Breaking News
Home / ਪੰਜਾਬ / ਪੰਜਾਬ ‘ਚ ਹੁਣ ਈ-ਸਿਗਰਟ ਦੇ ਨਸ਼ੇ ਨੇ ਪੈਰ ਪਸਾਰੇ

ਪੰਜਾਬ ‘ਚ ਹੁਣ ਈ-ਸਿਗਰਟ ਦੇ ਨਸ਼ੇ ਨੇ ਪੈਰ ਪਸਾਰੇ

ਸਕੂਲਾਂ ਤੇ ਕਾਲਜਾਂ ਤੱਕ ਵੀ ਪਹੁੰਚੀ ਈ-ਸਿਗਰਟ ਤੰਬਾਕੂ ਤੋਂ ਕਈ ਗੁਣਾ ਹੈ ਘਾਤਕ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਹੈਰੋਇਨ, ਚਿੱਟੇ, ਅਫ਼ੀਮ ਅਤੇ ਭੁੱਕੀ ਤੋਂ ਬਾਅਦ ਹੁਣ ਈ-ਸਿਗਰਟ ਦੇ ਨਸ਼ੇ ਦਾ ਰੁਝਾਨ ਦਿਨੋਂ ਦਿਨ ਵੱਧਣ ਲੱਗਾ ਹੈ। ਪੈਨ ਡਰਾਈਵ ਦੀ ਤਰ੍ਹਾਂ ਦਿੱਖਣ ਵਾਲੀ ਈ-ਸਿਗਰਟ ਦੀ ਵਿੱਕਰੀ ਆਨ ਲਾਈਨ ਵੱਧ ਰਹੀ ਹੈ। ਜਿਸ ਕਾਰਨ ਰਾਜ ਦਾ ਸਿਹਤ ਵਿਭਾਗ ਅਤੇ ਸਾਈਬਰ ਕ੍ਰਾਈਮ ਸੈੱਲ ਵੀ ਚਿੰਤਤ ਹਨ। ਹਾਲਾਂਕਿ ਪੰਜਾਬ ਵਿਚ ਈ-ਸਿਗਰਟ ਦੀ ਸ਼ੁਰੂਆਤ ਸਾਲ 2013 ‘ਚ ਹੋ ਗਈ ਸੀ ਪਰ ਹੁਣ ਸਕੂਲਾਂ ਅਤੇ ਕਾਲਜਾਂ ਵਿਚ ਇਸ ਦਾ ਰੁਝਾਨ ਵੱਧ ਰਿਹਾ ਹੈ। ਈ-ਸਿਗਰਟ ਆਮ ਵਰਤੀ ਜਾਣ ਵਾਲੀ ਤੰਬਾਕੂ ਵਾਲੀ ਸਿਗਰਟ ਤੋਂ ਕਈ ਗੁਣਾ ਜ਼ਿਆਦਾ ਸਿਹਤ ਲਈ ਨੁਕਸਾਨਦੇਹ ਹੈ। ਇਸ ਵਿਚ ਤੰਬਾਕੂ ਦੀ ਬਜਾਏ ਨਿਕੋਟੀਨ ਪਦਾਰਥ ਹੁੰਦਾ ਹੈ। ਇਸ ਦੇ ਨਸ਼ੇ ਦਾ ਅਸਰ ਸਿਰ ਤੋਂ ਲੈ ਕੇ ਪੈਰਾਂ ਤੱਕ ਸਭ ਅੰਗਾਂ ‘ਤੇ ਹੁੰਦਾ ਹੈ। ਇਸ ਦੇ ਨਸ਼ੇ ਨਾਲ ਅੱਖਾਂ, ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਦੇ ਨਾਲ ਹੀ ਬ੍ਰੋਨ ਸਟਰੋਕ ਦਾ ਵੀ ਖ਼ਤਰਾ ਹੁੰਦਾ ਹੈ ਅਤੇ ਜ਼ਿਆਦਾ ਮਾਤਰਾ ਵਿਚ ਨਸ਼ਾ ਕਰਨ ਨਾਲ ਮੌਤ ਵੀ ਹੋ ਸਕਦੀ ਹੈ। ਕਈ ਵਿਦੇਸ਼ੀ ਕੰਪਨੀਆਂ ਇਸ ਨੂੰ ਵਨੀਲਾ ਅਤੇ ਚਾਕਲੇਟ ਫਲੇਵਰ ਬਣਾ ਕੇ ਵੇਚਦੀਆਂ ਹਨ ਤਾਂ ਜੋ ਨੌਜਵਾਨ ਜ਼ਿਆਦਾ ਪ੍ਰਭਾਵਿਤ ਹੋਣ। ਪੈਨ ਡਰਾਈਵ ਦੀ ਤਰ੍ਹਾਂ ਦਿੱਖਣ ਵਾਲੀ ਈ-ਸਿਗਰਟ ਨੂੰ ਮੋਬਾਈਲ ਵਾਂਗ ਚਾਰਜ ਕੀਤਾ ਜਾਂਦਾ ਹੈ। ਇਸ ਨੂੰ ਲੈਪਟਾਪ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਡਰੱਗਜ਼ ਅਤੇ ਕੋਸਮੈਟਿਕ ਐਕਟ ਤਹਿਤ ਈ-ਸਿਰਗਟ ਨੂੰ ਵੇਚਣਾ ਗ਼ੈਰਕਾਨੂੰਨੀ ਹੈ ਪਰ ਇਸ ਦਾ ਨਸ਼ਾ ਕਰਨ ਵਾਲੇ ਲੋਕ ਆਨਲਾਈਨ ਮੰਗਵਾ ਲੈਂਦੇ ਹਨ। ਪੰਜਾਬ ‘ਚ ਈ-ਸਿਗਰਟ ਨੂੰ 2013 ‘ਚ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਜਾ ਚੁੱਕਾ ਹੈ। ਜਿਸ ਤਹਿਤ ਰਾਜ ਸਾਈਬਰ ਕ੍ਰਾਈਮ ਸੈੱਲ ਵਲੋਂ ਆਨਲਾਈਨ ਵਿੱਕਰੀ ਵਾਲੀਆਂ ਵੈੱਬਸਾਈਟਾਂ ਨੂੰ ਨੋਟਿਸ ਜਾਰੀ ਕਰਕੇ ਈ-ਸਿਗਰਟ ਦੀ ਵਿੱਕਰੀ ਅਤੇ ਮਾਰਕੀਟਿੰਗ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪੰਜਾਬ ਤੋਂ ਇਲਾਵਾ ਕਈ ਹੋਰਨਾਂ ਸੂਬਿਆਂ ਵਲੋਂ ਵੀ ਈ-ਸਿਗਰਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਗੁਪਤਾ ਨੇ ਦੱਸਿਆ ਕਿ ਈ-ਸਿਗਰਟ ਵੇਚਣ ਦੇ ਪੰਜਾਬ ਵਿਚ ਸਾਲ 2014 ਤੋਂ ਲੈ ਕੇ ਹੁਣ ਤੱਕ 7 ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਕਿ ਜਲੰਧਰ, ਮੁਹਾਲੀ, ਲੁਧਿਆਣਾ, ਹੁਸ਼ਿਆਰਪੁਰ, ਸੰਗਰੂਰ ਨਾਲ ਸਬੰਧਿਤ ਸਨ। ਉਨ੍ਹਾਂ ਦੱਸਿਆ ਕਿ ਕਈ ਨਾਮੀ ਵਿਦੇਸ਼ੀ ਕੰਪਨੀਆਂ ਇਸ ਨੂੰ ਪੈਨ ਡਰਾਈਵ ਵਾਂਗ ਦਿੱਖਣ ਵਾਲੀ ਸ਼ਕਲ ਵਿਚ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਲੁਕਾਉਣਾ ਸੌਖਾ ਹੈ। ਅਮਰੀਕਾ ਵਿਚ 2014 ਤੋਂ ਲੈ ਕੇ ਹੁਣ ਤੱਕ ਈ-ਸਿਗਰਟ ਦੀ ਦਸ ਗੁਣਾ ਵਿੱਕਰੀ ਵਧ ਗਈ ਹੈ। ਈ-ਸਿਗਰਟ ਦੇ ਨਸ਼ੇ ਨੂੰ ਵੱਧਣ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਪੀ.ਜੀ.ਆਈ. ਦੇ ਸਕੂਲ ਆਫ਼ ਪਬਲਿਕ ਹੈਲਥ, ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ, ਆਈ.ਐਮ.ਏ ਮੁਹਾਲੀ ਦੇ ਅਧਿਕਾਰੀਆਂ ਵਲੋਂ ਬੈਠਕ ਕੀਤੀ ਗਈ ਜਿਸ ਵਿਚ ਮਾਹਿਰਾਂ ਵਲੋਂ ਈ-ਸਿਰਗਟ ਦੇ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਲਈ ਵਿਚਾਰ-ਚਰਚਾ ਕੀਤੀ ਗਈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …