-2 C
Toronto
Tuesday, December 2, 2025
spot_img
HomeUncategorized'ਆਪ' ਵਿਧਾਇਕ ਗੁਰਦੇਵ ਮਾਨ ਇਕ ਰੁਪਏ ਤਨਖਾਹ 'ਤੇ ਕਰੇਗਾ ਕੰਮ

‘ਆਪ’ ਵਿਧਾਇਕ ਗੁਰਦੇਵ ਮਾਨ ਇਕ ਰੁਪਏ ਤਨਖਾਹ ‘ਤੇ ਕਰੇਗਾ ਕੰਮ

ਮਹਿੰਗੀਆਂ ਕਾਰਾਂ ਤੇ ਸੁਰੱਖਿਆ ਅਮਲਾ ਵੀ ਲੈਣ ਤੋਂ ਇਨਕਾਰ
ਪਟਿਆਲਾ/ਬਿਊਰੋ ਨਿਊਜ਼ : ਨਾਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਬਤੌਰ ਵਿਧਾਇਕ ਮਿਲਣ ਵਾਲੀ ਤਨਖਾਹ ‘ਚੋਂ ਸਿਰਫ਼ ਇਕ ਰੁਪਿਆ ਲਏਗਾ। ਮਾਨ ਨੇ ਕਿਹਾ ਕਿ ਉਹ ਵਾਅਦੇ ਮੁਤਾਬਕ ਸਿਰਫ਼ ਇਕ ਰੁਪਏ ਦੀ ਤਨਖਾਹ ‘ਤੇ ਵਿਧਾਇਕ ਵਜੋਂ ਕੰਮ ਕਰਨਗੇ। ਇਹੀ ਨਹੀਂ ਉਸ ਨੇ ਸੁਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਦਾ ਆਗਾਜ਼ ਹੋ ਚੁੱਕਾ ਹੈ ਤੇ ਗਲਤ ਕੰਮ ਕਰਨ ਵਾਲੇ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਮਾਨ ਨੇ ਕਿਹਾ ਕਿ ਉਸ ਨੇ ਆਪਣੇ ਸਿਆਸੀ ਸਫਰ ਦਾ ਆਗਾਜ਼ ਸਾਈਕਲ ‘ਤੇ ਕੀਤਾ ਸੀ। ਉਹ ਅੱਗੋਂ ਵੀ ਸਾਈਕਲ ‘ਤੇ ਨਾਭਾ ਹਲਕੇ ਦੀ ਗੇੜੀ ਲਾ ਕੇ ਵਿਕਾਸ ਕੰਮਾਂ ਦੇ ਜਾਇਜ਼ੇ ਤੋਂ ਇਲਾਵਾ ਲੋਕਾਂ ਦੀ ਸਾਰ ਲੈਂਦੇ ਰਹਿਣਗੇ। ਮਾਨ ਨੇ ਕਿਹਾ, ”ਮੈਂ ਚੋਣ ਪ੍ਰਚਾਰ ਵੀ ਸਾਈਕਲ ‘ਤੇ ਹੀ ਕੀਤਾ ਸੀ। ਤੇ ਹੁਣ ਮੈਨੂੰ ਫੈਂਸੀ ਕਾਰਾਂ ਦੀ ਵੀ ਲੋੜ ਨਹੀਂ ਹੈ।” ਮਾਨ ਨੇ ਕਿਹਾ ਕਿ ਨਾਭਾ ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਕਦੇ ਉਸ ਦੇ ਸਾਈਕਲ ਦਾ ਮਖੌਲ ਉਡਾਉਂਦਾ ਸੀ। ਉਨ੍ਹਾਂ ਕਿਹਾ, ”ਚੋਣ ਪ੍ਰਚਾਰ ਦੌਰਾਨ ਧਰਮਸੋਤ ਅਕਸਰ ਇਹ ਕਹਿ ਕੇ ਮੇਰਾ ਮੌਜੂ ਉਡਾਉਂਦਾ ਸੀ ਕਿ ‘ਹੁਣ ਸਾਈਕਲ ਚਲਾਉਣ ਵਾਲੇ ਵੀ ਮੇਰੇ ਖਿਲਾਫ਼ ਉਮੀਦਾਰ ਬਣ ਕੇ ਚੋਣਾਂ ਲੜ ਰਹੇ ਹਨ। ਪਰ ਅੱਜ ਉਹੀ ਸਾਈਕਲ ਚਲਾਉਣ ਵਾਲਾ ਹਲਕੇ ਦੇ ਵੋਟਰਾਂ ਵੱਲੋਂ ਜਤਾਏ ਭਰੋਸੇ ਤੇ ਦਿੱਤੇ ਪਿਆਰ ਕਰਕੇ ਵਿਧਾਇਕ ਬਣ ਗਿਆ ਹੈ।” ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਮਾਨ ਨੇ 52,371 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੀ ਹੈ। ਮਾਨ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਹਰਾਇਆ ਹੈ, ਉਨ੍ਹਾਂ ਵਿੱਚੋਂ ਪੰਜ ਵਾਰ ਦਾ ਵਿਧਾਇਕ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਕ ਹੈ। ਚੋਣ ਨਤੀਜੇ ਵਿੱਚ ਧਰਮਸੋਤ 18,251 ਵੋਟਾਂ ਨਾਲ ਤੀਜੀ ਥਾਵੇਂ ਰਿਹਾ ਸੀ ਤੇ ਉਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।

 

RELATED ARTICLES
POPULAR POSTS