Breaking News
Home / ਮੁੱਖ ਲੇਖ / ਅਬੋਹਰ-ਫਾਜ਼ਿਲਕਾ ਦੇ ਲੋਕ ਵੀ ਭੋਗ ਰਹੇ ਕਾਲੇ ਪਾਣੀਆਂ ਦੀ ਸਜ਼ਾ

ਅਬੋਹਰ-ਫਾਜ਼ਿਲਕਾ ਦੇ ਲੋਕ ਵੀ ਭੋਗ ਰਹੇ ਕਾਲੇ ਪਾਣੀਆਂ ਦੀ ਸਜ਼ਾ

ਦੀਪਕ ਸ਼ਰਮਾ ਚਨਾਰਥਲ
ਪੰਜਾਬ ਦਾ ਅਬੋਹਰ ਉਹ ਇਲਾਕਾ ਬਣ ਗਿਆ ਜਿੱਥੇ ਲੋਕ ਕੱਟ ਰਹੇ ਹਨ ਕਾਲੇ ਪਾਣੀ ਦੀ ਸਜ਼ਾ। ਨਾ ਜ਼ਮੀਨ ਬਚੀ-ਨਾ ਘਰ ਦੇ ਜੀਅ ਬਚੇ… ਘਰ ਦੇ 7 ਜੀਅ ਕੈਂਸਰ ਨੇ ਖਾ ਲਏ ਤੇ ਬਸ ਮੈਂ ਜਿਊਂਦਾ ਹਾਂ… ਜਦੋਂ ਸਾਡੀਆਂ ਖਾਲਾਂ ਵਿਚ ਕਾਲਾ ਜ਼ਹਿਰੀ ਪਾਣੀ ਵੀ ਆ ਜਾਂਦਾ ਅਸੀਂ ਤਾਂ ਖੁਸ਼ ਹੋ ਜਾਂਦੇ ਹਾਂ… ਸਾਡੇ ਪਿੰਡ ਵਿਚ 100 ਤੋਂ ਵੱਧ ਲੋਕਾਂ ਨੂੰ ਕੈਂਸਰ ਹੈ… ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਤੇ ਅਸੀਂ ਪੰਜਾਬ ‘ਚ ਆਪਣੇ ਬਾਗਾਂ ਨੂੰ ਸਿੰਜਣ ਲਈ ਰਾਜਸਥਾਨ ਤੋਂ 700-700 ਰੁਪਏ ਦਾ ਟੈਂਕਰ ਖਰੀਦ ਕੇ ਪਾਣੀ ਲਿਆਉਂਦੇ ਹਾਂ … ਮੇਰੀ ਘਰ ਵਾਲੀ ਦੀ ਜਾਨ ਕੈਂਸਰ ਨੇ ਲੈ ਲਈ ਤੇ ਘਰੇ ਜਵਾਨ ਧੀ ਮਾਨਸਿਕ ਰੋਗੀ, ਹੁਣ ਮੈਂ ਦਿਹਾੜੀ ਕਰਾਂ ਕੇ ਧੀ ਸੰਭਾਲਾਂ… ਇਸਦੇ ਬਾਪੂ ਨੂੰ 45 ਸਾਲਾਂ ਦੀ ਉਮਰ ਵਿਚ ਕੈਂਸਰ ਨੇ ਨਿਗਲ ਲਿਆ ਤੇ ਉਸ ਦਿਨ ਤੋਂ ਇਹ ਕਮਲੀ ਹੋ ਗਈ ਸੀ। ਹੁਣ ਮੈਂ ਇਕੱਲੀ ਮਾਂ ਚੁੱਲ੍ਹਾ-ਚੌਂਕਾ ਕਰਾਂ ਕਿ ਖੇਤ ਸੰਭਾਲਾਂ ਜਾਂ ਕਮਲੀ ਧੀ ਦਾ ਖਿਆਲ ਰੱਖਾਂ… ਘਰ ਵਾਲੀ ਨੂੰ ਕੈਂਸਰ ਹੋ ਗਿਆ 7 ਕਿੱਲੇ ਵੇਚ ਦਿੱਤੇ, ਨਾ ਘਰ ਵਾਲੀ ਬਚੀ ਤੇ ਨਾ ਖੇਤ ਬਚੇ, ਹੁਣ 2 ਕਿੱਲੇ ਬਚੇ ਨੇ ਤੇ 2 ਪੁੱਤ… 7-7 ਸਾਲ ਲਗਾ ਕੇ ਪੁੱਤਾਂ ਵਾਂਗ ਕਿੰਨੂਆਂ ਦੇ ਬੂਟੇ ਪਾਲਦੇ ਹਾਂ ਤੇ ਹੁਣ ਜ਼ਹਿਰੀ ਪਾਣੀ ਨੇ ਸਾਡੇ ਪੁੱਤਾਂ ਵਰਗੇ ਦਰੱਖਤ ਖਾ ਲਏ… ਕਿੱਥੇ ਜਾ ਕੇ ਮਰੀਏ… ਤੁਸੀਂ ਕਹਿੰਦੇ ਹੋ ਕਿ ਪੰਜਾਬ ‘ਚ 17 ਸਾਲਾਂ ‘ਚ ਪਾਣੀ ਮੁੱਕ ਜਾਵੇਗਾ, ਸਾਡੇ ਤਾਂ ਹੁਣੇ ਮੁੱਕਿਆ ਪਿਆ ਹੈ… ਜੀ ਹਾਂ, ਇਹ ਸਭ ਦਰਦ ‘ਚੋਂ, ਪੀੜ ‘ਚੋਂ, ਤਕਲੀਫ ‘ਚੋਂ ਨਿਕਲੇ ਉਹ ਸੈਂਕੜੇ ਬੋਲ ਹਨ, ਜੋ ਅੱਜ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਸ਼ਾਮੀਂ 6 ਵਜੇ ਤੱਕ ਸਾਡੇ ਕੰਨਾਂ ਨੂੰ ਸੁਣਨੇ ਪਏ। ਕਿਉਂਕਿ ਸਰਕਾਰਾਂ ਇਨ੍ਹਾਂ ਲੋਕਾਂ ਦੀ ਪੀੜ ਨਹੀਂ ਸੁਣਦੀਆਂ। ਅੱਜ ਗੁਰਪ੍ਰੀਤ ਚੰਦਬਾਜਾ ਬਾਈ ਹੋਰਾਂ ਦੇ ਹੋਕੇ ‘ਤੇ ਵੱਡੀ ਗਿਣਤੀ ਵਿਚ ਪੰਜਾਬ ਦੀਆਂ ਫਿਕਰਮੰਦ ਧਿਰਾਂ ਅਬੋਹਰ ਖੇਤਰ ਦੇ ਰਾਜਸਥਾਨ ਬਾਰਡਰ ‘ਤੇ ਪਿੰਡਾਂ ਵਿਚ ਜਦੋਂ ਪਹੁੰਚੀਆਂ ਤਦ ਵੱਖੋ-ਵੱਖ ਪਿੰਡ ਬੁਰਜ ਮੁਹਾਰ, ਚੂੜ੍ਹੀ ਵਾਲਾ ਧੰਨਾ, ਸ਼ੇਰਗੜ੍ਹ ਆਦਿ ਵਿਚ ਜਦੋਂ ਜਿਸ ਵੀ ਬੂਹੇ ‘ਤੇ ਦਸਤਕ ਦਿੱਤੀ, ਹਰ ਦਰਵਾਜ਼ੇ ਦੇ ਅੰਦਰ ਕੈਂਸਰ, ਕਾਲਾ ਪੀਲੀਆ ਜਾਂ ਹੋਰ ਲਾਇਲਾਜ ਬਿਮਾਰੀਆਂ ਸਾਨੂੰ ਦੇਹਲੀ ‘ਤੇ ਖੜ੍ਹੀਆਂ ਦਿਸੀਆਂ। ਘਰਾਂ ‘ਚੋਂ 7-7 ਜੀਅ, 5-5 ਜੀਅ ਕੈਂਸਰ ਕਾਰਨ ਨਿਗਲਣ ਦੀਆਂ ਕਈ ਦਰਦ ਭਰੀਆਂ ਦਾਸਤਾਂ ਸਾਹਮਣੇ ਆਈਆਂ। ਕੈਂਸਰ ਕਾਰਨ ਇਕ-ਦੋ ਮੌਤਾਂ ਜਾਂ ਇਕ-ਦੋ ਮਰੀਜ਼ਾਂ ਦੀ ਕਹਾਣੀ ਹਰ ਦੂਜੇ ਘਰ ਦੀ ਹੈ। ਇਥੋਂ ਤੱਕ ਕਿ ਬਾਗਾਂ ਦਾ ਇਹ ਖੇਤਰ ਹੁਣ ਉਜੜ ਰਿਹਾ ਹੈ।
ਹਰੇ ਭਰੇ ਦਰੱਖਤ ਅਚਾਨਕ ਹੀ ਸੁੱਕ ਜਾਂਦੇ ਹਨ ਤੇ ਸਭ ਦੀ ਜੜ੍ਹ ਜ਼ਹਿਰੀ ਪਾਣੀ ਹੈ, ਜਿਹੜਾ ਸਤਲੁਜ ਵਿਚ ਪੈ ਰਹੇ ਫੈਕਟਰੀਆਂ ਅਤੇ ਸੀਵਰੇਜ ਆਦਿ ਦੇ ਪੈ ਰਹੇ ਗੰਦ ਅਤੇ ਕੈਮੀਕਲ ਸਦਕਾ ਲੁਧਿਆਣਾ, ਜਲੰਧਰ, ਮੋਗੇ ਆਦਿ ਤੋਂ ਸ਼ੁਰੂ ਹੋ ਕੇ ਅਬੋਹਰ, ਫਾਜ਼ਿਲਕਾ, ਗੰਗਾਨਗਰ ਤੇ ਜੈਪੁਰ ਤੱਕ ਜ਼ਹਿਰੀ ਪਾਣੀ ਦੀ ਮਾਰ ਹੇਠ ਆਦਮੀ, ਪਸ਼ੂ, ਪੰਛੀ ਤੇ ਦਰੱਖਤ ਤੱਕ ਆ ਗਏ ਹਨ। ਅੱਜ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਸ਼ਾਮੀਂ 6 ਵਜੇ ਤੱਕ ਜਿੱਥੇ-ਜਿੱਥੇ ਪੰਜਾਬ ਦੀਆਂ ਚਿੰਤਕ ਧਿਰਾਂ ਦਾ ਇਹ ਕਾਫਲਾ ਅੱਪੜਿਆ, ਉਥੇ ਪਿੰਡ ਦੇ ਮੋਹਤਬਰ ਲੋਕ, ਸਰਪੰਚ, ਪੰਚ ਤੇ ਹੋਰ ਆਮ ਪਿੰਡ ਵਾਸੀ ਵੱਡੀ ਗਿਣਤੀ ਵਿਚ ਆਪਣੀਆਂ ਪੀੜਾਂ ਸਾਂਝੀਆਂ ਕਰਨ ਲਈ ਖੜ੍ਹੇ ਮਿਲੇ। ਇਸ ਆਮਦ ਦੀ ਸੂਚਨਾ ਕੱਲ੍ਹ ਦੇਰ ਰਾਤ ਪੰਜਾਬ ਸਰਕਾਰ ਦੇ ਕੰਨਾਂ ਵਿਚ ਵੀ ਪੈ ਗਈ। ਇਸੇ ਦਾ ਨਤੀਜਾ ਸੀ ਕਿ ਸ਼ਾਮੀਂ 5 ਵਜੇ ਤੋਂ ਬਾਅਦ ਉਨ੍ਹਾਂ ਸਵਾਲਾਂ ਦੇ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮੂੰਹੋਂ ਕੀਤੇ ਐਲਾਨਾਂ ਦੇ ਰੂਪ ਵਿਚ ਸਾਹਮਣੇ ਆਉਣ ਲੱਗੇ, ਜਿਹੜੇ ਸਵਾਲ ਅੱਜ ਸਵੇਰ ਦੇ ਅਬੋਹਰ ਖੇਤਰ ਦੇ ਪਿੰਡਾਂ ਵਿਚ ਉਠ ਰਹੇ ਸਨ। ਕਿਉਂਕਿ ਹਰ ਪਿੰਡ ਵਿਚ, ਹਰ ਥਾਂ ਹੋਈ ਇਕੱਤਰਤਾ ਦੌਰਾਨ ਚਾਹੇ ਪਿੰਡਾਂ ਦੀਆਂ ਗਲੀਆਂ ਵਿਚ ਪਿੰਡ ਵਾਸੀਆਂ ਨਾਲ ਮੁਲਾਕਾਤ ਹੋਵੇ ਤੇ ਚਾਹੇ ਉਜੜ ਰਹੇ ਬਾਗਾਂ ਦੇ ਵਿਚ ਹੋਏ ਇਕੱਠ ਹੋਣ। ਪਲ-ਪਲ ਦੀ ਖਬਰ ਸਰਕਾਰ ਨੂੰ ਉਨ੍ਹਾਂ ਦੇ ਸੂਹੀਏ ਤੇ ਉਨ੍ਹਾਂ ਦੀ ਸੀਆਈਡੀ ਪਹੁੰਚਾ ਰਹੀ ਸੀ। ਚਲੋ ਇਨ੍ਹਾਂ ਧਿਰਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਡੀ ਆਮਦ ‘ਤੇ ਹੀ ਸਹੀ, ਇਹ ਮਸਲਾ ਨਾਲ ਦੀ ਨਾਲ ਮੁੱਖ ਮੰਤਰੀ ਸਾਹਬ ਦੇ ਦਫਤਰ ਤੱਕ ਪਹੁੰਚਦਾ ਕੀਤਾ ਤੇ ਉਨ੍ਹਾਂ ਦੇ ਐਲਾਨ ਨਾਲ ਦੀ ਨਾਲ ਆਉਣ ਲੱਗੇ ਕਿ ਫੈਕਟਰੀਆਂ ‘ਚੋਂ ਆਉਂਦੇ ਗੰਦ ਨੂੰ ਦਰਿਆਈ ਪਾਣੀ ‘ਚ ਨਹੀਂ ਪੈਣ ਦਿਆਂਗੇ। ਫਾਜ਼ਿਲਕਾ ਜ਼ਿਲ੍ਹੇ ਦੀ ਸਿੰਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਾਂਗੇ ਤੇ ਸਾਫ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ 10 ਕਰੋੜ ਰੁਪਏ ਜਾਰੀ ਕਰਦੇ ਹਾਂ।
ਇਨ੍ਹਾਂ ਐਲਾਨਾਂ ਦੇ ਸਕਰੀਨ ਸ਼ੌਟ ਵਾਲੀਆਂ ਤਸਵੀਰਾਂ ਵੀ ਮੈਂ ਅੱਜ ਦੀ ਫੇਰੀ ਵਾਲੀਆਂ ਤਸਵੀਰਾਂ ਦੇ ਨਾਲ ਹੀ ਸਾਂਝੀਆਂ ਕੀਤੀਆਂ। ਧੰਨਵਾਦ ਮੁੱਖ ਮੰਤਰੀ ਸਾਹਬ, ਪਰ ਮਸਲਾ ਐਲਾਨ ਨਾਲ ਜਾਂ 10 ਕਰੋੜ ਨਾਲ ਹੱਲ ਨਹੀਂ ਹੋਣਾ। ਜਦੋਂ ਤੱਕ ਨਹਿਰਾਂ ਵਿਚ, ਦਰਿਆਵਾਂ ਵਿਚ, ਬੁੱਢੇ ਦਰਿਆ ਵਿਚ ਫੈਕਟਰੀਆਂ ਦਾ, ਸੀਵਰੇਜ ਦਾ ਗੰਦ ਪੈਣਾ ਬੰਦ ਨਹੀਂ ਹੁੰਦਾ। ਤਦ ਤੱਕ ਮੋਗੇ ਤੋਂ ਲੈ ਕੇ ਅਬੋਹਰ-ਫਾਜ਼ਿਲਕਾ ਤੱਕ ਤੇ ਇਥੋਂ ਅਗਾਂਹ ਗੰਗਾਨਗਰ-ਜੈਪੁਰ ਤੱਕ ਲੋਕ ਕਾਲੇ ਪਾਣੀ ਦੀ ਸਜ਼ਾ ਭੁਗਤਦੇ ਰਹਿਣਗੇ। ਸਰਕਾਰ ਨੂੰ ਬੇਨਤੀ ਹੈ ਕਿ ਪਹਿਲੀਆਂ ਨੇ ਤਾਂ ਕੁਝ ਨਹੀਂ ਕੀਤਾ, ਤੁਹਾਥੋਂ ਪੰਜਾਬ ਨੇ ਬਹੁਤ ਆਸਾਂ ਰੱਖੀਆਂ ਹਨ, ਆਸਾਂ ਪੂਰੀਆਂ ਕਰਿਓ, ਨਹੀਂ ਤਾਂ ਫਿਰ ਲੋਕ ਇਕ ਨਵੇਂ ਸੰਘਰਸ਼ ਲਈ ਤਿਆਰ ਹੋ ਰਹੇ ਹਨ। ਕਿਉਂਕਿ ਇਨ੍ਹਾਂ ਲੋਕਾਂ ਦੀ ਹਾਲਤ ਇਹ ਹੈ ਕਿ ਜੇਕਰ ਪਾਣੀ ਨਹੀਂ ਪੀਂਦੇ ਤਾਂ ਵੀ ਮਰਦੇ ਹਨ ਤੇ ਜ਼ਹਿਰੀ ਪੀ ਕੇ ਵੀ ਮਰਨ ਲਈ ਮਜਬੂਰ ਹਨ। ਪਾਣੀ ਪੀ ਕੇ ਮਰਨਾ ਨਹੀਂ ਜਿਊਣਾ ਹੁੰਦਾ ਹੈ। ਮੁੱਖ ਮੰਤਰੀ ਸਾਹਬ ਪੰਜਾਬ ਨੂੰ ਜਿਊਣ ਜੋਗਾ ਪਾਣੀ ਮਿਲੇ ਤੇ ਸ਼ੁੱਧ ਪਾਣੀ ਮਿਲੇ, ਉਹਦੇ ਲਈ ਕਰ ਦਿਓ ਸਖਤੀ। ਚਲੋ ਰੱਬ ਭਲੀ ਕਰੇ। ਸਾਡਾ ਸ਼ੰਘਰਸ਼ ਜਾਰੀ ਹੈ।

Check Also

ਨਿਰਭਉ-ਨਿਰਵੈਰ ਹੋ ਕੇ ਜਿਊਣ ਦੀ ਜੁਗਤ ਹੈ ‘ਮੀਰੀ’ ਤੇ ‘ਪੀਰੀ’ ਦਾ ਸਿਧਾਂਤ

ਤਲਵਿੰਦਰ ਸਿੰਘ ਬੁੱਟਰ ਮੀਰੀ ਅਤੇ ਪੀਰੀ, ਦੋਵੇਂ ਸ਼ਬਦ ਅਰਬੀ-ਫਾਰਸੀ ਪਿਛੋਕੜ ਵਾਲੇ ਹਨ। ‘ਮੀਰੀ’ ਦਾ ਸਬੰਧ …