6.4 C
Toronto
Saturday, November 8, 2025
spot_img
Homeਮੁੱਖ ਲੇਖਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਰਦੀ ਹੈ ਸੱਚ ਦੇ ਰਾਹ

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਰਦੀ ਹੈ ਸੱਚ ਦੇ ਰਾਹ

ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪਰਮਾਤਮਾ ਨਾਲ ਇਕਮਿਕ ਹੋਏ, ਰੱਬੀ ਰੰਗ ਵਿਚ ਅਭੇਦ, ਦੁਖੀਆਂ ਦੇ ਦਰਦੀ, ਮਹਾਨ ਤਪੱਸਵੀ, ਦੂਰਅੰਦੇਸ਼, ਕੌਮੀ ਉਸਰੱਈਏ, ਦਿੱਬ ਦ੍ਰਿਸ਼ਟੀ ਦੇ ਮਾਲਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖਰ ਸਨਮਾਨ ਹਾਸਲ ਹੈ। ਇਨ੍ਹਾਂ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਵਿਲੱਖਣ ਸਥਾਨ ਰੱਖਦੀ ਹੈ। ‘ਸ਼ਹਾਦਤ’ ਸ਼ਬਦ ਪੜ੍ਹਦਿਆਂ, ਸੁਣਦਿਆਂ ਹੀ ਪੰਚਮ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਆਪ ਨੇ ਲੋਕ ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਝੱਲਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ, ਜਿਸ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿਚ ਬਹੁਤ ਹੀ ਦੂਰਗਾਮੀ ਅਸਰ ਹੋਇਆ। ਸਿੱਖ ਲਹਿਰ ਨੇ ਇਕ ਨਵਾਂ ਮੋੜ ਲਿਆ ਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਪਾਵਨ ਸ਼ਹੀਦੀ ਦਾ ਮੂਲ ਤੇ ਮੁੱਖ ਕਾਰਨ ਸਿੱਖ-ਸਿਧਾਂਤ ਤੇ ਆਚਾਰ ਵਿਹਾਰ ਦਾ ਨਿਆਰਾਪਨ ਹੀ ਸੀ, ਜਿਸ ਦੇ ਦਿਨੋ-ਦਿਨ ਵਧ ਰਹੇ ਤੇਜ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਇਸਲਾਮੀ ਸਰਕਾਰ ਤੇ ਉਸ ਦੇ ਤੁਅੱਸਬੀ ਬਾਦਸ਼ਾਹ, ਕਰਮਕਾਂਡੀ, ਧਰਮ ਤੇ ਉਸ ਦੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਿਲ ਹੋ ਚੁੱਕਾ ਸੀ। ਪੰਜਵੇਂ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ, ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦੀ ਨਿਆਰਤਾ, ਕਥਨੀ-ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉਥੇ ਕਰਮਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਭਾਰੀ ਚੈਲੰਜ ਸੀ :
ਵਰਤ ਨ ਰਹਉ ਨ ਮਹ ਰਮਦਾਨਾ॥ઠ
ਤਿਸੁ ਸੇਵੀ ਜੋ ਰਖੈ ਨਿਦਾਨਾ॥1॥
ਏਕੁ ਗੁਸਾਈ ਅਲਹੁ ਮੇਰਾ॥ઠ
ਹਿੰਦੂ ਤੁਰਕ ਦੁਹਾਂ ਨੇਬੇਰਾ॥1॥ਰਹਾਉ॥
ਹਜ ਕਾਬੈ ਜਾਉ ਨ ਤੀਰਥ ਪੂਜਾ॥ઠ
ਏਕੋ ਸੇਵੀ ਅਵਰੁ ਨ ਦੂਜਾ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ॥ઠ
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥3॥
ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥4॥ઠ                        (ਪੰਨਾ 1136)
ਅਜਿਹਾ ਐਲਾਨ ਮੌਕੇ ਦੇ ਹਾਕਮਾਂ ਨੂੰ ਬਿਲਕੁਲ ਹੀ ਸੁਣਨਾ ਪ੍ਰਵਾਨ ਨਹੀਂ ਸੀ। ਉਨ੍ਹਾਂ ਨੇ ਵਿਉਂਤਾਂ ਗੁੰਦੀਆਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖ਼ਤਮ ਕਰ ਦਿੱਤਾ ਜਾਵੇ, ਤਾਂ ਜੋ ਮੁੜ ਅਜਿਹੀ ਲਹਿਰ ਨਾ ਚੱਲੇ ਤੇ ਇੰਜ ਸਿੱਖ ਧਰਮ ਦਾ ਖਾਤਮਾ ਹੋ ਜਾਵੇਗਾ। ਪਰ ਇਤਿਹਾਸ ਗਵਾਹ ਹੈ ਕਿ ਹੋਇਆ ਇਸ ਦੇ ਬਿਲਕੁਲ ਉਲਟ। ਕੇਵਲ ਮੁਗ਼ਲ ਬਾਦਸ਼ਾਹ ਤੇ ਮੁਗ਼ਲੀਆ ਰਾਜ ਦਾ ਖਾਤਮਾ ਹੀ ਨਹੀਂ ਹੋਇਆ, ਸਗੋਂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਦਿਨੋ-ਦਿਨ ਵਧਦਾ-ਫੁੱਲਦਾ ਗਿਆ।ઠ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਪਹਿਲੀ ਤੇ ਦੁਨੀਆ ਦੇ ਇਤਿਹਾਸ ਵਿਚ ਇਕ ਲਾਸਾਨੀ ਤੇ ਬੇਮਿਸਾਲ ਸ਼ਹਾਦਤ ਹੈ। ਆਪ ਜੀ ਦੀ ਸ਼ਹਾਦਤ ਸਬੰਧੀ ਚਰਚਾ ਕਰਦਿਆਂ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸ਼ਹੀਦ ਕੌਣ ਹੁੰਦਾ ਹੈ? ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲਾ ਹੈ। ਕਿਸੇ ਉੱਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ ਭਰਮ-ਭਉ ਤੋਂ ਰਹਿਤ ਹੋ ਕੇ ਦਿੰਦਾ ਹੈ।ઠਪੰਚਮ ਪਾਤਸ਼ਾਹ ਜੀ ਦੀ ਮਹਾਨ ਸ਼ਹੀਦੀ ਦੇ ਵੱਖ-ਵੱਖ ਇਤਿਹਾਸਕਾਰਾਂ ਨੇ ਕਈ ਕਾਰਨ ਦੱਸੇ ਹਨ। ਜਿਵੇਂ ਚੰਦੂ ਦੀ ਦੁਸ਼ਮਣੀ, ਪ੍ਰਿਥੀ ਚੰਦ ਦਾ ਵਿਰੋਧ, ਬਾਗੀ ਖੁਸਰੋ ਦੀ ਮਦਦ ਕਰਨਾ, ਪੰਥ ਦੋਖੀਆਂ ਵੱਲੋਂ ਬਾਦਸ਼ਾਹ ਦੇ ਕੰਨ ਭਰਨਾ ਅਤੇ ਨਕਸ਼ਬੰਦੀਆਂ ਦੀ ਵਿਰੋਧਤਾ ਆਦਿ। ਇਨ੍ਹਾਂ ਤੋਂ ਇਲਾਵਾ ਗੁਰੂ ਜੀ ਦੀ ਸ਼ਹਾਦਤ ਦੇ ਲਈ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਪ੍ਰਮੁੱਖ ਕਾਰਨ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਹੀ ਮੰਨਿਆ ਜਾ ਸਕਦਾ ਹੈ। ਬਾਕੀ ਸਾਰੇ ਕਾਰਨ ਉਸ ਕੱਟੜਤਾ ਵਿਚ ਸਹਾਇਕ ਸਿੱਧ ਹੋਏ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇ, ਕਿਉਂਕਿ ਉਹ ਪੰਚਮ ਪਾਤਸ਼ਾਹ ਜੀ ਦੀ ਵਡਿਆਈ ਤੋਂ ਡਾਹਢਾ ਖਫ਼ਾ ਸੀ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜਕੇ ਜਹਾਂਗੀਰੀ ਵਿਚ ਵੀ ਕਰਦਾ ਹੈ। ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦਿਆਂ ‘ਤੇਰਾ ਕੀਆ ਮੀਠਾ ਲਾਗੇ’ ਦੇ ਮਹਾਂਵਾਕ ਅਨੁਸਾਰ ਤੱਤੀ ਤਵੀ ਉਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ‘ਤੇ ਪਵਾ ਲਿਆ। ਦੇਗ਼ ਵਿਚ ਉਬਾਲੇ ਵੀ ਖਾਧੇ, ਪਰ ਜ਼ੋਰ ਤੇ ਜਬਰ ਅੱਗੇ ਸੀਸ ਨਹੀਂ ਝੁਕਾਇਆ। ਉਹ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਸਨ। ਇਸ ਤਰ੍ਹਾਂ ਅਕਹਿ ਤੇ ਅਸਹਿ ਕਸ਼ਟ ਦੇ ਕੇ ਆਪ ਜੀ ਨੂੰ ਲਾਹੌਰ ਵਿਖੇ 30 ਮਈ 1606 ਈ: ਨੂੰ ਸ਼ਹੀਦ ਕੀਤਾ ਗਿਆ। ਇਸ ਮਹਾਨ ਸ਼ਹਾਦਤ ਵਾਲੇ ਸਥਾਨ ‘ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ‘ਡੇਰਾ ਸਾਹਿਬ’ ਸਥਿਤ ਹੈ।
ਆਓ! ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਗੁਰੂ ਜੀ ਦੀ ਮਹਾਨ ਕੁਰਬਾਨੀ ਤੇ ਸ਼ਹੀਦੀ ਫਲਸਫੇ ਨੂੰ ਹਿਰਦਿਆਂ ਵਿਚ ਵਸਾ ਲੋਕਾਈ ਦੀ ਸੇਵਾ ਵਿਚ ਜੁਟ ਜਾਈਏ ਅਤੇ ਜਬਰ-ਜ਼ੁਲਮ ਵਿਰੁੱਧ ਸੰਘਰਸ਼ਸ਼ੀਲ ਹੋਈਏ।
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

RELATED ARTICLES
POPULAR POSTS