ਹਾਕੀ ਸਟੇਡੀਅਮ ਬਲਬੀਰ ਸਿੰਘ ਸੀਨੀਅਰ ਦੇ ਨਾਂ ਕੀਤਾ
ਮੁਹਾਲੀ/ਬਿਊਰੋ ਨਿਊਜ਼ : ਉਲੰਪਿਕ ਹਾਕੀ ‘ਚ ਟਰਿੱਪਲ ਗੋਲਡ ਮੈਡਲਿਸਟ ਤੇ ਪਦਮਸ੍ਰੀ ਹਾਕੀ ਉਲੰਪੀਅਨ ਮਰਹੂਮ ਬਲਬੀਰ ਸਿੰਘ ਸੀਨੀਅਰ ਦੀ ਪਹਿਲੀ ਬਰਸੀ ਮੌਕੇ ਸੂਬਾ ਸਰਕਾਰ ਨੇ ਮੁਹਾਲੀ ਦੇ ਹਾਕੀ ਸਟੇਡੀਅਮ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਮਰਹੂਮ ਹਾਕੀ ਉਲੰਪੀਅਨ ਦੇ ਸਨਮਾਨ ਵਜੋਂ ਮੁਹਾਲੀ ਦੇ ਸੈਕਟਰ 63 ਵਿਚ ਸਥਾਪਤ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂ ‘ਉਲੰਪੀਅਨ ਬਲਬੀਰ ਸਿੰਘ ਸੀਨੀਅਰ’ ਰੱਖ ਦਿੱਤਾ ਗਿਆ।
ਇਸ ਦਾ ਐਲਾਨ ਖੇਡਾਂ, ਯੁਵਕ ਸੇਵਾਵਾਂ ਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ ਹੈ। ਇਸ ਮੌਕੇ ਬਲਬੀਰ ਸਿੰਘ ਸੀਨੀਅਰ ਦਾ ਦੋਹਤਾ ਕਬੀਰ ਸਿੰਘ, ਉਲੰਪੀਅਨ ਹਾਕੀ ਖਿਡਾਰੀ ਅਜੀਤ ਸਿੰਘ, ਰਜਿੰਦਰ ਸਿੰਘ ਸੀਨੀਅਰ, ਪ੍ਰਭਜੋਤ ਸਿੰਘ, ਰਜਿੰਦਰ ਸਿੰਘ ਜੂਨੀਅਰ, ਡਾਇਰੈਕਟਰ ਸਪੋਰਟਸ ਪੰਜਾਬ ਡੀਪੀਐਸ ਖਰਬੰਦਾ, ਸਕੱਤਰ ਖੇਡਾਂ ਰਾਜਕਮਲ ਚੌਧਰੀ ਤੇ ਜੁਆਇੰਟ ਡਾਇਰੈਕਟਰ ਕਰਤਾਰ ਸਿੰਘ ਹਾਜ਼ਰ ਸਨ। ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਕੋਵਿਡ ਦੀ ਸਥਿਤੀ ਵਿਚ ਸੁਧਾਰ ਹੋਣ ‘ਤੇ ਇਸ ਸਟੇਡੀਅਮ ਵਿਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਯਾਦ ਵਿਚ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਸੂਬੇ ਦੇ ਹੁਨਰਮੰਦ ਖਿਡਾਰੀਆਂ ਲਈ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਜਾਵੇਗੀ। ਊਨ੍ਹਾਂ ਕਿਹਾ ਕਿ ਮੁਹਾਲੀ ਹਾਕੀ ਸਟੇਡੀਅਮ ਦੇ ਪ੍ਰਵੇਸ਼ ਦੁਆਰ ‘ਤੇ ਬਲਬੀਰ ਸਿੰਘ ਸੀਨੀਅਰ ਦਾ ਬੁੱਤ ਵੀ ਲਗਾਇਆ ਜਾਵੇਗਾ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …