Breaking News
Home / ਪੰਜਾਬ / ਆਮ ਆਦਮੀ ਪਾਰਟੀ ਦੇ 50 ਵਿਧਾਇਕ ਲੋਕਪੱਖੀ ਸੰਘਰਸ਼ਾਂ ਦੀ ਉਪਜ

ਆਮ ਆਦਮੀ ਪਾਰਟੀ ਦੇ 50 ਵਿਧਾਇਕ ਲੋਕਪੱਖੀ ਸੰਘਰਸ਼ਾਂ ਦੀ ਉਪਜ

ਸੰਘਰਸ਼ ਦੌਰਾਨ ਕਈਆਂ ਖਿਲਾਫ ਹਨ ਕੇਸ ਦਰਜ
ਸ੍ਰੀ ਮੁਕਤਸਰ ਸਾਹਿਬ : ਇਸ ਵਾਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਦੇਖਣ ਨੂੰ ਭਾਵੇਂ ਨਵੇਂ ਅਤੇ ਮਹਿਜ ਪਾਰਟੀ ਦੇ ਹੱਕ ਵਿੱਚ ਵਗੀ ਹਵਾ ਸਦਕਾ ਹੀ ਵਿਧਾਇਕ ਬਣੇ ਜਾਪਦੇ ਹਨ ਪਰ ਅਸਲ ਵਿੱਚ ਇਨ੍ਹਾਂ 92 ਵਿਧਾਇਕਾਂ ਵਿੱਚੋਂ 50 ਵਿਧਾਇਕ ਪਿਛਲੇ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਨਾਲ ਜੁੜੇ ਹੋਏ ਹਨ।
ਤਤਕਾਲੀ ਸਰਕਾਰਾਂ ਖਿਲਾਫ ਸੰਘਰਸ਼ ਦੌਰਾਨ ਉਨ੍ਹਾਂ ਖਿਲਾਫ ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਥਾਣਿਆਂ ਵਿੱਚ ਧਰਨੇ-ਮੁਜ਼ਾਹਰੇ ਕਰਨ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਆਰੋਪਾਂ ਤਹਿਤ ਕੇਸ ਦਰਜ ਹਨ।
ਪੰਜਾਬ ਸਰਕਾਰ ਖਿਲਾਫ ਧਰਨੇ ਲਾਉਣ ਦੇ ਆਰੋਪ ਹੇਠ ਸਭ ਤੋਂ ਵੱਧ ਪੰਜ ਕੇਸ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਖਿਲਾਫ ਦਰਜ ਹਨ, ਜਿਸ ਵਿੱਚੋਂ ਦੋ ਚੰਡੀਗੜ੍ਹ ਅਤੇ ਤਿੰਨ ਬਠਿੰਡਾ, ਨਵਾਂ ਸ਼ਹਿਰ ਅਤੇ ਤਰਨਤਾਰਨ ਵਿੱਚ ਦਰਜ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਖਿਲਾਫ ਥਾਣਾ ਲੰਬੀ, ਕੋਟਕਪੂਰਾ ਵਿੱਚ ਇੱਕ-ਇੱਕ ਅਤੇ ਥਾਣਾ ਤਰਨਤਾਰਨ ਵਿੱਚ ਦੋ ਮੁਕੱਦਮੇ ਦਰਜ ਹਨ। ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਖਿਲਾਫ ਸੜਕ ਰੋਕਣ ਅਤੇ ਧਰਨੇ ਦੇਣ ਸਬੰਧੀ ਚਾਰ ਮੁਕੱਦਮੇ ਦਰਜ ਹਨ, ਜਿਸ ਵਿੱਚ ਨਵਾਂ ਸ਼ਹਿਰ, ਚੰਡੀਗੜ੍ਹ ਅਤੇ ਤਰਨਤਾਰਨ ਦੇ 2 ਕੇਸ ਸ਼ਾਮਲ ਹਨ। ਇਸ ਤਰ੍ਹਾਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ 1 ਜਨਵਰੀ, 2020 ਨੂੰ ਨਾਰਥ ਪੁਲਿਸ ਸਟੇਸ਼ਨ ਚੰਡੀਗੜ੍ਹ ਵਿੱਚ ਰੈਲੀ ਕਰਨ ਅਤੇ ਦਫਾ 144 ਤੋੜਨ ਦੀ ਧਾਰਾ ਹੇਠ ਕੇਸ ਦਰਜ ਹੈ। ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਖਿਲਾਫ ਵੀ ਧਰਨੇ ਮੁਜ਼ਾਹਰੇ ਕਰਨ ਵਰਗੇ ਦੋਸ਼ਾਂ ਹੇਠ ਥਾਣਾ ਲੰਬੀ, ਸੰਗਰੂਰ ਸਿਟੀ, ਕੋਤਵਾਲੀ ਬਠਿੰਡਾ ਅਤੇ ਚੰਡੀਗੜ੍ਹ ਵਿੱਚ ਚਾਰ ਮੁਕੱਦਮੇ ਦਰਜ ਹਨ।
ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਗੋਗੀ ਖਿਲਾਫ ਰੇਲਵੇ ਪੁਲਿਸ ਵੱਲੋਂ ਸੇਵਾਵਾਂ ਵਿੱਚ ਅੜਿੱਕਾ ਪਾਉਣ ਦਾ ਕੇਸ ਦਰਜ ਹੈ। ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਖਿਲਾਫ ਥਾਣਾ ਸੁਖਾਨੰਦ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਮੁਜ਼ਾਹਰੇ ਕਰਨ ਤੇ ਕਾਨੂੰਨ ਭੰਗ ਕਰਨ ਵਰਗੇ ਆਰੋਪ ਹੇਠ ਕੇਸ ਦਰਜ ਕੀਤੇ ਗਏ ਜਦੋਂ ਕਿ ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਖਿਲਾਫ 2003 ਵਿੱਚ ਚੋਣ ਹਿੰਸਾ ਸਬੰਧੀ ਥਾਣਾ ਲੰਬੀ ‘ਚ ਕੇਸ ਦਰਜ ਹੈ, ਹਾਲਾਂਕਿ ਹੁਣ ਪੁਲਿਸ ਨੇ ਇਹ ਕੇਸ ਰੱਦ ਕਰਕੇ ਮਾਮਲਾ ਅਦਾਲਤ ਵਿੱਚ ਭੇਜ ਦਿੱਤਾ ਹੈ। ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਖਿਲਾਫ ਥਾਣਾ ਫਿਰੋਜ਼ਪੁਰ ਤੇ ਮੱਖੂ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਖਿਲਾਫ ਕਰੋਨਾ ਮਹਾਮਾਰੀ ਦੌਰਾਨ ਸਕੂਲ ਦਾ ਗੇਟ ਤੋੜਨ ਸਬੰਧੀ ਕੇਸ ਦਰਜ ਹਨ। ਇਸ ਸਰਕਾਰ ਵਿੱਚ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਖਿਲਾਫ ਵੀ ਸਾਲ 2020 ਵਿੱਚ ਧਰਨੇ ਮੁਜ਼ਾਹਰੇ ਕਰਨ ਦੇ ਆਰੋਪ ਹੇਠ ਕੋਤਵਾਲੀ ਸਿਟੀ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸੀਨੀਅਰ ਆਗੂ ਅਤੇ ਸੁਨਾਮ ਦੇ ਅਮਨ ਅਰੋੜਾ ਖਿਲਾਫ ਚੰਡੀਗੜ੍ਹ ਵਿੱਚ ਧਰਨੇ-ਮੁਜ਼ਾਹਰੇ ਕਰਨ ਸਬੰਧੀ ਦੋ ਕੇਸ ਅਤੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਖਿਲਾਫ ਵੀ ਚੰਡੀਗੜ੍ਹ ਵਿੱਚ ਕੇਸ ਦਰਜ ਹੈ।ਰੂਪਨਗਰ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਢਾ ਅਤੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਵੀ ਸੰਘਰਸ਼ ਦੀ ਇਸ ਜੰਗ ਵਿੱਚ ਸ਼ਾਮਲ ਰਹੇ ਹਨ।

Check Also

ਪੰਜਾਬ ਭਾਜਪਾ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਤਿਆਰੀ ਵਿਚ ਜੁਟੀ

ਪਾਰਟੀ ਦੇ ਸੀਨੀਅਰ ਆਗੂਆਂ ਨੂੰ ਚੋਣਾਂ ਲਈ ਇੰਚਾਰਜ ਕੀਤਾ ਨਿਯੁਕਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ …