0.2 C
Toronto
Wednesday, December 3, 2025
spot_img
Homeਪੰਜਾਬਪੰਜਾਬ ਵਿਚ ਨਹੀਂ ਬਣੇਗਾ ਸਪੇਨ ਵਰਗਾ 'ਹਿਸਟੌਰੀਕਲ ਮੈਮਰੀ ਲਾਅ'

ਪੰਜਾਬ ਵਿਚ ਨਹੀਂ ਬਣੇਗਾ ਸਪੇਨ ਵਰਗਾ ‘ਹਿਸਟੌਰੀਕਲ ਮੈਮਰੀ ਲਾਅ’

ਮੋਹਾਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਸ਼ਾਸਨ ਦੇ ਸਮੇਂ ਦੀਆਂ ਜ਼ਲਾਲਤ ਅਤੇ ਅੱਤਿਆਚਾਰ ਦੀਆਂ ਪੈੜਾਂ ਮਿਟਾਉਣ ਲਈ ਸਪੇਨ ਵਰਗਾ ‘ਹਿਸਟੌਰੀਕਲ ਮੈਮਰੀ ਲਾਅ’ ਲਿਆਉਣ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਮੁੱਖ ਮੰਤਰੀ ਨੇ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਰਤਾਨਵੀ ਹਕੂਮਤ ਦੀ ਰਸਮੀ ਆਲੋਚਨਾ ਕਰਨ ਅਤੇ ਹਕੂਮਤ ਦੀਆਂ ਛੱਡੀਆਂ ਪੈੜਾਂ ਨੂੰ ਖਤਮ ਕਰਨ ਬਾਰੇ ਕਾਨੂੰਨ ਲਿਆਉਣ ਸਬੰਧੀ ਪ੍ਰਸਤਾਵ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕੀਤਾ। ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਇਤਿਹਾਸਕਾਰ ਵਜੋਂ ਉਹ ਇਤਿਹਾਸ ‘ਤੇ ਪੋਚਾ ਮਾਰਨ ਵਿਚ ਵਿਸ਼ਵਾਸ ਨਹੀਂ ਰੱਖਦੇ ਸਗੋਂ ਉਹ ਇਸ ਤੋਂ ਸਿੱਖਣ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਕਬਰ ਰੋਡ ਦਾ ਨਾਂ ਬਦਲਣ ਨਾਲ ਭਾਰਤ ਵਿਚ ਅਕਬਰ ਬਾਦਸ਼ਾਹ ਦੀ ਹੋਂਦ ਨੂੰ ਨਹੀਂ ਮਿਟਾਇਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਪ੍ਰਸਤਾਵਿਤ ਕਾਨੂੰਨ ਨਾਲ ਉਹ ਸਹਿਮਤ ਨਹੀਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਨਪ੍ਰੀਤ ਦੀ ਨਿੱਜੀ ਰਾਏ ਹੋ ਸਕਦੀ ਹੈ ਪਰ ਉਹ ਅਜਿਹੇ ਕਾਨੂੰਨ ਨੂੰ ਉਦੋਂ ਹੀ ਘੋਖਣਗੇ, ਜਦੋਂ ਰਸਮੀ ਤੌਰ ‘ਤੇ ਇਸ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਨਾ ਹੀ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਮੁੜ ਲਿਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਬੀਤਿਆ ਹੋਇਆ ਸਮਾਂ ਹੈ ਜਿਸ ਤੋਂ ਅਸੀਂ ਪਹਿਲਾਂ ਹੀ ਸਬਕ ਸਿੱਖ ਕੇ ਅੱਗੇ ਵਧ ਚੁੱਕੇ ਹਾਂ।

RELATED ARTICLES
POPULAR POSTS