ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੰਗਲਵਾਰ ਨੂੰ ਏਅਰ ਇੰਡੀਆ ਦੀ ਅੰਮ੍ਰਿਤਸਰ ਬਰਮਿੰਘਮ ਵਿਚਾਲੇ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ, ਜਿਸ ਨੂੰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਅਤੇ ਦੋਵਾਂ ਸੰਸਦ ਮੈਂਬਰਾਂ ਸ਼ਵੇਤ ਮਲਿਕ ਤੇ ਗੁਰਜੀਤ ਸਿੰਘ ਔਜਲਾ ਨੇ ਝੰਡੀ ਦਿਖਾਈ।ਇਹ ਉਡਾਣ ਸ਼ੁਰੂ ਵਿਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਚੱਲੇਗੀ। ਇਸੇ ਤਰ੍ਹਾਂ ਬਰਮਿੰਘਮ ਤੋਂ ਅੰਮ੍ਰਿਤਸਰ ਵਾਸਤੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ।ਇਹ ਉਡਾਣ ਦਿੱਲੀ ਤੋਂ ਅੰਮ੍ਰਿਤਸਰ ਆਵੇਗੀ ਅਤੇ ਇਥੋਂ ਸਿੱਧਾ ਬਰਮਿੰਘਮ ਲਈ ਰਵਾਨਾ ਹੋਵੇਗੀ। ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਬਰਮਿੰਘਮ ਵਿਚਾਲੇ ਸਭ ਤੋਂ ਪਹਿਲਾਂ ਜਨਵਰੀ 1982 ਵਿਚ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਸੀ। ਉਸ ਵੇਲੇ ਵੀ ਇਸ ਉਡਾਣ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ । ਪਰ 1984 ਵਿਚ ਇਹ ਬੰਦ ਹੋ ਗਈ ਸੀ। ਹਵਾਈ ਕੰਪਨੀ ਵੱਲੋਂ ਦੁਬਾਰਾ ਇਹੀ ਉਡਾਣ ਮਈ 2005 ਵਿਚ ਸ਼ੁਰੂ ਹੋਈ ਸੀ , ਜੋ 2010 ਤੱਕ ਜਾਰੀ ਰਹੀ। ਮਗਰੋਂ ਇਸ ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ।
ਇਸ ਉਡਾਣ ਦੀ ਮੁੜ ਸ਼ੁਰੂਆਤ ਵੇਲੇ ਭਾਜਪਾ ਅਤੇ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪਹਿਲਾਂ ਇਥੇ ਰਿਬਨ ਕੱਟਿਆ ਅਤੇ ਮਗਰੋਂ ਕੇਕ ਵੀ ਕੱਟਿਆ ਗਿਆ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਆਖਿਆ ਕਿ ਇਸ ਸਿੱਧੀ ਉਡਾਣ ਦੀ ਸ਼ੁਰੂਆਤ ਨਾਲ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ। ਇਸ ਤੋਂ ਇਲਾਵਾ ਕਾਰਗੋ ਰਾਹੀਂ ਪੰਜਾਬ ਦੀਆਂ ਸਬਜ਼ੀਆਂ ਤੇ ਫਲ ਆਦਿ ਪਹਿਲਾਂ ਵਾਂਗ ਹੀ ਸਿੱਧਾ ਯੂ.ਕੇ ਜਾ ਸਕਣਗੇ, ਜਿਸ ਨਾਲ ਵਪਾਰੀਆਂ ਨੂੰ ਵੀ ਲਾਭ ਹੋਵੇਗਾ। ਯੂ.ਕੇ ਵਿਚ ਵਸਦਾ ਪੰਜਾਬੀ ਭਾਈਚਾਰਾ ਸਿੱਧਾ ਅੰਮ੍ਰਿਤਸਰ ਆ ਸਕੇਗਾ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਸਕੇਗਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਇਸ ਉਡਾਣ ਨੂੰ ਲੋਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਰੋਜ਼ਾਨਾ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਮੌਕੇ ਭਾਜਪਾ ਦੇ ਸਾਬਕਾ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …