Breaking News
Home / ਪੰਜਾਬ / ਆਮ ਆਦਮੀ ਪਾਰਟੀ ‘ਚ ਆਉਣਾ ਚਾਹੁੰਦੇ ਸਨ ਸਿੱਧੂ : ਕੇਜਰੀਵਾਲ

ਆਮ ਆਦਮੀ ਪਾਰਟੀ ‘ਚ ਆਉਣਾ ਚਾਹੁੰਦੇ ਸਨ ਸਿੱਧੂ : ਕੇਜਰੀਵਾਲ

ਕਿਹਾ, ਅਜੇ ਵੀ ਸਿੱਧੂ ਕਾਂਗਰਸ ਪਾਰਟੀ ਨੂੰ ਛੱਡਣ ਲਈ ਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਮ ਆਦਮੀ ਪਾਰਟੀ ਵਿਚ ਆਉਣਾ ਚਾਹੁੰਦੇ ਸਨ, ਪਰ ਹੁਣ ਅਜਿਹਾ ਕੁਝ ਨਹੀਂ ਹੈ। ਸਿੱਧੂ ਨਾਲ ਆਖਰੀ ਵਾਰ ਕਦੋਂ ਗੱਲਬਾਤ ਹੋਈ, ਇਸ ਬਾਰੇ ਕੇਜਰੀਵਾਲ ਨੇ ਕੋਈ ਖੁਲਾਸਾ ਨਹੀਂ ਕੀਤਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਿੱਧੂ ਤਾਂ ਹੁਣ ਵੀ ਕਾਂਗਰਸ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ ਅਤੇ ਕੇਜਰੀਵਾਲ ਦੇ ਇਸ ਬਿਆਨ ਨਾਲ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਚਰਚਾਵਾਂ ਫਿਰ ਤੇਜ਼ ਹੋ ਗਈਆਂ ਹਨ। ਧਿਆਨ ਰਹੇ ਕਿ ਸਿੱਧੂ ਵੀ ਕਈ ਵਾਰ ਕਾਂਗਰਸ ਪ੍ਰਧਾਨ ਦੀ ਕੁਰਸੀ ਛੱਡਣ ਦੀ ਚਿਤਾਵਨੀ ਦੇ ਚੁੱਕੇ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੈ ਕੇ ਸਭ ਤੋਂ ਵੱਡੀ ਚਰਚਾ ਸੀਐਮ ਚਿਹਰੇ ਦੀ ਹੈ। ਕੇਜਰੀਵਾਲ ਕਹਿ ਤਾਂ ਚੁੱਕੇ ਹਨ ਕਿ ਸੀਐਮ ਚਿਹਰਾ ਸਿੱਖ ਭਾਈਚਾਰੇ ਵਿਚੋਂ ਹੀ ਹੋਵੇਗਾ, ਪਰ ਅਜੇ ਤੱਕ ਉਸ ਚਿਹਰੇ ਦਾ ਨਾਮ ਨਹੀਂ ਦੱਸ ਰਹੇ। ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੈ ਕੇ ਚਰਚਾ ਜ਼ਰੂਰ ਹੈ, ਪਰ ਕੇਜਰੀਵਾਲ ਇਸ ਬਾਰੇ ਵੀ ਅਜੇ ਕੁਝ ਨਹੀਂ ਕਹਿ ਰਹੇ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡ ਚੁੱਕੇ ਹਨ ਅਤੇ ਸੁਨੀਲ ਜਾਖੜ ਵੀ ਕਾਂਗਰਸ ਪਾਰਟੀ ਛੱਡਣ ਦੀ ਤਿਆਰੀ ਵਿਚ ਹਨ।
ਪੰਜਾਬ ‘ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਦਿੱਤੀ ਜਾਵੇਗੀ ਵਧੀਆ ਤੇ ਮੁਫ਼ਤ ਸਿੱਖਿਆ : ਕੇਜਰੀਵਾਲ
ਪਠਾਨਕੋਟ : ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਠਾਨਕੋਟ ਪਹੁੰਚ ਕੇ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਗਈ। ਇਸ ਤਿਰੰਗਾ ਵਿਚ ਯਾਤਰਾ ਵਿਚ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਹਿੱਸਾ ਲਿਆ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਦੋ ਹੋਰ ਗਰੰਟੀਆਂ ਦਿੱਤੀਆਂ। ਪਹਿਲੀ ਗਰੰਟੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਵਧੀਆ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਵੀ ਕੀਤਾ ਜਾਵੇਗਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਜਿਹੜੇ ਫੌਜੀ ਜਵਾਨ ਸਰਹੱਦ ‘ਤੇ ਸ਼ਹੀਦ ਹੁੰਦੇ ਹਨ, ਚਾਹੇ ਉਹ ਕਿਸੇ ਵੀ ਅਪਰੇਸ਼ਨ ‘ਚ ਸ਼ਹੀਦ ਹੋਣ, ਉਨ੍ਹਾਂ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਕ ਕਰੋੜ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਇਆ ਕਰੇਗੀ।

 

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …