Home / ਭਾਰਤ / ਈਡੀ ਵਲੋਂ ਕਈ ਥਾਈਂ ਫਰਜ਼ੀ ਕੰਪਨੀਆਂ ‘ਤੇ ਛਾਪੇ

ਈਡੀ ਵਲੋਂ ਕਈ ਥਾਈਂ ਫਰਜ਼ੀ ਕੰਪਨੀਆਂ ‘ਤੇ ਛਾਪੇ

ਚੰਡੀਗੜ੍ਹ, ਦਿੱਲੀ, ਚੇਨਈ ਤੇ ਕੋਲਕਾਤਾ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਕੀਤੀ ਕਾਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼  : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫ਼ਰਜ਼ੀ ਕੰਪਨੀਆਂ ਖ਼ਿਲਾਫ਼ ਦੇਸ਼ ਪੱਧਰੀ ਮੁਹਿੰਮ ਵਿੱਢਦਿਆਂ 16 ਰਾਜਾਂ ਵਿੱਚ 110 ਥਾਵਾਂ ਉਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀਆਂ ਕਈ ਟੀਮਾਂ ਨੇ ਦਿੱਲੀ, ਚੇਨੱਈ, ਕੋਲਕਾਤਾ, ਚੰਡੀਗੜ੍ਹ, ਪਟਨਾ, ਰਾਂਚੀ, ਅਹਿਮਦਾਬਾਦ, ਭੁਵਨੇਸ਼ਵਰ ਤੇ ਬੰਗਲੌਰ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਤਕਰੀਬਨ 500 ਫ਼ਰਜ਼ੀ ਕੰਪਨੀਆਂ ਉਤੇ ਛਾਪੇ ਮਾਰੇ ਅਤੇ ਇਨ੍ਹਾਂ ਸਥਾਨਾਂ ਉਤੇ ਚੈਕਿੰਗ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਕਾਲੇ ਧਨ ਨੂੰ ਚਿੱਟਾ ਕਰਨ ਤੋਂ ਰੋਕਣ ਵਾਲੇ ਕਾਨੂੰਨ (ਪੀਐਮਐਲਏ) ਅਤੇ ਫੇਮਾ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਗ਼ੌਰਤਲਬ ਹੈ ਕਿ ਇਹ ਕਾਰਵਾਈ ਈਡੀ ਨੇ ਸਪੈਸ਼ਲ ਟਾਸਕ ਫੋਰਸ (ਐਸਟੀਐਫ), ਜੋ ਪ੍ਰਧਾਨ ਮੰਤਰੀ ਦੇ ਦਫ਼ਤਰ (ਪੀਐਮਓ) ਦੇ ਆਦੇਸ਼ਾਂ ਉਤੇ ਸਰਕਾਰ ਵੱਲੋਂ ਹਾਲ ਹੀ ਕਾਇਮ ਕੀਤੀ ਗਈ ਹੈ, ਤਹਿਤ ਦਿੱਤੇ ਹੁਕਮਾਂ ਦਾ ਹਿੱਸਾ ਹੈ। ਈਡੀ ਨੇ ਪਿਛਲੇ ਇਕ ਹਫ਼ਤੇ ਦੌਰਾਨ ਫ਼ਰਜ਼ੀ ਕੰਪਨੀਆਂ ਦੀ ਕਰੋੜਾਂ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਫ਼ਰਜ਼ੀ ਕੰਪਨੀਆਂ ਦੀ ਪਰਿਭਾਸ਼ਾ ਵਿੱਚ ਉਹ ਫਰਮਾਂ ਸ਼ਾਮਲ ਹਨ, ਜਿਨ੍ਹਾਂ ਦਾ ਗਠਨ ਮਾਮੂਲੀ ਪੂੰਜੀ ਨਿਵੇਸ਼ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕੋਲ ਕਾਫ਼ੀ ਰਕਮ ਰਿਜ਼ਰਵ ਤੌਰ ਉਤੇ ਹੁੰਦੀ ਹੈ ਅਤੇ ਉੱਚੇ ਸ਼ੇਅਰ ਪ੍ਰੀਮੀਅਮ ਦੇ ਰੂਪ ਵਿੱਚ ਵਾਧੂ ਰਾਸ਼ੀ ਵੀ ਉਪਲੱਬਧ ਹੁੰਦੀ ਹੈ। ਇਨ੍ਹਾਂ ਕੰਪਨੀਆਂ ਦਾ ਜ਼ਿਆਦਾਤਰ ਗ਼ੈਰ ਸੂਚੀਬੱਧ ਕੰਪਨੀਆਂ ਵਿੱਚ ਨਿਵੇਸ਼ ਹੁੰਦਾ ਹੈ। ਕੋਈ ਆਮਦਨ ਵੰਡ ਨਹੀਂ ਹੁੰਦੀ, ਹੱਥ ਵਿੱਚ ਕਾਫ਼ੀ ਨਕਦੀ ਰਹਿੰਦੀ ਹੈ ਅਤੇ ਨਿੱਜੀ ਕੰਪਨੀਆਂ ਇਨ੍ਹਾਂ ਦੀਆਂ ਜ਼ਿਆਦਾਤਰ ਹਿੱਸੇਦਾਰ ਹੁੰਦੀਆਂ ਹਨ। ਉਨ੍ਹਾਂ ਦਾ ਕੰਮਕਾਜ ਵੀ ਕੁੱਝ ਜ਼ਿਆਦਾ ਨਹੀਂ ਹੁੰਦਾ, ਖਰਚ ਵੀ ਘੱਟ ਹੁੰਦਾ ਹੈ ਅਤੇ ਕਈ ਵਾਰ ਨਾਜਾਇਜ਼ ਕੰਮਾਂ ਲਈ ਇਸ ਤਰ੍ਹਾਂ ਦੀਆਂ ਕੰਪਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …