਬੁਰੀ ਤਰ੍ਹਾਂ ਰੋਲ਼ਿਆ। ਤੁਸੀਂ ਸੁੱਖ ਨਾਲ਼ ਤਿੰਨ ਜਣੇ ਆਂ, ਇਕ-ਦੂਜੇ ਦੇ ਸ਼ਰੀਕ ਨਾ ਬਣਿਓਂ। ਰਲ਼ਮਿਲ਼ ਕੇ ਰਿਹੋ। ਏਕੇ ਵਿਚ ਬੜੀ ਬਰਕਤ ਹੁੰਦੀ ਐ।” ਉਸ ਸਿੱਖ-ਮੱਤ ਨੂੰ ਅਸੀਂ ਅੱਜ ਤੱਕ ਨਿਭਾ ਰਹੇ ਆਂ। ਸਾਡਾ ਭਰਾਵਾਂ ਤੇ ਭੈਣਾਂ ਦਾ ਆਪਸੀ ਮੋਹ-ਪਿਆਰ ਪਹਿਲਾਂ ਵਾਂਗ ਹੀ ਬਰਕਰਾਰ ਹੈ। ਮੋਹ ਦਾ ਇਹ ਕਣ ਅਗਾਂਹ ਸਾਡੇ ਬੱਚਿਆਂ ਵਿਚ ਵੀ ਮੌਜੂਦ ਹੈ।
ਦੀਵਾਲੀ ਵਾਲ਼ੇ ਦਿਨ ਮੈਂ ਹੁਸ਼ਿਆਰਪੁਰ ਤੋਂ ਮਠਿਆਈ ਤੇ ਪਟਾਕੇ ਲੈ ਆਇਆ। ਰਾਤ ਨੂੰ ਅਸੀਂ ਨਵੇਂ ਘਰ ਦੇ ਬਨੇਰਿਆਂ ਅਤੇ ਵਗਲ਼ ਦੀਆਂ ਕੰਧਾ ‘ਤੇ ਮਿੱਟੀ ਦੇ ਦੀਵੇ ਜਗਾਏ। ਫਿਰ ਚਾਰੇ ਜਣੇ ਪੀਣ ਬੈਠ ਗਏ। ਨਾਲ਼ ਦੀ ਨਾਲ਼ ਪਟਾਕੇ ਵੀ ਚਲਾਉਂਦੇ ਰਹੇ। ਦੀਵਾਲੀ ਦਾ ਮਜ਼ਾ ਰੱਜ ਕੇ ਮਾਣਿਆਂ। ਦੋ ਕੁ ਵਾਰ ਸਕੂਲ ਟਾਈਮ ਦੇ ਹਾਣੀਆਂ ਰਾਜਿੰਦਰ ਅਤੇ ਸੋਹਣ ਨਾਲ਼ ਹੁਸ਼ਿਆਰਪੁਰ ਦੇ ਥੀਏਟਰਾਂ ਵਿਚ ਫਿਲਮਾਂ ਵੇਖੀਆਂ।
ਖੁਸ਼ਗਵਾਰ ਸਮੇਂ ਨੂੰ ਮਾਣਦਿਆਂ ਛੁੱਟੀ ਦੇ ਦੋ ਮਹੀਨੇ ਕਦੋਂ ਬੀਤ ਗਏ, ਪਤਾ ਹੀ ਨਾ ਲੱਗਾ। ਘਰੋਂ ਤੁਰਨ ਲੱਗਿਆਂ ਮਾਂ, ਬਾਪੂ ਜੀ ਤੇ ਭਰਾਵਾਂ ਨੂੰ ਗਲਵਕੜੀ ਪਾਉਂਦਿਆਂ ਅੱਖਾਂ ਛਲਕ ਪਈਆਂ। ਘਰ, ਘਰ ਹੀ ਹੁੰਦੈ।
ਡਿੰਜਨ ਪਹੁੰਚਾ ਤਾਂ ਮੇਰੀ ਸਿਹਤ ‘ਚ ਆਏ ਨਿਖਾਰ ਨੂੰ ਤੱਕਦਿਆਂ ਗੈਰ-ਪੰਜਾਬੀ ਸੈਨਿਕਾਂ ਨੇ ਪੁੱਛਿਆ, “ਵ੍ਹਟ ਵਾਜ਼ ਯੁਅਰ ਸਪੈਸ਼ਲ ਡਾਈਟ ਇਨ ਪੰਜਾਬ?”
“ਮੁੱਖ ਖ਼ੁਰਾਕ ਉਹ ਖੁਸ਼ੀ ਸੀ ਜੋ ਘਰਦਿਆਂ ਦੇ ਅੰਗ-ਸੰਗ ਵਿਚਰਦਿਆਂ ਮਿਲ਼ੀ। ਬਾਕੀ ਘਰ ਦਾ ਦੁੱਧ, ਘਿਓ, ਦਹੀਂ, ਸਾਗ ਤੇ ਮੱਕੀ ਦੀ ਰੋਟੀ। ਪੰਜਾਬ ਦਾ ਤਾਂ ਪਾਣੀ ਹੀ ਟੌਨਿਕ ਵਰਗਾ ਹੈ।” ਮੈਂ ਮਾਣ ਨਾਲ਼ ਆਖਿਆ ਸੀ।
ਉਦੋਂ ਪੰਜਾਬ ‘ਚ ਪ੍ਰਦੂਸ਼ਣ ਨਹੀਂ ਸੀ। ਹਰ ਚੀਜ਼ ਸ਼ੁੱਧ ਸੀ। ਪੰਜਾਬ ਦੇ ਪਾਣੀ, ਧਰਤ ਤੇ ਹਵਾ ਅਰੋਗ ਜੀਵਨ ਦੇ ਸੋਮੇ ਸਨ। ਥੋੜ੍ਹੇ ਕੁ ਦਿਨਾਂ ਦੀ ਉਦਾਸੀ ਤੋਂ ਬਾਅਦ ਮੈਂ ਮੁੜ ਡਿੰਜਨ ਦੇ ਜੀਵਨ ਨਾਲ਼ ਇਕਸੁਰ ਹੋ ਗਿਆ।
ਡਿੰਜਨ ਨੂੰ ਦੋ ਸ਼ਹਿਰ ਪੈਂਦੇ ਹਨ ਡਿਬਰੂਗੜ੍ਹ ਤੇ ਤਿੰਨਸੁਕੀਆ। ਡਿਬਰੂਗੜ੍ਹ ਡਿੰਜਨ ਤੋਂ 28 ਕਿੱਲੋਮੀਟਰ ਤੇ ਤਿੰਨਸੁਕੀਆ 20 ਕਿੱਲੋਮੀਟਰ ਹੈ। ਦੋਨਾਂ ਵਿਚੋਂ ਡਿਬਰੂਗੜ੍ਹ ਜ਼ਿਆਦਾ ਉੱਨਤ ਸੀ। ਘੁੰਮਣ-ਫਿਰਨ ਵਾਸਤੇ ਕੁਝ ਪਾਰਕ ਹੈਗੇ ਸਨ। ਸ਼ਹਿਰ ਦੀ ਵੱਖੀ ਨਾਲ਼ ਵਗਦਾ ਬ੍ਰਹਮਪੁੱਤਰ ਦਰਿਆ ਮੇਰੇ ਲਈ ਖਾਸ ਆਕ੍ਰਸ਼ਣ ਸੀ। ਚੇਨਈ ਵਿਚ ਸਮੁੰਦਰ ਦੇ ਵਿਸ਼ਾਲ ਦ੍ਰਿਸ਼ ਨੂੰ ਨਿਹਾਰਨ-ਮਾਣਨ ਦਾ ਜੋ ਸ਼ੌਂਕ ਪੈ ਚੁੱਕਾ ਸੀ, ਉਹ ਮੈਂ ਵਿਸ਼ਾਲ ਦਰਿਆ ਬ੍ਰਹਮਪੁੱਤਰ ਦੇ ਕਿਨਾਰੇ ਬੈਠ ਕੇ ਪੂਰਾ ਕਰ ਲੈਂਦਾ ਸਾਂ। ਸਮੁੰਦਰ ਦੇ ਮੁਕਾਬਲੇ ਬ੍ਰਹਮਪੁੱਤਰ ਦਾ ਪਾਣੀ ਨਿੱਤਰਵਾਂ ਤਾਂ ਨਹੀਂ ਸੀ ਪਰ ਪਾਣੀ ਦੀ ਵਿਸ਼ਾਲਤਾ ਨਾਲ਼ ਇਕਮਿਕ ਹੋਣ ਦੀ ਰੀਝ ਪੂਰੀ ਹੋ ਜਾਂਦੀ ਸੀ। ਉਸ ਦਰਿਆ ਵਿਚ ਡੁੱਬਦੇ ਸੂਰਜ ਦਾ ਦ੍ਰਿਸ਼ ਬਹੁਤ ਸੁਹਣਾ ਹੁੰਦਾ ਸੀ।
ਤਿੰਨਸੁਕੀਆ ਆਸਾਮ ਦਾ ਵੱਡਾ ਰੇਲਵੇ ਜੰਕਸ਼ਨ ਹੈ। ਇਕ ਸਦੀ ਤੋਂ ਵੱਧ ਉਮਰ ਵਾਲ਼ੀ ‘ਤੇਲ ਰਿਫਾਈਨਰੀ ਡਿਗਬੋਈ’ ਏਥੋਂ 27 ਕਿਲੋਮੀਟਰ ਹੈ। ਡਿੰਜਨ ਤੋਂ ਤਿਨਸੁਕੀਆ ਅਤੇ ਡਿਬਰੂਗੜ੍ਹ ਨੂੰ ਜਾਣ ਲਈ ਕੋਈ ਬੱਸ ਵਗੈਰਾ ਨਹੀਂ ਸੀ। ਏਅਰਮੈਨਾਂ ਵਾਸਤੇ ਹਰ ਐਤਵਾਰ ਏਅਰਫੋਰਸ ਦਾ ਟਰੱਕ-ਜਿਸਨੂੰ ‘ਰੈਕਰਇਏਸ਼ਨ ਰੱਨ’ ਆਖਦੇ ਸਾਂ-ਸ਼ਹਿਰ ਜਾਂਦਾ ਸੀ। ਪਰ ਅਸੀਂ ਚਾਰੇ ਜੋਟੀਦਾਰ ਹਰ ਐਤਵਾਰ ਨਹੀਂ ਸਾਂ ਜਾਂਦੇ। ਉਦੋਂ ਹੀ ਜਾਂਦੇ ਸਾਂ, ਜਦੋਂ ਸ਼ਹਿਰ ‘ਚ ਕੋਈ ਚੰਗੀ ਫਿਲਮ ਲੱਗੀ ਹੁੰਦੀ।
ਦਰਅਸਲ ਐਤਵਾਰਾਂ ਨੂੰ ਸ਼ਹਿਰ ‘ਚ ਚਹਿਲ-ਪਹਿਲ ਘੱਟ ਹੁੰਦੀ ਸੀ। ਜ਼ਿਆਦਾਤਰ ਫੌਜੀ ਹੀ ਹੁੰਦੇ ਸਨ। ਏਅਰਫੋਰਸ ਵਾਲ਼ੇ ਸਿਵਲ ਕੱਪੜਿਆਂ ਵਿਚ ਤੇ ਮਿਲਟਰੀ ਵਾਲ਼ੇ ਵਰਦੀਆਂ ‘ਚ। ਸ਼ਹਿਰ ਦੀਆਂ ਕੁੜੀਆਂ-ਔਰਤਾਂ ਘੱਟ ਹੀ ਨਜ਼ਰ ਆਉਂਦੀਆਂ। ਸਾਡੇ ਹਵਾਈ ਅੱਡੇ ‘ਚ ਔਰਤ ਤਾਂ ਕੀ, ਔਰਤ ਦਾ ਪਰਛਾਵਾਂ ਵੀ ਕਦੀ ਨਜ਼ਰੀਂ ਨਹੀਂ ਸੀ ਪਿਆ। ਸੋ ਚਹਿਲ-ਪਹਿਲ ਦੇਖਣ ਲਈ ਅਸੀਂ ਹਫ਼ਤੇ ਦੇ ਦੂਜੇ ਦਿਨਾਂ ‘ਚ ਜਾਂਦੇ ਸਾਂ। ਤਿੰਨਸੁਕੀਆ ਜਾਂ ਡਿਬਰੂਗੜ੍ਹ ਨੂੰ ਜਾਣ ਵਾਲ਼ੀ ਏਅਰਫੋਰਸ ਦੀ ਕੋਈ ਛੋਟੀ-ਵੱਡੀ ਗੱਡੀ ਦਾ ਫਇਦਾ ਉਠਾ ਲਈਦਾ ਸੀ। ਮਿਲਟਰੀ ਦੀਆਂ ਗੱਡੀਆਂ ਵਾਲ਼ੇ ਵੀ ਰਾਈਡ ਦੇ ਦੇਂਦੇ ਸਨ। ਸਕੂਲਾਂ-ਕਾਲਜਾਂ ਦੇ ਛੁੱਟੀ ਹੋਣ ਸਮੇਂ ਘਰਾਂ ਨੂੰ ਮੁੜ ਰਹੀਆਂ ਮੁਟਿਆਰਾਂ ਦੀਆਂ ਟੋਲੀਆਂ ਦੇ ਰੰਗ-ਰੂਪ ਵੇਖ ਕੇ ਅੱਖਾਂ ਤੱਤੀਆਂ ਕਰ ਲੈਂਦੇ ਸਾਂ। ਆਮ ਮੁਟਿਆਰਾਂ ਦੀ ਪੁਸ਼ਾਕ ਬਲਾਊਜ਼ ਤੇ ਪੇਟੀਕੋਟ ਵਰਗਾ ਮੇਖਲਾ ਸੀ।
ਮਰਦ ਧੋਤੀ ਅਤੇ ਝੱਗੀ ਜਿਹੀ ਪਹਿਨਦੇ ਸਨ। ਲੱਕ ਦੁਆਲੇ ਗਮੋਸ਼ਾ ਲਪੇਟਿਆ ਹੁੰਦਾ ਸੀ। ਪੰਜਾਬੀ ਪਰਨੇ ਵਰਗਾ ‘ਗਮੋਸ਼ਾ’ ਉਨ੍ਹਾਂ ਦੇ ਪਹਿਰਾਵੇ ਦੀ ਵਿਸ਼ੇਸ਼ ਆਈਟਮ ਮੰਨੀ ਜਾਂਦੀ ਏ।
ਡਿੰਜਨ ਪਿੰਡ ‘ਚ ਐਤਵਾਰ ਨੂੰ ਬਾਜ਼ਾਰ ਲਗਦਾ ਸੀ। ਬਾਜ਼ਾਰ ਦੇ ਇਕ ਪਾਸੇ, ਸਥਾਨਕ ਲੋਕ ਕੁੱਕੜ ਲੜਾਇਆ ਕਰਦੇ ਸਨ। ਕੁੱਕੜਾਂ ਦੇ ਇਕ ਪੈਰ ‘ਤੇ ਛੁਰੀ ਬੰਨ੍ਹੀ ਹੁੰਦੀ। ਲੜਾਈ ਵਿਚ ਉੱਤਰੇ ਦੋ ਕੁੱਕੜ ਛੁਰੀ ਅਤੇ ਚੁੰਝ ਨਾਲ਼ ਇਕ-ਦੂਜੇ ‘ਤੇ ਵਾਰ ਕਰਦੇ। ਉਹ ਛੁਰੀ ਏਨੀ ਘਾਤਕ ਹੁੰਦੀ ਸੀ ਕਿ ਜੇਤੂ ਕੁੱਕੜ ਦੇ ਇਕ-ਦੋ ਵਾਰਾਂ ਨਾਲ਼ ਹੀ ਦੂਜਾ ਕੁੱਕੜ ਲਹੂ-ਲੁਹਾਣ ਹੋ ਜਾਂਦਾ। ਜੇਤੂ ਕੁੱਕੜ ਦਾ ਮਾਲਕ ਢੇਰੀ ਹੋਏ ਕੁੱਕੜ ਨੂੰ ਇਨਾਮ ਵਜੋਂ ਸਾਂਭ ਲੈਂਦਾ। ਪਿੜ ‘ਚ ਖੜ੍ਹੇ-ਬੈਠੇ ਲੋਕ ਉਸ ਖੇਡ ਨੂੰ ਸ਼ੌਕ ਨਾਲ਼ ਵੇਖਦੇ। ਪਰ ਕੁੱਕੜਾਂ ਦੇ ਸਰੀਰਾਂ ‘ਚੋਂ ਖੂਨ ਦੀਆਂ ਧਰਾਲਾਂ ਵਗਾਉਂਦੀ ਉਹ ਖੇਡ ਮੈਨੂੰ ਚੰਗੀ ਨਹੀਂ ਸੀ ਲਗਦੀ।
ਅਸੀਂ ਚਾਰੇ ਮਿੱਤਰ ਤੀਜੇ-ਚੌਥੇ ਐਤਵਾਰ ਬਾਜ਼ਾਰ ਜਾਂਦੇ ਸਾਂ। ਮੈੱਸ ਨਾਲ਼ੋਂ ਵੱਖਰੇ ਭੋਜਨ ਦਾ ਸੁਆਦ ਮਾਣਨ ਲਈ ਉੱਥੋਂ ਕੋਈ ਸਬਜ਼ੀ ਲੈ ਆਉਂਦੇ ਜਾਂ ਛਿੱਲਿਆ-ਕੱਟਿਆ ਮੁਰਗਾ। ਸੰਤਰੇ ਬੜੇ ਸਸਤੇ ਹੁੰਦੇ ਸਨ, ਇਕ ਟੋਕਰੀ ਉਹ ਚੁੱਕ ਲਿਆਉਂਦੇ। ਮਨਜੀਤ ਵਧੀਆ ਰਸੋਈਆ ਸੀ। ਉਸਨੇ ਆਪਣਾ ਸਟੋਵ ਰੱਖਿਆ ਹੋਇਆ ਸੀ। ਢਲ਼ੀ ਸ਼ਾਮ ਸਾਡੇ ‘ਚੋਂ ਇਕਜਣਾ ਮੈੱਸ ‘ਚੋਂ ਰੋਟੀਆਂ ਲੈ ਆਉਂਦਾ। ਮਨਜੀਤ ਦੇ ਬਣਾਏ ਮੁਰਗੇ ਜਾਂ ਸਬਜ਼ੀ ਦਾ ਪਤੀਲਾ ਵਿਚਕਾਰ ਰੱਖ ਕੇ ਅਸੀਂ ਰੰਮ ਦੀ ਬੋਤਲ ਖੋਲ੍ਹ ਲੈਂਦੇ। ਸੈਨਿਕਾਂ ਵਾਸਤੇ ਰੰਮ ਬਹੁਤ ਸਸਤੀ ਸੀ। ਪੀਣ ਦਾ ਦੌਰ ਕਾਹਲੀ ਵਾਲ਼ਾ ਨਹੀਂ ਹੁੰਦਾ ਸੀ। ਪਹਿਲੇ ਦੋ ਪੈੱਗਾਂ ਨਾਲ਼ ਸੰਤਰੇ ਖਾਣੇ ਤੇ ਫਿਰ ਪਤੀਲੇ ਦਾ ਮਾਲ ਪਲੇਟਾਂ ਵਿਚ ਪਾਉਣ ਲੱਗ ਜਾਂਦੇ।
ਮੇਰੇ ਤੇ ਮਨਜੀਤ ਵਾਂਗ ਰਾਜ ਦਾ ਟਰੇਡ ਵੀ ਇੰਜਣ ਮਕੈਨਿਕ ਸੀ। ਰਾਜ ਪਹਿਲੇ ਗਰੁੱਪ ‘ਚ ਸੀ, ਮੈਂ ਤੇ ਮਨਜੀਤ ਦੂਜੇ ਗਰੁੱਪ ‘ਚ। ਅਜੀਤ ਮੈਡੀਕਲ ਅਸਿਸਟੈਂਟ ਸੀ।
ਮੈਂ ਤੇ ਮਨਜੀਤ ਆਪਣੀ ਟਰੇਡ ਦਾ ਸੰਬੰਧਿਤ ਟੈਸਟ ਪਾਸ ਕਰਕੇ ਦੂਜੇ ਗਰੁੱਪ ਤੋਂ ਪਹਿਲੇ ਗਰੁੱਪ ਵਿਚ ਤਬਦੀਲ ਹੋਣ ਵਾਸਤੇ ‘ਕਨਵਸ਼ਨ ਕੋਰਸ’ ਦੇ ਯੋਗ ਹੋ ਗਏ ਸਾਂ। ਉਸ ਕੋਰਸ ਵਾਸਤੇ ਸਾਡਾ ਨੰਬਰ ਅਕਤੂਬਰ ‘ਚ ਲੱਗਣ ਦੀ ਸੰਭਾਵਨਾ ਸੀ। ਇਕ ਸਾਲ ਦੇ ਉਸ ਕੋਰਸ ਦੌਰਾਨ ਛੁੱਟੀ ਨਹੀਂ ਸੀ ਮਿਲਣੀ। ਬਿਹਤਰ ਇਹ ਸੀ ਕਿ ਉਸ ਸਾਲ ਦੀ ਛੁੱਟੀ ਪਹਿਲਾਂ ਹੀ ਕੱਟ ਲਈ ਜਾਵੇ। ਮੈਂ ਮਾਰਚ ਵਿਚ ਦੋ ਮਹੀਨੇ ਦੀ ਛੁੱਟੀ ਲੈ ਲਈ। ਪਟਨਾ ਸ਼ਹਿਰ ਰਾਹ ‘ਚ ਪੈਂਦਾ ਸੀ। ਤਾਇਆ ਜੀ ਅਮਰ ਸਿੰਘ ਨੂੰ ਮਿਲਣ ਅਤੇ ਗੁਰਦਵਾਰਿਆਂ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਮੈਂ ਪਹਿਲਾਂ ਹੀ ਬਣਾਇਆ ਹੋਇਆ ਸੀ। ਪਟਨਾ ਰੇਲਵੇ ਸਟੇਸ਼ਨ ‘ਤੇ ਉੱਤਰ ਮੈਂ ਤਾਇਆ ਜੀ ਕੋਲ਼ ਜਾ ਪਹੁੰਚਾ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਅਸਥਾਨ ‘ਤੇ ਬਣੇ ਆਲੀਸ਼ਾਨ ਗੁਰਦਵਾਰੇ ਦੇ ਲਾਗੇ ਹੀ ਉਨ੍ਹਾਂ ਦੀ ਬਹੁਤ ਵੱਡੀ ਕੋਠੀ ਸੀ। ਤਾਇਆ ਜੀ ਦਾ ਟਰੱਕਾਂ ਦਾ ਕਾਰੋਬਾਰ ਸੀ। ਉਹ ਪਟਨਾ ਸਾਹਿਬ ਦੇ ਸਿੱਖ ਭਾਈਚਾਰੇ ਦੇ ਪਤਵੰਤੇ ਸੱਜਣ ਸਨ। ਉਨ੍ਹਾਂ ਦਾ ਰੋਹਬ ਵੀ ਬਹੁਤ ਸੀ। ਉੱਚਾ-ਲੰਮਾ ਕੱਦ, ਭਰਵਾਂ ਸਰੀਰ, ਪ੍ਰਕਾਸ਼ ਕੀਤਾ ਦਾਹੜਾ ਤੇ ਲਾਲ ਦਗਦਗ ਕਰਦਾ ਚਿਹਰਾ। ਉਨ੍ਹਾਂ ਮੈਨੂੰ ਸਾਰੇ ਗੁਰਦਵਾਰਿਆਂ ਦੇ ਦਰਸ਼ਨ ਕਰਵਾਏ। ਕੁਝ ਵਿਸ਼ੇਸ਼ ਲੋਕਾਂ ਨਾਲ਼ ਮੁਲਾਕਾਤ ਵੀ ਕਰਵਾਈ। ਤਾਇਆ ਜੀ ਦੇ ਪਰਿਵਾਰ ਵਿਚ ਪੰਜ ਦਿਨ ਵਧੀਆ ਬਿਤਾ ਕੇ ਮੈਂ ਪੰਜਾਬ ਵਾਲ਼ੀ ਰੇਲ ਫੜੀ ਤੇ ਘਰ ਜਾ ਪਹੁੰਚਾ। ਘਰਦਿਆਂ ਨੂੰ ਚਾਅ ਚੜ੍ਹ ਗਿਆ। ਸਾਡੇ ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਹੋ ਗਈ ਸੀ। ਬਾਪੂ ਜੀ ਤੇ ਕੁਲਦੀਪ ਦਿਲ ਲਾ ਕੇ ਖੇਤੀ ਕਰ ਰਹੇ ਸਨ। ਬਖ਼ਸ਼ੀਸ਼ ਨੂੰ ਇੰਡੀਅਨ ਆਇਲ ਦੇ ਟੈਂਕਰ ਦੀ ਨੌਕਰੀ ਮਿਲ ਗਈ ਸੀ। ਸਾਡੀ ਦੋਨਾਂ ਭਰਾਵਾਂ ਦੀ ਤਨਖਾਹ ਤਾਂ ਥੋੜ੍ਹੀ-ਥੋੜ੍ਹੀ ਹੀ ਸੀ ਪਰ ਉਦੋਂ ਘਰਾਂ ਦੇ ਖਰਚੇ ਵੀ ਥੋੜ੍ਹੇ ਹੁੰਦੇ ਸਨ। ਲੋਕੀਂ ਪਰਿਵਾਰਕ, ਭਾਈਚਾਰਕ ਤੇ ਸਮਾਜਕ ਕਾਜ-ਵਿਹਾਰ ਸੰਜਮ ਨਾਲ਼ ਨਿਭਾਉਂਦੇ ਸਨ। ਅਸੀਂ ਦੋਵੇਂ ਭਰਾ ਜਿੰਨੇ ਕੁ ਪੈਸੇ ਦਿੰਦੇ, ਓਨਿਆਂ ਨਾਲ਼ ਬਾਪੂ ਜੀ ਦਾ ਹੱਥ ਤਰ ਰਹਿੰਦਾ। ਉਹ ਨਾਲ਼ ਦੀ ਨਾਲ਼ ਚਾਰ ਪੈਸੇ ਜੋੜੀ ਵੀ ਜਾਂਦੇ। ਬਾਪੂ ਜੀ ਤੇ ਅਸੀਂ ਤਿੰਨੇ ਭਰਾ ਜਦੋਂ ਗਲਾਸੀਆਂ ਖੜਕਾਉਂਦੇ ਅਤੇ ਇਕੱਠ ਦੀ ਬਰਕਤ ਦੀਆਂ ਗੱਲਾਂ ਕਰਦੇ ਤਾਂ ਮੈਨੂੰ ਬਹੁਤਾ ਚੰਗਾ ਲਗਦਾ।
ਛੁੱਟੀ ਤੋਂ ਵਾਪਸ ਪਰਤਦਿਆਂ ਮੈਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਕਈ ਸਾਰੇ ਨਾਵਲ ਲੈ ਆਇਆ ਅਤੇ ਉਨ੍ਹਾਂ ਨੂੰ ਪੜ੍ਹਨ ਵਿਚ ਰੁੱਝ ਗਿਆ। ਹੁਣ ਗੱਲ ਨਾਵਲ ਪੜ੍ਹਨ ‘ਤੇ ਹੀ ਨਹੀਂ ਸੀ ਮੁੱਕਦੀ। ਨਾਵਲਾਂ ਦੇ ਪਾਤਰ ਤੇ ਪਲਾਟ ਮੇਰੀ ਸੋਚ ਵਿਚ ਘੁੰਮਦੇ ਰਹਿੰਦੇ। ਉਨ੍ਹਾਂ ਨਾਵਲਾਂ ਦੇ ਰਚਨਾਕਾਰ ਮੇਰੇ ਲਈ ਪੰਜਾਬੀ ਸਮਾਜ ਦੇ ਬੇਸ਼ਕੀਮਤੀ ਹੀਰੇ ਸਨ…ਪਤਾ ਨਹੀਂ ਕਿਵੇਂ ਹੋਇਆ ਕਿ ਮੈਂ ਵੀ ਉਨ੍ਹਾਂ ਵਾਂਗ ਸਾਹਿਤਕਾਰ ਬਣਨ ਦੇ ਸੁਪਨੇ ਲੈਣ ਲੱਗ ਪਿਆ। ਮੈਨੂੰ ਆਪਣੇ ਅੰਦਰੋਂ ਇਹ ਆਵਾਜ਼ ਸੁਣਨ ਲੱਗ ਪਈ, “ਮੈਂ ਵੀ ਨਾਵਲ ਲਿਖ ਸਕਦਾਂ।”
ਦਰਅਸਲ ਮੇਰੇ ਅੰਦਰ ਪਿਆ ਸਾਹਿਤ ਦਾ ਬੀਜ ਪੁੰਗਰ ਪਿਆ ਸੀ। ਇਹ ਬੀਜ ਮੇਰੇ ਸਾਹਿਤਕ ਵਿਰਸੇ ਦੀ ਦੇਣ ਸੀ… ਬਾਬਾ ਜੀ ਦੀਆਂ ਸੂਫ਼ੀ ਕਵੀਆਂ ਦੀਆਂ ਪੁਸਤਕਾਂ ਨੇ ਮੈਨੂੰ ਸਾਹਿਤ ਪੜ੍ਹਨ ਦੀ ਚੇਟਕ ਲਾਈ ਸੀ। ਬਾਪੂ ਜੀ ਦੀਆਂ ਲੰਮੀਆਂ ਬਾਤਾਂ ਦੇ ਗਲਪੀ ਤੱਤ ਵੀ ਮੇਰੇ ਅੰਦਰ ਵਸੇ ਹੋਏ ਸਨ। ਬਾਪੂ ਜੀ ਦੀਆਂ ਧਾਰਮਿਕ ਕਵਿਤਾਵਾਂ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਨੇ ਕੁਝ ਕਵਿਤਾਵਾਂ ਵੀ ਰਚੀਆਂ ਸਨ ਤੇ ਹੁਣ ਵੱਡੇ ਨਾਵਲਕਾਰਾਂ ਦੇ ਨਾਵਲਾਂ ਦਾ ਪਾਠ ਅਤੇ ਆਸਾਮ ਦੀ ਪ੍ਰਕ੍ਰਿਤਕ ਸੁੰਦਰਤਾ ਨੇ ਜ਼ਰਖੇਜ਼ੀ ਤੱਤਾਂ ਦਾ ਕੰਮ ਕੀਤਾ, ਸਾਹਿਤ ਦੇ ਬੀਜ ਨੂੰ ਪੁੰਗਰਨ ਲਈ। ਫਲਸਰੂਪ ਮੇਰੀ ਕਲਪਨਾ ਵਿਚ ਇਕ ਨਾਵਲ ਦੇ ਪਾਤਰਾਂ ਤੇ ਪਲਾਟ ਦੀ ਰੂਪ-ਰੇਖਾ ਚਲ ਪਈ। ਇਹ ਪ੍ਰਕਿਰਿਆ ਵੈਸੇ ਤਾਂ ਹਰ ਵੇਲੇ ਹੀ ਮਨ ‘ਚ ਚੱਲਦੀ ਰਹਿੰਦੀ ਪਰ ਜਦੋਂ ਮੈਂ ਜੰਗਲਾਂ, ਦਰਿਆਵਾਂ ਅਤੇ ਚਾਹ-ਬਾਗਾਂ ‘ਚ ਵਸਦੀ ਕੁਦਰਤ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਮਾਣ ਰਿਹਾ ਹੁੰਦਾ ਤਾਂ ਇਹ ਪ੍ਰਕਿਰਿਆ ਵਧੇਰੇ ਤੀਖਣ ਹੋ ਜਾਂਦੀ।
ਮਨ ਇਕੱਲਤਾ ਚਾਹੁਣ ਲੱਗ ਪਿਆ ਸੀ…ਆਮ ਤੌਰ ‘ਤੇ ਮੈਂ ਇਕੱਲਾ ਹੀ ਘੁੰਮਣ ਜਾਂਦਾ ਸਾਂ। ਇਕ ਐਤਵਾਰ ਦੋਸਤ ਵੀ ਨਾਲ਼ ਟੁਰ ਪਏ। ਜੰਗਲ਼ ਵਿਚੀਂ ਹੁੰਦੇ ਹੋਏ ਅਸੀਂ ਇਕ ਨਦੀ ਵੱਲ ਜਾ ਨਿੱਕਲ਼ੇ। ਨਦੀ ਕਿਨਾਰੇ ਇਕ ਆਸਾਮੀ, ਕਿਸ਼ਤੀ ਕੋਲ਼ ਬੈਠਾ, ਕਿਤੇ ਜਾਣ ਲਈ ਆਪਣੇ ਸਾਥੀ ਨੂੰ ਉਡੀਕ ਰਿਹਾ ਸੀ। ਅਸੀਂ ਉਸਨੂੰ ਕਿਹਾ ਕਿ ਅਸੀਂ ਅੱਧੇ ਕੁ ਘੰਟੇ ਵਾਸਤੇ ਨਦੀ ਦੀ ਸੈਰ ਕਰਨੀ ਚਾਹੁੰਦੇ ਹਾਂ। “ਆਪ ਕਿਸ਼ਤੀ ਚਲਾਨਾ ਜਾਨਤੇ ਹੋ?” ਉਸਨੇ ਪੁੱਛਿਆ। ਅਸੀਂ ਤਿੰਨਾਂ ਨੇ ‘ਹਾਂ’ ਵਿਚ ਸਿਰ ਹਿਲਾ ਦਿੱਤੇ ਪਰ ਅਸਲ ਵਿਚ ਅਸੀਂ ਨਾ ਤਾਂ ਕਦੀ ਕਿਸ਼ਤੀ ਚਲਾਈ ਸੀ ਤੇ ਨਾ ਹੀ ਸਾਨੂੰ ਤੈਰਨਾ ਆਉਂਦਾ ਸੀ।
ਕਿਸ਼ਤੀ-ਮਾਲਕ ਵੱਲੋਂ ਹਾਂ ਕਰਨ ‘ਤੇ ਅਸੀਂ ਕਿਸ਼ਤੀ ਵਿਚ ਸਵਾਰ ਹੋ ਗਏ। ਵਾਰੋ-ਵਾਰੀ ਚੱਪੂ ਚਲਾਉਂਦਿਆਂ ਅਸੀਂ ਮਸਤੀ ਜਿਹੀ ‘ਚ ਕਿਲਕਾਰੀਆਂ ਮਾਰ ਰਹੇ ਸਾਂ। ਨਦੀ ਦਾ ਸੁਹਾਵਣਾ ਸਫਰ ਮਾਣਦੇ ਅਸੀਂ ਦੂਰ ਨਿੱਕਲ਼ ਗਏ। ਕਿਸ਼ਤੀ ਦਾ ਮਾਲਕ ਅੱਖਾਂ ਤੋਂ ਓਝਲ ਹੋ ਗਿਆ ਸੀ…ਥੋੜ੍ਹੀ ਵਿੱਥ ‘ਤੇ ਨਜ਼ਰ ਆ ਰਿਹਾ ਸਾਹਮਣਲਾ ਦ੍ਰਿਸ਼ ਵੇਖ ਕੇ ਸਾਡੇ ਸਾਹ ਸੂਤੇ ਗਏ। ਸਾਡੇ ਵਾਲ਼ੀ ਨਦੀ ਇਕ ਵੱਡੀ ਨਦੀ ‘ਚ ਮਿਲ ਰਹੀ ਸੀ। ਨਦੀਆਂ ਦੇ ਮਿਲਣ ਵਾਲ਼ੀ ਥਾਂ ‘ਤੇ ਉੱਚੀਆਂ-ਉੱਚੀਆਂ ਛੱਲਾਂ ਉੱਭਰ ਰਹੀਆਂ ਸਨ। ਸਾਡੀਆਂ ਕਿਲਕਾਰੀਆਂ ‘ਓ-ਹੋਅ’ ‘ਚ ਬਦਲ ਗਈਆਂ। ਖੌਲ਼ਦੇ ਵਿਸ਼ਾਲ ਪਾਣੀ ‘ਚ ਕਿਸ਼ਤੀ ਸਾਡੇ ਕੰਟਰੋਲ ਤੋਂ ਬਾਹਰ ਹੋ ਕੇ ਉਲਟ ਜਾਣੀ ਸੀ ਤੇ ਖੁੰਖਾਰ ਨਦੀ ਨੇ ਸਾਨੂੰ ਨਿਗਲ਼ ਲੈਣਾ ਸੀ। ਅਣਜਾਣੇ ਵਿਚ ਅਸੀਂ ਜਾਨਾਂ ਖ਼ਤਰੇ ‘ਚ ਪਾ ਲਈਆਂ ਸਨ। ਸਮਾਂ ਬਹੁਤ ਥੋੜ੍ਹਾ ਸੀ। ਅਸੀਂ ਚੱਪੂਆਂ ਨਾਲ਼ ਕਿਸ਼ਤੀ ਨੂੰ ਕਿਨਾਰੇ ਵੱਲ ਲਿਜਾਣ ਲਈ ਤਾਣ ਲਾ ਰਹੇ ਸਾਂ ਪਰ ਪਾਣੀ ਦਾ ਤੇਜ਼ ਹੋ ਚੁੱਕਾ ਵਹਾਅ ਕਿਸ਼ਤੀ ਨੂੰ ਆਪਣੇ ਨਾਲ਼ ਖਿੱਚੀ ਜਾ ਰਿਹਾ ਸੀ। ਇਸੇ ਜੱਦੋ ਜਹਿਦ ‘ਚ ਸਾਨੂੰ ਪਾਣੀ ‘ਚ ਗੱਡਿਆ ਇਕ ਲੰਮਾ ਬਾਂਸ ਦਿਖਾਈ ਦਿੱਤਾ। ਅਸੀਂ ਹੌਲ਼ੀ-ਹੌਲ਼ੀ ਕਿਸ਼ਤੀ ਓਥੇ ਲੈ ਗਏ। ਮੈਂ ਤੇ ਮਨਜੀਤ ਨੇ ਬਾਂਸ ਨੂੰ ਹੱਥ ਪਾ ਕੇ ਤੁਲ਼ ਮਾਰੀ। ਕਿਸ਼ਤੀ ਕੁਝ ਕੁ ਇੰਚ ਕਿਨਾਰੇ ਵੱਲ ਨੂੰ ਖਿਸਕ ਗਈ। ਰਾਜ ਤੇ ਅਜੀਤ ਚੱਪੂਆਂ ‘ਤੇ ਸਨ। ਅਸੀਂ ਜਿਉਂ-ਜਿਉਂ ਤੁਲ਼ਾਂ ਮਾਰ ਰਹੇ ਸਾਂ, ਸਿੱਧਾ ਗੱਡਿਆ ਬਾਂਸ ਸਾਡੇ ਵੱਲ ਨੂੰ ਟੇਢਾ ਹੋਈ ਜਾ ਰਿਹਾ ਸੀ। ਪੰਜਵੀਂ-ਛੇਵੀਂ ਤੁਲ਼’ਤੇ ਬਾਂਸ ਪੁੱਟਿਆ ਗਿਆ। ਸਾਡੇ ਗੁਣ ਆ ਗਈ, ਵੱਧ ਲੀਵਰੇਜ ਮਿਲਣ ਲੱਗ ਪਈ। ਬਾਂਸ ਨੂੰ ਪਾਣੀ ਹੇਠਲੀ ਧਰਤੀ ‘ਤੇ ਟਿਕਾ ਕੇ ਅਸੀਂ ਤੁਲ਼ਾਂ ਮਾਰੀ ਗਏ। ਦੂਜੇ ਦੋਵੇਂ ਮਿੱਤਰ ਚੱਪੂ ਚਲਾਉਂਦੇ ਰਹੇ। ਆਖਰ ਅਸੀਂ ਕਿਸ਼ਤੀ ਨੂੰ ਕਿਨਾਰੇ ਲਾਉਣ ‘ਚ ਸਫਲ ਹੋ ਗਏ…ਨਦੀ ਵਿਚੋਂ ਬਾਹਰ ਆਉਣ ਬਾਅਦ ਵੀ ਸਾਡੇ ਚਿਹਰਿਆਂ ‘ਤੇ ਖੌਫ ਛਾਇਆ ਹੋਇਆ ਸੀ। “ਸ਼ੁਕਰ ਐ ਰੱਬ ਦਾ, ਬਚ ਗਏ ਆਂ। ਇਸ ਲੰਮੇ-ਚੌੜੇ ਵਹਾਅ ਵਿੱਚੋਂ ਸਾਡੀਆਂ ਲਾਸ਼ਾਂ ਵੀ ਨਹੀਂ ਸੀ ਥਿਆਉਣੀਆਂ” ਅਜੀਤ ਨੇ ਆਖਿਆ। “ਸਾਡੇ ਆਪਸੀ ਮੋਹ ਨੇ ਬਚਾ ਲਿਆ।” ਮੇਰੇ ਇਨ੍ਹਾਂ ਬੋਲਾਂ ਨਾਲ਼ ਭਾਵੁਕ ਹੋਏ ਅਸੀਂ ਅੱਠ ਬਾਹਾਂ ਦੀ ਗਲਵਕੜੀ ‘ਚ ਬੱਝ ਗਏ ਸਾਂ।
ਸਿਆਣਿਆਂ ਨੇ ਠੀਕ ਹੀ ਕਿਹੈ, ਡੂੰਘੇ ਪਾਣੀ ‘ਚ ਤਾਂ ਹੀ ਵੜੋ ਜੇ ਤੁਸੀਂ ਤੈਰਨਾ ਜਾਣਦੇ ਹੋ। ਅਨਾੜੀ ਬੰਦੇ ਨੂੰ ਵਗਦੇ ਪਾਣੀ ‘ਚ ਕਿਸ਼ਤੀ ਨਹੀਂ ਚਲਾਉਣੀ ਚਾਹੀਦੀ। ਇਸ ਘਟਨਾ ਤੋਂ ਬਾਅਦ ਮੈਂ ਕਦੀ ਵੀ ਡੂੰਘੇ ਪਾਣੀ ‘ਚ ਨਹੀਂ ਵੜਿਆ। ਪਰ ਵਿਸ਼ਾਲ ਪਾਣੀਆਂ ਨਾਲ਼ ਮੇਰੀ ਗੂੜ੍ਹੀ ਸਾਂਝ ਹੈ। ਚੇਨਈ ਦੇ ਸਮੁੰਦਰ ਤੋਂ ਸ਼ੁਰੂ ਹੋਈ ਇਹ ਸਾਂਝ ਵਿਸ਼ਾਲ ਪਾਣੀਆਂ ਦੇ ਕੁਦਰਤੀ ਜਲੌਅ ਨੂੰ ਬਾਹਰੋਂ ਨਿਹਾਰਨ-ਮਾਣਨ ਦੀ ਹੈ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …