ਉਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ’ਚ ਵੀ ਹੀਟ ਵੇਵ ਦੀ ਚਿਤਾਵਨੀ
ਚੰਡੀਗੜ੍ਹ/ਬਿਊਰੋ ਨਿਊਜ਼
ਉਤਰੀ ਭਾਰਤ ਦੇ ਕਈ ਸੂੁਬਿਆਂ ਵਿਚ ਕੜਾਕੇ ਦੀ ਗਰਮੀ ਪੈ ਰਹੀ ਹੈ। ਇਸਦੇ ਚੱਲਦਿਆਂ ਰਾਜਸਥਾਨ ਦੇ ਕੁਝ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ 4 ਦਿਨ ਦੇ ਲਈ ਹੀਟਵੇਵ ਦਾ ਰੈਡ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ ਅਤੇ ਮਹਾਰਾਸ਼ਟਰ ਵਿਚ ਵੀ ਲੂ ਦਾ ਅਲਰਟ ਹੈ। ਜੰਮੂ ਕਸ਼ਮੀਰ ਅਤੇ ਹਿਮਾਚਲ ਨੂੰ ਛੱਡ ਕੇ ਹੀਟ ਵੇਵ ਦੇ ਅਲਰਟ ਵਾਲੇ ਸੂਬਿਆਂ ਦੇ 50 ਤੋਂ ਜ਼ਿਆਦਾ ਸ਼ਹਿਰਾਂ ਵਿਚ ਤਾਪਮਾਨ 43 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਰਾਜਸਥਾਨ ਦਾ ਬਾੜਮੇਰ ਸ਼ਹਿਰ ਸਭ ਤੋਂ ਗਰਮ ਰਿਹਾ ਅਤੇ ਇੱਥੇ ਤਾਪਮਾਨ 48 ਡਿਗਰੀ ਰਿਕਾਰਡ ਕੀਤਾ ਗਿਆ ਸੀ। ਇੱਥੇ ਰਿਫਾਈਨਰੀ ਵਿਚ ਕੰਮ ਕਰਦੇ ਇਕ ਮਜ਼ਦੂਰ ਦੀ ਗਰਮੀ ਕਰਕੇ ਜਾਨ ਵੀ ਚਲੇ ਗਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੰਜਾਬ, ਦਿੱਲੀ, ਮਹਾਰਾਸ਼ਟਰ, ਛੱਤੀਸ਼ਗੜ੍ਹ, ਉੜੀਸਾ ਅਤੇ ਤੇਲੰਗਾਨਾ ਵਿਚ ਤਾਪਮਾਨ 40 ਤੋਂ 44 ਡਿਗਰੀ ਦੇ ਵਿਚਾਲੇ ਰਹੇਗਾ। ਕੜਾਕੇ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾ ਕੰਮ ਤੋਂ ਖਾਸ ਕਰਕੇ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਾ ਜਾਓ।