ਅੰਮ੍ਰਿਤਸਰ, ਲੰਡਨ : ਵਿਕਾਸ ਮੰਚ ਦੇ ਅਮਰੀਕਾ ਤੋਂ ਓਵਰਸੀਜ਼ ਅਫੇਅਰਜ਼ ਅੰਮ੍ਰਿਤਸਰ ਦੇ ਸੈਕਟਰੀ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਦੇ ਹੀਥਰੋ ਅਤੇ ਸਟੇਨਸਟੈਡ ਹਵਾਈ ਅੱਡਿਆਂ ਦੇ ਮੈਨੇਜਰ ਅਨਿਲ ਮਾਥਿਨ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਿੱਧੀ ਲੰਡਨ-ਅੰਮ੍ਰਿਤਸਰ ਉਡਾਣ ਬੰਦ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸੇਵਾ ਟਰਸੱਟ ਯੂ.ਕੇ. ਅਤੇ ਸਿੰਘ ਸਭਾ ਸਾਊਥਹਾਲ ਦੇ ਨੁਮਾਇੰਦਿਆਂ ਦੀ ਏਅਰ ਇੰਡੀਆ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿਚ ਮਾਥਿਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਸਟੇਨਸਟੈਡ ਹਵਾਈ ਅੱਡੇ ਤੋਂ ਗੁਰੂ ਕੀ ਨਗਰੀ ਲਈ ਸ਼ੁਰੂ ਹੋਈ ਸਿੱਧੀ ਉਡਾਣ ਬਾਰੇ ਗ਼ਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦੋਂਕਿ ਇਸ ਉਡਾਣ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਹਵਾਈ ਰੂਟ ਦੀ ਸਫ਼ਲਤਾ ਸਵਾਰੀਆਂ ਦੀ ਗਿਣਤੀ ‘ਤੇ ਵੀ ਨਿਰਭਰ ਹੁੰਦੀ ਹੈ। ਗੁਮਟਾਲਾ ਨੇ ਸਮੂਹ ਸੰਗਤ ਦੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਉਡਾਣ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਯਾਤਰੀ ਸਫ਼ਰ ਕਰਨ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੁਨੀਆਂ ਦੀ ਪਹਿਲੀ ਅਤੇ ਇਕੋ-ਇਕ ਏਅਰਲਾਈਨ ਹੈ, ਜਿਸ ਨੇ ਜਹਾਜ਼ ‘ਤੇ ਇੱਕ ਓਂਕਾਰ ਦਾ ਚਿੰਨ੍ਹ ਲਾ ਕੇ ਸਿੱਖ ਭਾਈਚਾਰੇ ਦਾ ਸਨਮਾਨ ਕੀਤਾ ਹੈ ਅਤੇ ਅਗਾਂਹ ਤੋਂ ਵੀ ਵਧੀਆ ਸੇਵਾਵਾਂ ਲਈ ਵਚਨਬੱਧ ਹੈ। ਗੁਮਟਾਲਾ ਨੇ ਦੱਸਿਆ ਕਿ ਅਨਿਲ ਮਾਥਿਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਨਵੀਂ ਉਡਾਣ ਸ਼ੁਰੂ ਹੋਣ ਦੇ ਪ੍ਰਬੰਧਾਂ ਵਿੱਚ ਖਾਸ ਭੂਮਿਕਾ ਨਿਭਾਈ ਹੈ। ਏਅਰ ਇੰਡੀਆ ਦੇ ਨੁਮਾਇੰਦਿਆਂ ਦਾ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਵਿਚ ਕੀਤੇ ਸਹਿਯੋਗ ਲਈ ਸਨਮਾਨ ਕੀਤਾ ਗਿਆ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …