Breaking News
Home / ਪੰਜਾਬ / ਆਹ ਕੀ ਹੋ ਗਿਆ ‘ਆਪ’ ਨੂੰ…

ਆਹ ਕੀ ਹੋ ਗਿਆ ‘ਆਪ’ ਨੂੰ…

ਕੇਜਰੀਵਾਲ ਨਾਲ ਭਗਵੰਤ ਦੀ ‘ਆੜੀ ਟੁੱਕ’
ਦਿੱਲੀ ਲੀਡਰਸ਼ਿਪ ਨਾਲ ਗਿਲਾ ਪ੍ਰਗਟਾਉਂਦਿਆਂ ਭਗਵੰਤ ਮਾਨ ਨੇ ਪਾਰਟੀ ਦੇ ਪ੍ਰੋਗਰਾਮਾਂ ਤੋਂ ਬਣਾਈ ਦੂਰੀ, ਕੇਜਰੀਵਾਲ ਨਾਲ ਮੁਲਾਕਾਤ ਕਰਕੇ ਗਿਣਾਈਆਂ ਗਲਤੀਆਂ
ਬਠਿੰਡਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ‘ਕੱਟੀ’ ਕਰ ਦਿੱਤੀ ਹੈ। ਉਨ੍ਹਾਂ ਫਿਲਹਾਲ ਪਾਰਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਚੋਣਾਂ ਦੇ ਨਤੀਜੇ ਮਗਰੋਂ ਭਗਵੰਤ ਮਾਨ ਨੇ ਖੁੱਲ੍ਹ ਕੇ ਵਿਚਰਨਾ ਬੰਦ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਭਗਵੰਤ  ਮਾਨ ਨੇ ਕਰੀਬ ਤਿੰਨ ਹਫ਼ਤੇ ਪਹਿਲਾਂ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿੱਚ ਦੋ ਘੰਟੇ ਗੁਪਤ ਮੀਟਿੰਗ ਕੀਤੀ, ਜਿਸ ਵਿੱਚ ਪੰਜਾਬ ਚੋਣਾਂ ਬਾਰੇ ਵਿਸਤਾਰ ਨਾਲ ਚਰਚਾ ਹੋਈ। ਉਨ੍ਹਾਂ ਕੇਜਰੀਵਾਲ ਨੂੰ ਚੋਣਾਂ ਵਿੱਚ ‘ਆਪ’ ਵੱਲੋਂ ਕੀਤੀਆਂ ਗਲਤੀਆਂ ਗਿਣਾਈਆਂ। ਕੇਜਰੀਵਾਲ ਵੱਲੋਂ ਈਵੀਐਮ ਬਾਰੇ ਲਏ ਸਟੈਂਡ ਨਾਲੋਂ ਵੀ ਉਨ੍ਹਾਂ ਆਪਣੇ ਆਪ ਨੂੰ ਵੱਖ ਕਰਦਿਆਂ ਆਖਿਆ ਕਿ ਈਵੀਐਮ ਅਤੇ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ, ਕਿਸੇ ਦੇ ਕਸੂਰ ਦੀ ਥਾਂ ‘ਆਪ’ ਲੀਡਰਸ਼ਿਪ ਨੂੰ ਆਤਮ-ਪੜਚੋਲ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ‘ਆਪ’ ਨੇ ਪੰਜਾਬ ਚੋਣਾਂ ਦੌਰਾਨ ਵੱਡੀਆਂ ਗ਼ਲਤੀਆਂ ਕੀਤੀਆਂ, ਜਿਸ ਦਾ ਨੁਕਸਾਨ ਹੋਇਆ।
ਭਗਵੰਤ ਮਾਨ ਨੇ ਆਖਿਆ ਕਿ ਉਹ ਪਹਿਲੀ ਮਈ ਤੋਂ ਕੁਝ ਦਿਨਾਂ ਲਈ ਆਪਣੇ ਬੱਚਿਆਂ ਨੂੰ ਮਿਲਣ ਅਮਰੀਕਾ ਜਾ ਰਹੇ ਹਨ ਅਤੇ ਉਸ ਮਗਰੋਂ 25 ਮਈ ਨੂੰ ਮਾਲਵਾ ਖਿੱਤੇ ਦਾ ਧੰਨਵਾਦੀ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨਾਲ ਮੀਟਿੰਗ ਕਰ ਕੇ ਪੰਜਾਬ ਚੋਣਾਂ ਬਾਰੇ ‘ਸੱਚੋ-ਸੱਚ’ ਦੱਸ ਦਿੱਤਾ ਹੈ। ਉਨ੍ਹਾਂ ਆਖਿਆ ਕਿ ‘ਆਪ’ ਕਨਵੀਨਰ ਕੇਜਰੀਵਾਲ ਇਹ ਨਹੀਂ ਸਮਝ ਸਕੇ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਨਾ ਕਰਨਾ ਵੱਡੀ ਗਲਤੀ ਰਹੀ ਅਤੇ ਉਸ ਤੋਂ ਵੱਡੀ ਗਲਤੀ ਗਰਮ ਖਿਆਲੀ ਆਗੂਆਂ ਨਾਲ ‘ਆਪ’ ਆਗੂਆਂ ਨੇ ਮੀਟਿੰਗ ਕਰ ਕੇ ਕਰ ਦਿੱਤੀ।
ਸੰਸਦ ਮੈਂਬਰ ਨੇ ਆਖਿਆ ਕਿ ਪਹਿਲਾਂ ਟਿਕਟਾਂ ਦੀ ਵੰਡ ਵਿੱਚ ਗ਼ਲਤ ਫੈਸਲੇ ਹੋਏ ਅਤੇ ਉਸ (ਭਗਵੰਤ ਮਾਨ) ਨੂੰ ਟਿਕਟਾਂ ਦੀ ਵੰਡ ਦੇ ਮਾਮਲੇ ਵਿੱਚੋਂ ਲਾਂਭੇ ਕੀਤਾ ਅਤੇ ਫਿਰ ਪਾਰਟੀ ਚੋਣਾਂ ਵਿੱਚ ਬਿਨਾਂ ਕਪਤਾਨ ਵਾਲੀ ਮੁਹੱਲੇ ਦੀ ਕ੍ਰਿਕਟ ਟੀਮ ਵਾਂਗ ਖੇਡੀ। ਉਨ੍ਹਾਂ ਆਖਿਆ ਕਿ ਉਸ ਨੇ ਚੋਣਾਂ ਦੌਰਾਨ 500 ਰੈਲੀਆਂ ਕੀਤੀਆਂ ਅਤੇ ਦਿਨ-ਰਾਤ ਮਿਹਨਤ ਕੀਤੀ ਪਰ ਉਸ ਨੂੰ ਦਿੱਲੀਓਂ ਕਦੇ ਸ਼ਾਬਾਸ਼ ਨਹੀਂ ਮਿਲੀ, ਉਲਟਾ ਝਿੜਕਾਂ ਜ਼ਰੂਰ ਮਿਲਦੀਆਂ ਸਨ। ਉਨ੍ਹਾਂ ਆਖਿਆ ਕਿ ਉਸ ਨੇ ਇਨ੍ਹਾਂ ਚੋਣਾਂ ਵਿੱਚ ਆਪਣੇ ਹਲਕੇ ਦੀਆਂ ਨੌਂ ਵਿੱਚੋਂ ਪੰਜ ਸੀਟਾਂ ਜਿੱਤੀਆਂ। ਉਸ ਦੇ ਇਲਾਕੇ ਵਿੱਚ ਹੀ ‘ਆਪ’ ਨੂੰ ਵੱਡੀ ਜਿੱਤ ਮਿਲੀ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਚੋਣਾਂ ਮਗਰੋਂ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਕਿਸੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ ਅਤੇ ਨਾ ਉਹ ਵਿਸਾਖੀ ਮੇਲੇ ‘ਤੇ ਪੁੱਜੇ। ਦਿੱਲੀ ਦੀ ਜ਼ਿਮਨੀ ਚੋਣ ਅਤੇ ਐਮਸੀਡੀ ਚੋਣਾਂ ਤੋਂ ਭਗਵੰਤ ਮਾਨ ਦੂਰ ਹੀ ਰਹੇ। ਉਨ੍ਹਾਂ ਮੰਨਿਆ ਕਿ ਉਸ ਦੇ ‘ਆਪ’ ਕਨਵੀਨਰ ਨਾਲ ਪੰਜਾਬ ਚੋਣਾਂ ਦੇ ਕੁਝ ਨੁਕਤਿਆਂ ‘ਤੇ ਗਿਲੇ ਸ਼ਿਕਵੇ ਹਨ, ਜਿਨ੍ਹਾਂ ਬਾਰੇ ਮੀਟਿੰਗ ਵਿੱਚ ਦੱਸ ਦਿੱਤਾ ਗਿਆ ਸੀ। ਉਨ੍ਹਾਂ ਦੇ ਦਿਲ ਵਿੱਚ ਕੇਜਰੀਵਾਲ ਦਾ ਬਹੁਤ ਸਤਿਕਾਰ ਹੈ ਅਤੇ ਪਾਰਟੀ ਨਾਲ ਡਟ ਕੇ ਖੜ੍ਹੇ ਹਨ ਪਰ ਦਿੱਲੀ ਦੀ ਲੀਡਰਸ਼ਿਪ ਦੇ ਅਤਿ ਵਿਸ਼ਵਾਸ ਨੇ ਨੁਕਸਾਨ ਜ਼ਰੂਰ ਕੀਤਾ ਹੈ। ਨਹਿਰੀ ਪਾਣੀਆਂ ਦੇ ਮਾਮਲੇ ‘ਤੇ ਵੀ ਪਾਰਟੀ ਸਟੈਂਡ ਸਪੱਸ਼ਟ ਨਹੀਂ ਕਰ ਸਕੀ। ਉਨ੍ਹਾਂ ਆਖਿਆ ਕਿ ‘ਆਪ’ ਕਨਵੀਨਰ ਨੂੰ ਆਪਣੇ ਲਹਿਜੇ ਵਿੱਚ ਤਬਦੀਲੀ ਕਰਨੀ ਪਵੇਗੀ ਕਿਉਂਕਿ ‘ਆਪ’ ਤੋਂ ਲੋਕਾਂ ਨੂੰ ਉਮੀਦਾਂ ਹਨ।
ਪਾਰਟੀ ਨੇ ਮੇਰਾ ਮੁੱਲ ਨਹੀਂ ਪਾਇਆ: ਭਗਵੰਤ ਮਾਨ
ਪਾਰਟੀ ਤੋਂ ਲਾਂਭੇ ઠਹੋਣ ਬਾਰੇ ਪੁੱਛਣ ਉਤੇ ਭਗਵੰਤ ਮਾਨ ਨੇ ਆਖਿਆ ਕਿ ਏਦਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ઠਦੇ ਕੁਝ ਗਿਲੇ ਸ਼ਿਕਵੇ ਹਨ, ਜਿਨ੍ਹਾਂ ਤੋਂ ਕੇਜਰੀਵਾਲ ਨੂੰ ਜਾਣੂੰ ਕਰਾਇਆ ਗਿਆ ਹੈ। ਉਨ੍ਹਾਂ ਪਾਰਟੀ ਕਨਵੀਨਰ ਨੂੰ ਆਪਣੀ ਨਾਰਾਜ਼ਗੀ ਦੱਸ ਦਿੱਤੀ ਕਿ ”ਮੇਰਾ ਪਾਰਟੀ ਨੇ ਮੁੱਲ ઠਨਹੀਂ ਪਾਇਆ।” ਉਨ੍ਹਾਂ ਆਖਿਆ ਕਿ ਉਸ ਨੇ ਫਿਲਹਾਲ ਪਾਰਟੀ ਤੋਂ ਛੁੱਟੀ ਮੰਗੀ ਹੈ ਅਤੇ ઠਪਾਰਟੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਵੀ ਮੁਆਫ਼ੀ ਮੰਗੀ ਹੈ।
ਭਗਵੰਤ ਮਾਨ ਨੇ ਕੈਪਟਨ ਤੋਂ ਮੰਗਿਆ ਮਿਲਣ ਦਾ ਸਮਾਂ
ਪੰਜਾਬ ਵਿਚ ਆਮ ਆਦਮੀ ਪਾਰਟੀ ‘ਚ ਬਗਾਵਤ ਹੋਣ ਦਾ ਸ਼ੱਕ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਿਲਣ ਦਾ ਸਮਾਂ ਮੰਗਿਆ ਹੈ। ਹਾਲਾਂਕਿ ਮਾਨ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਪਾਰਟੀ ਦੇ ਨਾਲ ਹਨ। ਤਾਂ ਫਿਰ ਕੈਪਟਨ ਅਮਰਿੰਦਰ ਨੂੰ ਮਿਲਣਾ ਕਿਉਂ ਚਾਹੁੰਦੇ ਹਨ? ਇਸ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਸਦੇ ਹਲਕੇ ਸੰਗਰੂਰ ਦੇ ਦੋ ਜੰਗੀ ਕੈਦੀ ਪਾਕਿਸਤਾਨ ਵਿਚ ਕੈਦ ਹਨ, ਜਿਨ੍ਹਾਂ ਦੀ ਰਿਹਾਈ ਲਈ ਉਹ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਹਨ। ਆਪਣੀ ਲੀਡਰਸ਼ਿਪ ‘ਤੇ ਸਵਾਲ ਉਠਾਉਂਦੇ ਹੋਏ ਮਾਨ ਨੇ ਕਿਹਾ ਕਿ ਪੰਜਾਬ ਵਿਚ 36 ਲੱਖ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ। ਪਰ ਦਿੱਲੀ ਦਾ ਇਕ ਨੇਤਾ ਉਨ੍ਹਾਂ ਦਾ ਧੰਨਵਾਦ ਕਰਨ ਪੰਜਾਬ ਨਹੀਂ ਆਇਆ। ਆਰਸੀਬੀ ਆਈਪੀਐਲ ਵਿਚ ਆਪਣੇ ਸਭ ਤੋਂ ਘੱਟ ਸਕੋਰ ‘ਤੇ ਆ ਗਈ ਤਾਂ ਕੈਪਟਨ ਵਿਰਾਟ ਕੋਹਲੀ ਨੇ ਜ਼ਿੰਮੇਵਾਰੀ ਲਈ। ਪਰ ਸਾਡੀ ਟੀਮ ਦਾ ਤਾਂ ਕੋਈ ਕੈਪਟਨ ਹੀ ਨਹੀਂ ਸੀ। ਦਿੱਲੀ ਦੇ ਨੇਤਾ ਪੰਜਾਬ ਦੇ ਮਿਜਾਜ ਨੂੰ ਸਮਝ ਨਹੀਂ ਸਕੇ। ਹਾਂ ਮੈਂ ਨਰਾਜ਼ ਹਾਂ, ਪਰ ਪਾਰਟੀ ਨਹੀਂ ਛੱਡ ਰਿਹਾ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …