ਸਿੱਧੂ ਨੇ ਆਪਣੀ ਹੀ ਪਾਰਟੀ ਦੇ ਆਗੂਆਂ ’ਤੇ ਵੀ ਸਾਧਿਆ ਨਿਸ਼ਾਨ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ’ਚ ਰੈਲੀ ਕੀਤੀ। ਰੈਲੀ ਦੌਰਾਨ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਜਮ ਕੇ ਵਰ੍ਹੇ। ਇਸ ਰੈਲੀ ਦੌਰਾਨ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾਕੂ ਤੱਕ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਾਬ ਝੂਠ ਦੀ ਪੁੜੀ, ਡਾਕੂ ਹੋ ਤੁਸੀਂ 50 ਹਜ਼ਾਰ ਕਰੋੜ ਰੁਪਏ ਖਾਣ ਵਾਲੇ। ਸਿੱਧੂ ਨੇ ਕਿਹਾ ਕਿ ਲੰਘੇ ਸਾਲ ਦੌਰਾਨ 12 ਲੱਖ ਪੰਜਾਬੀ ਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਵੇਚ ਕੇ ਵਿਦੇਸ਼ ਚਲੇ ਗਏ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਅਸੀਂ ਗੋਰਿਆਂ ਨੂੰ ਇਥੇ ਲਿਆਵਾਂਗੇ ਪ੍ਰੰਤੂ ਪੰਜਾਬ ਵਿਚ ਸਭ ਕੁੱਝ ਉਲਟ ਹੋ ਰਿਹਾ। ਰੈਲੀ ਦੌਰਾਨ ਸਿੱਧੂ ਨੇ ਆਪਣੀ ਪਾਰਟੀ ਦੇ ਆਗੂਆਂ ’ਤੇ ਵਰ੍ਹਦੇ ਹੋਏ ਕਿਹਾ ਕਿ ਜੇਕਰ ਕਾਂਗਰਸੀ ਆਗੂ 75-25 ਹੀ ਕਰਦੇ ਰਹਿਣਗੇ ਤਾਂ ਵਰਕਰ ਕਾਂਗਰਸੀ ਲੀਡਰਾਂ ’ਤੇ ਭਰੋਸਾ ਨਹੀਂ ਕਰਨਗੇ। ਕਾਂਗਰਸ ਪਾਰਟੀ ਉਦੋਂ ਹੀ ਮਜ਼ਬੂਤੀ ਨਾਲ ਖੜ੍ਹੀ ਹੋਵੇਗੀ ਜਦੋਂ ਵਰਕਰ ਛਾਤੀ ਠੋਕ ਕੇ ਕਹਿਣਗੇ ਕਿ ਮੇਰਾ ਲੀਡਰ ਈਮਾਨਦਾਰ ਹੈ। ਉਧਰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵੇਂਦਰ ਯਾਦਵ ਦੀ ਅਗਵਾਈ ’ਚ ਚੰਡੀਗੜ੍ਹ ’ਚ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ। ਪ੍ਰੰਤੂ ਇਸ ਮੀਟਿੰਗ ਵਿਚੋਂ ਨਵਜੋਤ ਸਿੱਧੂ ਗੈਰ ਹਾਜ਼ਰ ਰਹੇ। ਜਦੋਂ ਮੀਡੀਆ ਨੇ ਦਵੇਂਦਰ ਯਾਦਵ ਕੋਲੋਂ ਨਵਜੋਤ ਸਿੱਧੂ ਦੀ ਗੈਰਹਾਜ਼ਰੀ ਸਬੰਧੀ ਪੁੱਛਿਆ ਤਾਂ ਉਹ ਜਵਾਬ ਦੇਣ ਤੋਂ ਟਾਲਾ ਵੱਟ ਗਏ।