ਔਨਲਾਈਨ ਸ਼ਿਕਾਇਤ ਦਰਜ ਕਰਾਉਣ ਲਈ ਵੈਬਸਾਈਟ ਦੀ ਸ਼ੁਰੂਆਤ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਪੰਜਾਬ ਦੇ ਲੋਕ ਘਰ ਬੈਠੇ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਸਕਣਗੇ। ਔਨ ਲਾਈਨ ਸ਼ਿਕਾਇਤ ਦਰਜ ਕਰਵਾਉਣ ਲਈ ਇਕ ਵੈਬਸਾਈਟ ਵੀ ਸ਼ੁਰੂ ਕੀਤੀ ਗਈ ਹੈ। ਅੱਜ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਇਸਦੀ ਸ਼ੁਰੂਆਤ ਕੀਤੀ ਹੈ। ਅਹਿਮ ਗੱਲ ਇਹ ਵੀ ਹੈ ਕਿ ਇਸੇ ਵੈਬਸਾਈਟ ’ਤੇ ਲੋਕ ਸ਼ਿਕਾਇਤ ਸਬੰਧੀ ਹੋ ਰਹੀ ਕਾਰਵਾਈ ਨੂੰ ਵੀ ਦੇਖ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਪੋਰਟਲ ’ਤੇ ਸ਼ਿਕਾਇਤ ਤੋਂ ਬਾਅਦ ਲੋਕ ਉਸ ਨੂੰ ਟਰੈਕ ਕਰ ਸਕਣਗੇ। ਇਹ ਹੀ ਨਹੀਂ ਇਸੇ ਪੋਰਟਲ ’ਤੇ ਲੋਕਾਂ ਨੂੰ ਉਨ੍ਹਾਂ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ ਦੀ ਰਿਪੋਰਟ ਵੀ ਮਿਲੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕਾਰਵਾਈ ਤੋਂ ਵਿਅਕਤੀ ਸੰਤੁਸ਼ਟ ਨਹੀਂ ਹੋਵੇਗਾ ਤਾਂ ਉਹ ਅਪੀਲ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲ ਨਾਲ ਉਨ੍ਹਾਂ ਲੋਕਾਂ ਨੂੰ ਸਹੂਲਤ ਮਿਲੇਗੀ, ਜੋ ਪੁਲਿਸ ਥਾਣੇ ਜਾਂ ਅਫਸਰਾਂ ਦੇ ਦਫਤਰਾਂ ਦੇ ਚੱਕਰ ਲਗਾਉਣ ਤੋਂ ਡਰਦੇ ਹਨ।