Breaking News
Home / ਮੁੱਖ ਲੇਖ / ਪਿੰਡ ਚਕਰ ਦੀ ਖੇਡ ਗਾਥਾ ਪੜ੍ਹਦਿਆਂ

ਪਿੰਡ ਚਕਰ ਦੀ ਖੇਡ ਗਾਥਾ ਪੜ੍ਹਦਿਆਂ

ਪ੍ਰਿੰ. ਸਰਵਣ ਸਿੰਘ
ઑਇੱਕ ਪਿੰਡ ਦੀ ਖੇਡ ਗਾਥਾ਼ ਪੁਸਤਕ ਮਾਡਲ ਪਿੰਡ ਚਕਰ ਦਾ ਖੇਡ ਇਤਿਹਾਸ ਹੈ ਜੋ ਚਕਰ ਦੇ ਜੰਮਪਲ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਲਿਖਿਆ ਹੈ। ਉਹ ਖੋਜੀ ਲੇਖਕ ਹੈ ਜਿਸ ਨੇ ਪੰਜਾਬੀ ਖੇਡ ਸਾਹਿਤ ਦਾ ਪਹਿਲਾ ਨਾਵਲ ઑਗੁੰਮਨਾਮ ਚੈਂਪੀਅਨ਼ ਅਤੇ ਦੂਜਾ ਨਾਵਲ ઑਗੋਲਡਨ ਪੰਚ਼ ਲਿਖੇ ਹਨ। ઑਗੁੰਮਨਾਮ ਚੈਂਪੀਅਨ਼ ਰੁਸਤਮ ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਏ ਬਾਰੇ ਤੇ ઑਗੋਲਡਨ ਪੰਚ਼ ਮੁੱਕੇਬਾਜ਼ੀ ਦੇ ਸ਼ਹਿਨਸ਼ਾਹ ਮੁਹੰਮਦ ਅਲੀ ਨਾਲ ਭਿੜੇ ਏਸ਼ੀਆ ਦੇ ਚੈਂਪੀਅਨ ਮੁੱਕੇਬਾਜ਼ ਪਦਮਸ਼੍ਰੀ ਕੌਰ ਸਿੰਘ ਬਾਰੇ ਹਨ। ਬਲਵੰਤ ਸਿੰਘ ਨੇ ਪੰਜਾਬੀ ਦੀਆਂ ઑਚੋਣਵੀਆਂ ਖੇਡ ਕਹਾਣੀਆਂ਼ ਦੀ ਸੰਪਾਦਨਾ ਵੀ ਕੀਤੀ ਹੈ ਤੇ ਕੁਝ ਹੋਰ ਕਿਤਾਬਾਂ ਲਿਖਣ ਦੇ ਨਾਲ ઑਚਾਨਣ ਮੁਨਾਰਾ ਚਕਰ਼ ਪੁਸਤਕ ਵੀ ਲਿਖੀ ਹੈ। ઑਚਾਨਣ ਮੁਨਾਰਾ ਚਕਰ਼ ਹੋਰਨਾਂ ਪਿੰਡਾਂ ਲਈ ਪ੍ਰੇਰਨਾਮਈ ਪੁਸਤਕ ਸਾਬਤ ਹੋਈ ਹੈ। ਉਸ ਨੂੰ ਪੜ ਕੇ ਕਈ ਪਿੰਡ ਚਕਰ ਦੀ ਰੀਸੇ ਵਿਕਾਸ ਦੇ ਰਾਹ ਪਏ ਹਨ। ਚਕਰ ਦੀ ਖੇਡ ਗਾਥਾ ਪੜ ਕੇ ਹੋਰਨਾਂ ਪਿੰਡਾਂ ਦੇ ਵਿਦਿਆਰਥੀ ਤੇ ਨੌਜੁਆਨ ਵੀ ਮਾੜੀਆਂ ਆਦਤਾਂ ਛੱਡ ਕੇ ਸਿਹਤਮੰਦ ਖੇਡ ਸਭਿਆਚਾਰ ਦੇ ਰਾਹ ਪੈ ਸਕਦੇ ਹਨ।
ਇਥੇ ઑਚਾਨਣ ਮੁਨਾਰਾ ਚਕਰ਼ ਪੁਸਤਕ ਦੀਆਂ ਕੁਝ ਸਤਰਾਂ ਅੰਕਿਤ ਕਰਨੀਆਂ ਵਾਜਬ ਹੋਣਗੀਆਂ: ਸਾਥੋਂ ਅਕਸਰ ਪੁੱਛਿਆ ਜਾਂਦੈ ਕਿ ਸਾਡੇ ਪਿੰਡ ਦੀ ਕਾਇਆ ਕਲਪ ਕਿਵੇਂ ਹੋਈ? ਕਿਵੇਂ ਸਪੋਰਟਸ ਅਕੈਡਮੀ ਸ਼ੁਰੂ ਹੋਈ, ਕਿਵੇਂ ਸਰਕਾਰੀ ਮਦਦ ਤੋਂ ਬਿਨਾਂ ਹੀ ਹਜ਼ਾਰ ਤੋਂ ਵੱਧ ਘਰਾਂ ਦਾ ਸੀਵਰੇਜ ਪਾਇਆ ਗਿਆ, ਕਿਵੇਂ ਪਿੰਡ ਦੀਆਂ ਸੱਥਾਂ ਅਤੇ ਭਾਈਚਾਰਕ ਸਾਂਝ ਕੇਂਦਰਾਂ ਨੂੰ ਬਣਾਇਆ ਤੇ ਨਵਿਆਇਆ ਗਿਆ? ਕਿਵੇਂ ਗਲ਼ੀਆਂ ਨਵੇਂ ਸਿਰਿਓਂ ਪੱਕੀਆਂ ਤੇ ਖੁੱਲੀਆਂ ਕੀਤੀਆਂ ਗਈਆਂ ਤੇ ਕਿਵੇਂ ਹਜ਼ਾਰਾਂ ਰੁੱਖ ਬੂਟੇ ਲਾ ਕੇ ਪਿੰਡ ਨੂੰ ਹਰਿਆਵਲਾ ਬਣਾਇਆ ਗਿਆ? ਕਿਵੇਂ ਛੱਪੜਾਂ ਨੂੰ ਨਿਰਮਲ ਝੀਲਾਂ ਬਣਾ ਕੇ ਜਜ਼ੀਰੇ ਸਿਰਜੇ ਗਏ ਅਤੇ ਜੀਵ ਜੰਤੂਆਂ ਤੇ ਪੰਖੇਰੂਆਂ ਨੂੰ ਟਿਕਾਣੇ ਦਿੱਤੇ, ਕਿਵੇਂ ਜੀਵਾਂ ਜੰਤੂਆਂ ਦੀ ਸਹਿਹੋਂਦ ਨੂੰ ਅਮਲੀ ਜਾਮਾ ਪੁਆਇਆ ਤੇ ਕਿਵੇਂ ਦੂਸ਼ਿਤ ਵਾਤਾਵਰਣ ਨੂੰ ਸ਼ੁੱਧ ਕੀਤਾ? ਕਿਵੇਂ ਪਿੰਡ ਵਾਸੀਆਂ ਨੂੰ ਏਕਤਾ ਦੇ ਸੂਤਰ ਵਿਚ ਪ੍ਰੋਇਆ ਤੇ ਉਨਾਂ ਰਾਹੀਂ ਅਸੰਭਵ ਜਾਪਦੇ ਕਾਰਜ ਸੰਭਵ ਬਣਾਏ ਗਏ ਅਤੇ ਕਿਵੇਂ ਨਵੀਂ ਪੀੜੀ ਨੂੰ ਨਸ਼ਿਆਂ ਵੱਲੋਂ ਹੋੜਿਆ ਤੇ ਉਸਾਰੂ ਖੇਡ ਸਭਿਆਚਾਰ ਦੇ ਰਾਹ ਪਾਇਆ ਗਿਆ? ਇਨਾਂ ਸਭਨਾਂ ਸੁਆਲਾਂ ਦਾ ਜਵਾਬ ਹੈ, ਪਿੰਡ ਦਾ ਇਤਫਾਕ। ਪਿੰਡ ਦੇ ਸਭਨਾਂ ਨੌਜੁਆਨਾਂ ਤੇ ਮਾਈਆਂ ਭਾਈਆਂ ਦੀ ਵਧ ਚੜ ਕੇ ਕੀਤੀ ਨਿਸ਼ਕਾਮ ਸੇਵਾ। ਮੋਟੇ ਅੰਦਾਜ਼ੇ ਮੂਜਬ ਦਸ ਕਰੋੜ ਦੀ ਕਾਰ ਸੇਵਾ ਹੋਈ ਤੇ ਦਸ ਕਰੋੜ ਦੀ ਪੂੰਜੀ ਲੱਗੀ। ਪਰ ਕਿਸੇ ਦੇ ਵੀ ਨਾਂ ਦੀ ਕੋਈ ਦਾਨ ਸ਼ਿਲਾ ਨਹੀਂ ਲਾਈ ਗਈ ਤਾਂ ਕਿ ਸਭ ਬਰਾਬਰ ਸਮਝੇ ਜਾਣ।
ਡਾ. ਬਲਵੰਤ ਸਿੰਘ ਨੇ ਪੀਐੱਚਡੀ ਬੇਸ਼ਕ ਪਰਵਾਸੀ ਪੰਜਾਬੀ ਕਹਾਣੀ ਦੇ ਵਿਸ਼ੇ ‘ਤੇ ਕੀਤੀ ਹੈ ਪਰ ਨਾਮਣਾ ਖੱਟ ਰਿਹੈ ਚਕਰ ਵਿੱਚ ਸਪੋਰਟਸ ਅਕੈਡਮੀ ਸ਼ੁਰੂ ਕਰ ਕੇ ਤੇ ਖੇਡ ਸਾਹਿਤ ਰਚ ਕੇ। ਆਪਣੇ ਭਤੀਜੇ ਦੀ ਪੁਸਤਕ ਬਾਰੇ ਲਿਖਣਾ ਲੱਗਦਾ ਤਾਂ ਅਜੀਬ ਹੈ ਪਰ ਖ਼ੁਦ ਖੇਡ ਲੇਖਕ ਹੋਣ ਦੇ ਨਾਤੇ ਮੈਥੋਂ ਚੰਗੀ ਖੇਡ ਪੁਸਤਕ ਦੀ ਪ੍ਰਸ਼ੰਸਾ ਕਰੇ ਬਿਨਾਂ ਨਹੀਂ ਰਿਹਾ ਜਾ ਸਕਦਾ। ਇਹ ਪੁਸਤਕ ਪੜ ਕੇ ਹੋਕਾ ਦਿੰਦਾ ਹਾਂ ਕਿ ਹੋਰਨਾਂ ਪਿੰਡਾਂ ਦੇ ਖੇਡ ਇਤਿਹਾਸ ਤੇ ਖੇਡ ਸਭਿਆਚਾਰ ਬਾਰੇ ਵੀ ਪੁਸਤਕਾਂ ਲਿਖੀਆਂ ਜਾਣ। ਡਾ. ਪੋਪਿੰਦਰ ਸਿੰਘ ਕੁਲਾਰ ਨੇ ਆਪਣੇ ਪਿੰਡ ਬਾਰੇ ਬੜੀ ਖੋਜ ਕਰ ਕੇ ઑਸੰਸਾਰਪੁਰ ਹਾਕੀ ਦਾ ਘਰ਼ ਨਾਂ ਦੀ ਪੁਸਤਕ ਲਿਖੀ ਹੈ। ਮੈਂ ਚਾਹੁੰਦਾ ਹਾਂ ਕਿ ਜਿਨਾਂ ਪਿੰਡਾਂ ਬਾਰੇ ਪੁਸਤਕਾਂ ਲਿਖੀਆਂ ਜਾਣ ਉਥੋਂ ਦੇ ਹਰੇਕ ਘਰ, ਰਿਸ਼ਤੇਦਾਰੀਆਂ ਤੇ ਪਾਠਕਾਂ ਦੇ ਘਰਾਂ ਦਾ ਸ਼ਿੰਗਾਰ ਵੀ ਬਣਨ।
ਇਸ ਪੁਸਤਕ ਦਾ ਤਤਕਰਾ ਹੈ: ਚਕਰ ਦੇ ਖੇਡ ਝਰੋਖੇ ‘ਚੋਂ, ਚਕਰ ਦਾ ਖੇਡ ਸਭਿਆਚਾਰ, ਖੇਡਾਂ ਵਾਲਾ ਪਿੰਡ, ਖੇਡਾਂ ‘ਚੋਂ ਝਲਕਦੀ ਜ਼ਿੰਦਗੀ, ਸਿਮਰਨਜੀਤ-ਸੰਘਰਸ਼ ਤੋਂ ਸਨਮਾਨ ਤੱਕ, ਚਕਰ ਬਾਕਸਿੰਗ ਦਾ ਪਹੁਫੁਟਾਲਾ, ਮੇਰੇ ਵਿਦਿਆਰਥੀ ਜੀਵਨ ਦੇ ਖੇਡ ਤਜਰਬੇ, ਚਕਰ ਬਾਕਸਿੰਗ-ਪਹੁਫੁਟਾਲੇ ਤੋਂ ਸਿਖਰ ਦੁਪਹਿਰ ਵੱਲ, ਵਿਰਾਸਤੀ ਖੇਡਾਂ ਤੇ ਬੋਰੀ ਚੁੱਕਣਾ, ਅਥਲੀਟਾਂ ਦੀਆਂ ਅੜੀਆਂ, ਚਕਰ ਦੀ ਹਾਕੀ ਤੇ ਕਪਤਾਨਾਂ ਦਾ ਕਪਤਾਨ ਜਸਵੰਤ ਸਿੰਘ ਸੰਧੂ, ਵਾਲੀਬਾਲ ਦੀਆਂ ਵੌਲੀਆਂ, ਫੁੱਟਬਾਲ-ਤਾਕਤ ਤੋਂ ਤਕਨੀਕ ਵੱਲ, ਪਾਣੀਆਂ ਦੀ ਹਿੱਕ ਼ਤੇ ਤੈਰਦਾ ਚਕਰੀਆ: ਅਮਰਜੀਤ ਸਿੰਘ ਸੰਧੂ, ਬਾਸਕਟਬਾਲ ਦੇ ਟੱਪੇ, ਕਬੱਡੀ ਦੀ ਮਾਣਮੱਤੀ ਵਿਰਾਸਤ, ਕਬੱਡੀ ਦਾ ਸੁਨਹਿਰਾ ਦੌਰ, ਚਕਰ ਦੇ ਖੇਡ ਸਭਿਆਚਾਰ ਦਾ ਧਰੂ ਤਾਰਾ-ਅਜਮੇਰ ਸਿੰਘ ਸਿੱਧੂ ਅਤੇ ਚਕਰ ਦੀ ਪੰਜਾਬੀ ਖੇਡ ਸਾਹਿਤ ਨੂੰ ਦੇਣ।
ਕਦੇ ਲੜਾਈਆਂ ਭਿੜਾਈਆਂ ਵਾਲਾ ਸਮਝਿਆ ਜਾਂਦਾ ਪਿੰਡ ਚਕਰ ਖੇਡਾਂ ਵਿੱਚ, ਖ਼ਾਸ ਕਰਕੇ ਬਾਕਸਿੰਗ ਵਿਚ ਹੁਣ ਵਿਸ਼ੇਸ਼ ਸਥਾਨ ਹਾਸਲ ਕਰ ਚੁੱਕਾ ਹੈ। ਇਸ ਪਿੰਡ ਨੇ ਬਾਕਸਿੰਗ ਵਿੱਚ ਪੰਜਾਬ ਦੀ ਪਹਿਲੀ ਓਲੰਪੀਅਨ ਅਤੇ ਅਰਜੁਨਾ ਐਵਾਰਡੀ ਸਿਮਰਨਜੀਤ ਕੌਰ ਬਾਠ ਉਰਫ਼ ઑਸਿਮਰ ਚਕਰ਼, ਜੂਨੀਅਰ ਵਿਸ਼ਵ ਚੈਂਪੀਅਨ ਮਨਦੀਪ ਕੌਰ ਸੰਧੂ, ਅੰਤਰਰਾਸ਼ਟਰੀ ਖਿਡਾਰਨਾਂ ਸ਼ਵਿੰਦਰ ਕੌਰ ਸਿੱਧੂ ਤੇ ਹਰਪ੍ਰੀਤ ਕੌਰ ਸਿੱਧੂ ਦੇ ਰੂਪ ਵਿੱਚ ਅਜਿਹੀਆਂ ਸ਼ੇਰ ਦਿਲ ਲੜਕੀਆਂ ਪੈਦਾ ਕੀਤੀਆਂ ਹਨ ਜਿਨਾਂ ਨੇ ਚਕਰ ਦੇ ਖੇਡ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ। ਪ੍ਰੋਫੈਸ਼ਨਲ ਬਾਕਸਿੰਗ ਵਿੱਚ ਵੀ ਸੁਖਦੀਪ ਚਕਰੀਏ ਨੇ ਕੌਮਾਂਤਰੀ ਰਿੰਗਾਂ ‘ਚ ਚੰਗਾ ਨਾਂ ਕਮਾਇਆ ਹੈ। ਫੁੱਟਬਾਲ ਵਿੱਚ ਕਈ ਖਿਡਾਰੀ ਕੌਮੀ ਪੱਧਰ ਼ਤੇ ਚਮਕੇ ਹਨ। ਚਕਰ ਦੇ ਕਈ ਫੁੱਟਬਾਲਰਾਂ ਨੇ ਭਾਰਤ ਦੀਆਂ ਕਈ ਨਾਮੀ ਕਲੱਬਾਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਜਗਵਿੰਦਰ ਸਿੰਘ ਸੰਧੂ ਡਿਕੈਥਲੋਨ ਦਾ ਦੋ ਵਾਰ ਜੂਨੀਅਰ ਨੈਸ਼ਨਲ ਚੈਂਪੀਅਨ ਬਣਿਆ ਤੇ ਹਾਕੀ ਦੀ ਖੇਡ ਵਿਚ ਗੁਰਵਿੰਦਰ ਸਿੰਘ ਸੰਧੂ ਨੇ ਭਾਰਤ ਦੀ ਜੂਨੀਅਰ ਹਾਕੀ ਟੀਮ ਵਿਚ ਸ਼ਮੂਲੀਅਤ ਕੀਤੀ। ਕਬੱਡੀ ਵਿੱਚ ਵੀ ਕਰਮੇ ਤੇ ਕਾਕੇ ਵਾਂਗ ਕਈ ਚੋਬਰਾਂ ਨੇ ਚੋਖਾ ਨਾਮਣਾ ਖੱਟਿਆ ਹੈ। ਵਿਰਾਸਤੀ ਖੇਡਾਂ ਵਿੱਚ ਵੀ ਚਕਰੀਆਂ ਦੀ ਝੰਡੀ ਰਹੀ ਹੈ ਅਤੇ ਖੇਡ ਸਾਹਿਤ ਸਿਰਜਣ ਵਿੱਚ ਵੀ ਭਰਵਾਂ ਯੋਗਦਾਨ ਪਾਇਆ ਹੈ। 216 ਪੰਨਿਆਂ ਦੀ ਇਸ ਪੁਸਤਕ ਵਿੱਚੋਂ ਬੜਾ ਰੌਚਿਕ ਬਿਰਤਾਂਤ ਪੜਿਆ ਜਾ ਸਕਦਾ ਹੈ।
ਲੇਖਕ ਦੇ ਸ਼ਬਦ ਹਨ: 2005 ਤੋਂ ਚਕਰ ਵਿੱਚ ਬਾਕਸਿੰਗ ਦੀ ਸ਼ੁਰੂਆਤ ਕਰਵਾਉਣ ਤੋਂ ਲੈ ਕੇ ਅਠਾਰਾਂ-ਉੱਨੀ ਸਾਲਾਂ ਤੋਂ ਚਕਰ ਦੇ ਖੇਡ ਪ੍ਰਬੰਧਾਂ ਨਾਲ਼ ਜੁੜਿਆ ਹੋਣ ਕਰਕੇ ਖੇਡ ਪ੍ਰੇਮੀਆਂ ਵੱਲੋਂ ਮੈਨੂੰ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਪਿੰਡ ਚਕਰ ਨੇ ਓਲੰਪੀਅਨ, ਵਿਸ਼ਵ ਚੈਂਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀ ਕਿਵੇਂ ਤਿਆਰ ਕੀਤੇ? ਇਹ ਕਾਰਜ ਕਿਵੇਂ ਕੀਤਾ ਜਾ ਸਕਦਾ ਹੈ? ਅਸਲ ਵਿੱਚ ਜਿਸ ਬਾਕਸਿੰਗ ਕਰਕੇ ਚਕਰ ਨੂੰ ਹੁਣ ઑਮਿੰਨੀ ਕਿਊਬਾ਼ ਕਿਹਾ ਜਾਂਦਾ ਹੈ, ਉਸ ਦੇ ਬੀਜ 1986-87 ਵਿੱਚ ਅਚਨਚੇਤ ਹੀ ਬੀਜੇ ਗਏ ਸਨ। ਉਨਾਂ ਨੂੰ ਮੌਲਣ ਦਾ ਮੌਕਾ 2005 ਤੋਂ ਮਿਲਣ ਲੱਗਾ। ਫਿਰ ਚਕਰ ਦੀਆਂ ਖੇਡਾਂ ਦੀ ਪੈੜ ਨੱਪਦਿਆਂ ਗੱਲ ਪਿਛਲੇ ਕਈ ਦਹਾਕਿਆਂ ਦੇ ਫਲ-ਫੁੱਲ ਰਹੇ ਖੇਡ ਸਭਿਆਚਾਰ ਤੱਕ ਚਲੀ ਗਈ। ਪਤਾ ਲੱਗਿਆ ਕਿ ਚਕਰੀਏ ਬੋਰੀਆਂ ਵੀ ਚੁੱਕਦੇ ਰਹੇ ਹਨ ਤੇ ਹਾਕੀ ਵੀ ਖੇਡਦੇ ਰਹੇ ਹਨ। ਹਾਕੀ ਵਿੱਚ ਅੰਤਰਰਾਸ਼ਟਰੀ ਕਪਤਾਨ ਪੈਦਾ ਕਰਨ, ਅਥਲੈਟਿਕਸ ਵਿੱਚ ਰਾਸ਼ਟਰੀ ਪੱਧਰ ਼ਤੇ ਰਿਕਾਰਡ ਕਾਇਮ ਕਰਨ, ਕਬੱਡੀ ਦੇ ਕੌਮਾਂਤਰੀ ਖਿਡਾਰੀ ਪੈਦਾ ਕਰਨ, ਬਾਕਸਿੰਗ ਵਿੱਚ ਇੱਕ ਓਲੰਪੀਅਨ ਤੇ ਇੱਕ ਵਿਸ਼ਵ ਚੈਂਪੀਅਨ ਸਮੇਤ ਸੱਤ ਅੰਤਰਰਾਸ਼ਟਰੀ, ਦੋ ਦਰਜਨ ਦੇ ਕਰੀਬ ਰਾਸ਼ਟਰੀ ਅਤੇ ਸੌ ਦੇ ਕਰੀਬ ਸੂਬਾ ਪੱਧਰ ਦੇ ਖਿਡਾਰੀ ਤਿਆਰ ਕਰਨ, ਫੁੱਟਬਾਲ ਤੇ ਤੈਰਾਕੀ ਵਿੱਚ ਨੈਸ਼ਨਲ ਪੱਧਰ ਼ਤੇ ਖਿਡਾਰੀ ਪੈਦਾ ਕਰਨ ਦਾ ਮਾਣ ਪਿੰਡ ਚਕਰ ਨੂੰ ਪ੍ਰਾਪਤ ਹੈ। ਖੇਡ ਖੇਤਰ ਵਿੱਚ ਚਕਰ ਦੀਆਂ ਲੜਕੀਆਂ ਨੇ ਲੜਕਿਆਂ ਨਾਲ਼ੋਂ ਵੀ ਵੱਧ ਨਾਂ ਕਮਾਇਆ ਹੈ। ਚਕਰ ਼ਚੋਂ ਖਿਡਾਰੀ ਹੀ ਨਹੀਂ ਚੋਟੀ ਦੇ ਖੇਡ ਲੇਖਕ ਵੀ ਪੈਦਾ ਹੋਏ ਹਨ।
ਇਸ ਪੁਸਤਕ ਵਿੱਚ ਚਕਰ ਬਾਰੇ ਸੰਖੇਪ ਜਾਣਕਾਰੀ, ਓਲੰਪੀਅਨ ਅਤੇ ਅਰਜੁਨਾ ਐਵਾਰਡੀ ਸਿਮਰਨਜੀਤ ਕੌਰ ਦੇ ਸੰਘਰਸ਼ ਬਾਰੇ, ਚਕਰ ‘ਚ ਬਾਕਸਿੰਗ ਅਕੈਡਮੀ ਦੀ ਸ਼ੁਰੂਆਤ ਬਾਰੇ, ਮੇਰੇ ਖ਼ੁਦ ਦੇ ਖੇਡ ਤਜਰਬਿਆਂ ਬਾਰੇ, ਚਕਰ ਦੇ ਖੇਡ ਸੰਸਾਰ ਬਾਰੇ ਤੇ ਵਿਰਾਸਤੀ ਖੇਡਾਂ ਬਾਰੇ ਦੱਸਿਆ ਗਿਆ ਹੈ। ਚਕਰ ਦੇ ਇਹ ਖੇਡ ਰੰਗ ਹਰ ਪਿੰਡ ਦੇ ਰੰਗ ਹੋ ਸਕਦੇ ਹਨ। ਚਕਰ ਦੇ ਖਿਡਾਰੀ ਰਹੇ ਤੇ ਮਸੀਹੇ ਬਣੇ ਅਜਮੇਰ ਸਿੰਘ ਸਿੱਧੂ ਅਤੇ ਪੰਜਾਬੀ ਖੇਡ ਸਾਹਿਤ ਦੇ ਬਾਬਾ ਬੋਹੜ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਖੇਡ ਲਿਖਤਾਂ ਵਿੱਚੋਂ ਚਕਰ ਦੇ ਖੇਡ ਸਭਿਆਚਾਰ ਦੀ ਰੂਹ ਪਛਾਣੀ ਜਾ ਸਕਦੀ ਹੈ। ਚਕਰ ਦੇ ਖੇਡ ਝਰੋਖੇ ਼ਚੋਂ ਉੱਨੀ ਇੱਕੀ ਦੇ ਫ਼ਰਕ ਨਾਲ਼ ਪੰਜਾਬ ਦੇ ਸਮੂਹ ਪਿੰਡਾਂ ਦੇ ਖੇਡ ਸਭਿਆਚਾਰ ਦੇ ਦੀਦਾਰ ਕੀਤੇ ਜਾ ਸਕਦੇ ਹਨ।
ਇਸ ਪੁਸਤਕ ਨੂੰ ਵਾਚਦਿਆਂ ਸਰਕਾਰੀ ਸੰਸਥਾਵਾਂ ਵਿੱਚ ਬੈਠੇ ਖੇਡ ਪ੍ਰਬੰਧਕ ਅਤੇ ਖੇਡ ਚਿੰਤਕ ਪਿੰਡਾਂ ਬਾਰੇ ਨਵੀਆਂ ਖੇਡ ਨੀਤੀਆਂ ਬਣਾ ਸਕਦੇ ਹਨ। ਅਧਿਆਪਕ ਆਪਣੀਆਂ ਜਮਾਤਾਂ ਵਿੱਚ ਜਨੂੰਨੀ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਪਛਾਣ ਕੇ ਉਨਾਂ ਨੂੰ ਸਹੀ ਰਾਹ ਦਿਖਾ ਸਕਦੇ ਹਨ। ਪਿੰਡਾਂ ਦੀ ਪ੍ਰਤਿਭਾ ਨੂੰ ਅਜਾਈਂ ਜਾਣ ਤੋਂ ਰੋਕਣ ਲਈ ਸਮੇਂ ਸਿਰ ਢੁੱਕਵੇਂ ਕਦਮ ਚੁੱਕੇ ਜਾ ਸਕਦੇ ਹਨ। ਆਪਣੇ ਵਤਨ ਲਈ ਕੁਝ ਕਰਨ ਦੀ ਚਾਹਤ ਰੱਖਣ ਵਾਲੇ ਪਰਵਾਸੀ ਵੀਰ ਆਪਣੇ ਪਿੰਡਾਂ ਵਿੱਚ ਖੇਡ ਅਕੈਡਮੀਆਂ ਚਲਾਉਣ ‘ਚ ਯੋਗਦਾਨ ਪਾ ਸਕਦੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਲਈ ਚੰਗਾ ਉਪਰਾਲਾ ਕਰ ਸਕਦੇ ਹਨ। ਪੰਜਾਬ ਦੀ ਤਾਸੀਰ ਹੀ ਅਜਿਹੀ ਹੈ ਕਿ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅੰਤਰਰਾਸ਼ਟਰੀ ਅਤੇ ਓਲੰਪੀਅਨ ਖਿਡਾਰੀ ਬਣਨ ਦੀ ਸੰਭਾਵਨਾ ਹੈ। ਪੰਜਾਬ ਵਿੱਚ ਸਭ ਕੁਝ ਹੈ ਪਰ ਠੋਸ ਪ੍ਰਬੰਧਾਂ ਤੇ ਯੋਗ ਖੇਡ ਨੀਤੀਆਂ ਦੀ ਕਮੀ ਕਾਰਨ ਚੰਗੇ ਨਤੀਜੇ ਨਹੀਂ ਮਿਲ ਰਹੇ। ਪੰਜਾਬ ਨੂੰ ਵਸੀਲਿਆਂ ਤੇ ਸੁਹਿਰਦ ਹੀਲਿਆਂ ਦੀ ਲੋੜ ਹੈ।
ਜਿਥੇ-ਜਿਥੇ ਵੀ ਜਜ਼ਬਾ ਤੇ ਜਨੂੰਨ ਹੈ, ਲਗਨ ਹੈ, ਟੀਮ ਵਰਕ ਹੈ, ਇੱਕ ਦੂਜੇ ਨੂੰ ਉਭਾਰਨ ਦੀ ਸੁਹਿਰਦ ਭਾਵਨਾ ਹੈ, ਚੰਗੇ ਨਤੀਜੇ ਆਉਣ ਦੀ ਸੰਭਾਵਨਾ ਆਪੇ ਬਣ ਜਾਂਦੀ ਹੈ। ਜਦੋਂ ਤੱਕ ਖੇਡ ਪ੍ਰਬੰਧਾਂ ਤੇ ਉਨਾਂ ਦੀਆਂ ਤੰਦਾਂ ਨਾਲ਼ ਜੁੜੇ ਅਧਿਕਾਰੀ ਤੇ ਕੋਚ ਆਦਿ ਖਿਡਾਰੀਆਂ ਜਿੰਨੇ ਜਨੂੰਨੀ ਨਹੀਂ ਹੋਣਗੇ, ਉਦੋਂ ਤੱਕ ਖੇਡ ਮੈਦਾਨਾਂ ਅਤੇ ਖੇਡ ਮੰਚਾਂ ਼ਤੇ ਰੌਣਕਾਂ ਨਹੀਂ ਲਾਈਆਂ ਜਾ ਸਕਣਗੀਆਂ। ਜੇ ਕੋਈ ਸੱਜਣ ਆਪਣੇ ਪਿੰਡ, ਸ਼ਹਿਰ ਜਾਂ ਸੂਬੇ ਦੀ ਸ਼ਾਨ ਬੁਲੰਦ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਮਕਸਦ ਲਈ ਸਬਰ, ਸਿਰੜ ਤੇ ਜਨੂੰਨ ਨਾਲ਼ ਲੱਗੇ ਰਹਿਣਾ ਪਵੇਗਾ। ਇਹ ਪੁਸਤਕ ਜੇਕਰ ਕਿਸੇ ਦੇ ਮਨ ਵਿਚ ਪੰਜਾਬ ਜਾਂ ਆਪਣੀ ਮਾਤ ਭੂਮੀ ਲਈ ਕੁਝ ਚੰਗਾ ਕਰਨ ਦਾ ਦ੍ਰਿੜ ਇਰਾਦਾ ਪੈਦਾ ਕਰ ਸਕੇ ਤਾਂ ਮੈਂ ਸਮਝਾਂਗਾ ਕਿ ਮੇਰੀ ਘਾਲਣਾ ਰਾਸ ਆਈ। ਪੁਸਤਕ ਲੇਖਕ ਦਾ ਫੋਨ 98886-58185 ਹੈ।

Check Also

ਭਾਰਤ ‘ਚ ਕਿਸਾਨ ਮੁੜ ਸੜਕਾਂ ‘ਤੇ ਨਿੱਤਰੇ

ਮੋਹਨ ਸਿੰਘ (ਡਾ.) ਭਾਰਤ ਵਿਚ ਦਿੱਲੀ ਕਿਸਾਨ ਅੰਦੋਲਨ ਵਾਂਗ ਕਿਸਾਨਾਂ ਨੂੰ ਬੈਰੀਕੇਡਾਂ ਦਾ ਫਿਰ ਸਾਹਮਣਾ …