ਨਾਮੀ ਹਸਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਮੁਹਾਲੀ : ਸੈਰ-ਸਪਾਟਾ ਖੇਤਰ ਦੇ ਮਾਹਿਰਾਂ ਅਤੇ ਨਾਮਵਰ ਹਸਤੀਆਂ ਨੇ ਪੰਜਾਬ ਵਿੱਚ ਪਹਿਲੀ ਵਾਰ ‘ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ’ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਸੰਮੇਲਨ ਦੌਰਾਨ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਪੰਜਾਬ ਨੂੰ ਕੌਮਾਂਤਰੀ ਸੈਰ-ਸਪਾਟੇ ਦੇ ਨਕਸ਼ੇ ‘ਤੇ ਉਭਾਰਨ ਵਿੱਚ ਸਹਾਈ ਸਿੱਧ ਹੋਵੇਗਾ। ਸਰਕਾਰ ਦਾ ਇਹ ਕਦਮ ਨੌਜਵਾਨਾਂ ਵਿੱਚ ਸੂਬੇ ਦੇ ਮਾਣਮੱਤੇ ਵਿਰਸੇ ਤੇ ਇਤਿਹਾਸ ਦਾ ਪਾਸਾਰ ਕਰਨ ਵਿੱਚ ਵੀ ਮਦਦਗਾਰ ਹੋਵੇਗਾ।
ਉੱਘੇ ਫ਼ਿਲਮਕਾਰ ਬੌਬੀ ਬੇਦੀ ਨੇ ਕਿਹਾ ਕਿ ਮਨੋਰੰਜਨ ਜਗਤ ਨਾਲ ਪੰਜਾਬ ਦਾ ਗੂੜ੍ਹਾ ਨਾਤਾ ਹੈ ਕਿਉਂ ਕਿ ਨਾਮੀ ਫ਼ਿਲਮਕਾਰ, ਅਦਾਕਾਰ ਅਤੇ ਹੋਰ ਫ਼ਿਲਮੀ ਹਸਤੀਆਂ ਇਸ ਸੂਬੇ ਵਿੱਚ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭੂਗੋਲਿਕ ਸੁੰਦਰਤਾ ਫ਼ਿਲਮਕਾਰਾਂ ਨੂੰ ਆਕਰਸ਼ਿਤ ਕਰਦੀ ਹੈ, ਇਸ ਕਰ ਕੇ ਇਹ ਉਪਰਾਲਾ ਸੂਬੇ ਨੂੰ ਸੈਰ-ਸਪਾਟਾ ਖੇਤਰ ਵਿੱਚ ਉਭਾਰਨ ਵਿੱਚ ਸਹਾਈ ਹੋਵੇਗਾ। ਕਾਮੇਡੀਅਨ ਸੁਨੀਲ ਪੌਲ ਨੇ ਕਿਹਾ ਕਿ ਉਹ ਇਸ ਪਵਿੱਤਰ ਧਰਤੀ ‘ਤੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਖ਼ੁਦ ਨੂੰ ਸੁਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਚੇਤੇ ਕੀਤਾ। ਉਨ੍ਹਾਂ ਪੰਜਾਬ ਨੂੰ ਆਲਮੀ ਸੈਰ-ਸਪਾਟਾ ਸਥਾਨ ਵਜੋਂ ਉਭਾਰਨ ਲਈ ਯਤਨ ਕਰਨ ‘ਤੇ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।