Breaking News
Home / ਪੰਜਾਬ / ਢਾਡੀ ਈਦੂ ਸ਼ਰੀਫ਼ ਦਾ ਦਿਹਾਂਤ

ਢਾਡੀ ਈਦੂ ਸ਼ਰੀਫ਼ ਦਾ ਦਿਹਾਂਤ

ਗਰੀਬ ਗਾਇਕ ਦੀ ਅਮੀਰ ਕਲਾ ਦੀ ਸਰਕਾਰਾਂ ਨੇ ਕਦੇ ਬੁੱਕਤ ਨਾ ਪਾਈ
ਪੰਚਕੂਲਾ/ਬਿਊਰੋ ਨਿਊਜ਼ : ਉੱਘੇ ਸੂਫ਼ੀ ਢਾਡੀ ਈਦੂ ਸ਼ਰੀਫ਼ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਚੰਡੀਗੜ੍ਹ ਵਿਚ ਪੈਂਦੇ ਮਨੀਮਾਜਰਾ ਸਥਿਤ ਆਪਣੀ ਰਿਹਾਇਸ਼ ‘ਤੇ ਬਾਅਦ ਦੁਪਹਿਰ ਉਨ੍ਹਾਂ ਆਖ਼ਰੀ ਸਾਹ ਲਏ। 70 ਸਾਲਾ ਈਦੂ ਲੰਮੇ ਸਮੇਂ ਤੋਂ ਅਧਰੰਗ ਤੋਂ ਪੀੜਤ ਸਨ। ਈਦੂ ਸ਼ਰੀਫ ਨੂੰ ਉਨ੍ਹਾਂ ਦੇ ਨਾਭਾ ਨੇੜੇ ਪੈਂਦੇ ਪਿੰਡ ਲਲੌਡਾ ਵਿਖੇ ਸਪੁਰਦ ਏ ਖਾਕ ਕਰ ਦਿੱਤਾ ਗਿਆ। ਮਰਹੂਮ ਈਦੂ ਦੇ ਬੇਟੇ ਸੁੱਖੀ ਖਾਨ ਨੇ ਦੱਸਿਆ ਕਿ ਈਦੂ 4 ਸਾਲ ਤੋਂ ਮੰਜੇ ‘ਤੇ ਹੀ ਸਨ ਤੇ ਇਲਾਜ ਚੱਲ ਰਿਹਾ ਸੀ। ਕੁਝ ਦਿਨਾਂ ਤੋਂ ਹਾਲਤ ਜ਼ਿਆਦਾ ਮਾੜੀ ਹੋ ਗਈ ਸੀ ਤੇ ਕੁਝ ਖਾ-ਪੀ ਵੀ ਨਹੀਂ ਰਹੇ ਸਨ। ਈਦੂ ਸ਼ਰੀਫ਼ ਲੰਮਾ ਸਮਾਂ ਨਾਰਥ ਜ਼ੋਨ ਕਲਚਰਲ ਸੈਂਟਰ ਨਾਲ ਵੀ ਜੁੜੇ ਰਹੇ। ਉਨ੍ਹਾਂ ਦਾ ਸਬੰਧ ਮਹਾਰਾਜਾ ਪਟਿਆਲਾ ਦੇ ਸ਼ਾਹੀ ਸੰਗੀਤਕ ਘਰਾਣੇ ਨਾਲ ਵੀ ਸੀ। ਭਾਰਤ ਉਤਸਵ ਵੇਲੇ ਈਦੂ ਨੂੰ ਮਿਊਜ਼ਿਕ ਟਾਈਮਜ਼ ਨੇ ਰਿਕਾਰਡ ਕੀਤਾ ਸੀ। ਉਸ ਦੀ ਗਾਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ ਸੀ। ਉਸ ਦੇ ਬੀਮਾਰ ਪੈਣ ਤੇ ਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਕਾਰਨ ਸਮੇਂ-ਸਮੇਂ ਦੋਸਤ ਤੇ ਪ੍ਰਸ਼ੰਸਕ ਮਦਦ ਕਰਦੇ ਰਹੇ। ਮਰਹੂਮ ਜਗਦੇਵ ਸਿੰਘ ਜੱਸੋਵਾਲ ਨਾਲ ਵੀ ਈਦੂ ਦੀ ਲੰਮੀ ਸਾਂਝ ਰਹੀ। ਈਦੂ ਆਖ਼ਰੀ ਸਾਹਾਂ ਤੱਕ ਆਪਣੇ ਗੀਤਾਂ ‘ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਹੀ ਪ੍ਰਫੁੱਲਤ ਕਰਦੇ ਰਹੇ। ਪੰਜਾਬ ਸਰਕਾਰ ਵਲੋਂ ਦਿੱਤੀ ਇਕ ਲੱਖ ਰੁਪਏ ਦੀ ਮਾਲੀ ਮਦਦ ਵੀ ਸ਼ਰੀਫ ਦੇ ਇਲਾਜ ਲਈ ਨਾਕਾਫ਼ੀ ਸਾਬਤ ਹੋਈ। ਕਈ ਪੰਜਾਬੀ ਗਾਇਕਾਂ ਦੀ ਹਮਦਰਦੀ ਈਦੂ ਦੇ ਅੱਲ੍ਹੇ ਜ਼ਖ਼ਮਾਂ ‘ਤੇ ਮਰਹਮ ਬਣੀ। ਬੇਸ਼ੱਕ ਈਦੂ ਨੂੰ ਸਾਬਕਾ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ, ਪੀ. ਵੀ. ਨਰਸਿਮ੍ਹਾ ਰਾਓ, ਰਾਜੀਵ ਗਾਂਧੀ, ਇੰਦਰ ਕੁਮਾਰ ਗੁਜਰਾਲ, ਇੰਦਰਾ ਗਾਂਧੀ ਤੋਂ ਇਲਾਵਾ ਲਾਲ ਕ੍ਰਿਸ਼ਨ ਅਡਵਾਨੀ ਤੇ ਸੋਨੀਆ ਗਾਂਧੀ ਨੇ ਖ਼ੁਦ ਬੁਲਾ ਕੇ ਸੁਣਿਆ ਪਰ ਇਸ ਗ਼ਰੀਬ ਗਾਇਕ ਦੀ ਅਮੀਰ ਕਲਾ ਦੀ ਸਰਕਾਰਾਂ ਨੇ ਕਦੇ ਬੁੱਕਤ ਨਾ ਪਾਈ। ਈਦੂ ਆਖਦਾ ਹੁੰਦਾ ਸੀ ਕਿ ਉਸ ਨੂੰ ਗਾਇਕੀ ‘ਚ ਮਿਲੀਆਂ ਪ੍ਰਾਪਤੀਆਂ ਥਾਲੀ ‘ਚ ਪਰੋਸ ਕੇ ਨਹੀਂ, ਸਗੋਂ ਲੰਮੀ ਘਾਲਣਾ ਤੇ ਸਿਦਕ ਉਪਰੰਤ ਹੀ ਪ੍ਰਾਪਤ ਹੋਈਆਂ ਹਨ। ਈਦੂ ਸ਼ੀਫ ਦੇ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੇ ਕਲਾਕਾਰ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਕਿਹੇ ਕਿ ਗਾਇਕੀ ਦੇ ਇਤਿਹਾਸ ਵਿਚ ਈਦੂ ਸ਼ਰੀਫ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਾਰੰਗੀ ਦੇ ਇਕ ਯੁੱਗ ਦਾ ਹੋਇਆ ਅੰਤ : ਡਾ. ਸੁਰਜੀਤ ਪਾਤਰ
ਈਦੂ ਸ਼ਰੀਫ ਦੇ ਦੇਹਾਂਤ ‘ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਸੁਰਜੀਤ ਪਾਤਰ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਕ ਬਿਹਤਰੀਨ ਕਲਾਕਾਰ ਸਨ। ਈਦੂ ਸ਼ਰੀਫ ਦੇ ਦਿਹਾਂਤ ਨਾਲ ਸਾਰੰਗੀ ਦੇ ਇਕ ਯੁੱਗ ਦਾ ਅੰਤ ਹੋ ਗਿਆ। ਜ਼ਿਕਰਯੋਗ ਹੈ ਕਿ ਈਦੂ ਸ਼ਰੀਫ ਦੀ ਆਰਥਿਕ ਮੱਦਦ ਲਈ ਡਾ. ਸੁਰਜੀਤ ਪਾਤਰ ਤੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਮਨੀਮਾਜਰਾ ਸਥਿਤ ਘਰ ਪਹੁੰਚੇ ਸਨ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …