ਮਨਪ੍ਰੀਤ ਬਾਦਲ ਕੋਲੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ
ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ ਮਨਪ੍ਰੀਤ ਬਾਦਲ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਤੋਂ ਭਾਜਪਾ ਆਗੂ ਬਣੇ ਮਨਪ੍ਰੀਤ ਸਿੰਘ ਬਾਦਲ ਕੋਲੋਂ ਵੀ ਅੱਜ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਹੈ। ਪ੍ਰਾਪਰਟੀ ਦੀ ਖਰੀਦੋ-ਫਰੋਖਤ ਮਾਮਲੇ ਵਿਚ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਦੇ ਵਿਜੀਲੈਂਸ ਦੇ ਦਫਤਰ ਵਿਚ ਪੇਸ਼ ਹੋਏ। ਇਸੇ ਦੌਰਾਨ ਵਿਜੀਲੈਂਸ ਦਫਤਰ ਦੇ ਬਾਹਰ ਮਨਪ੍ਰੀਤ ਬਾਦਲ ਦੇ ਸਮਰਥਕ ਅਤੇ ਪਾਰਟੀ ਦੇ ਵਰਕਰ ਵੀ ਇਕੱਠੇ ਹੋ ਗਏ ਸਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਸ਼ਿਕਾਇਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਿੱਤੀ ਹੈ। ਸਿੰਗਲਾ ਨੇ ਮਨਪ੍ਰੀਤ ਬਾਦਲ ’ਤੇ ਵਿੱਤ ਮੰਤਰੀ ਰਹਿੰਦੇ ਹੋਏ ਬਠਿੰਡਾ ਸਿਟੀ ਦੇ ਪੌਸ਼ ਇਲਾਕੇ ਵਿਚ ਇਕ ਕਮਰਸ਼ੀਅਲ ਪ੍ਰਾਪਰਟੀ ਬੇਹੱਦ ਸਸਤੇ ਭਾਅ ’ਚ ਖਰੀਦਣ ਅਤੇ ਅਨਾਜ ਦੀ ਢੁਆਈ ਵਿਚ ਘੁਟਾਲੇ ਦੇ ਆਰੋਪ ਲਗਾਏ ਹਨ। ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫਤਰ ਵਿਚ ਸਰੂਪ ਚੰਦ ਸਿੰਗਲਾ ਵਲੋਂ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮਨਪ੍ਰੀਤ ਬਾਦਲ ਨੇ ਸਾਲ 2017 ਤੋਂ 2022 ਤੱਕ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਰਹਿੰਦੇ ਹੋਏ ਕਣਕ ਅਤੇ ਝੋਨੇ ਦੀ ਢੁਆਈ ਦੇ ਲਈ ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰ ਨੂੰ ਚੂਨਾ ਲਗਾਇਆ ਹੈ।