Breaking News
Home / ਪੰਜਾਬ / ਸਿੱਕਾ ਉਛਾਲ ਕੇ ਮੰਤਰੀ ਚਰਨਜੀਤ ਚੰਨੀ ਨੇ ਲੈਕਚਰਾਰਾਂ ਨੂੰ ਸਟੇਸ਼ਨ ਕਰ ਦਿੱਤੇ ਅਲਾਟ

ਸਿੱਕਾ ਉਛਾਲ ਕੇ ਮੰਤਰੀ ਚਰਨਜੀਤ ਚੰਨੀ ਨੇ ਲੈਕਚਰਾਰਾਂ ਨੂੰ ਸਟੇਸ਼ਨ ਕਰ ਦਿੱਤੇ ਅਲਾਟ

ਮੀਡੀਆ ਤੇ ਵਿਰੋਧੀ ਧਿਰ ਨੇ ਚੰਨੀ ਦਾ ਉਡਾਇਆ ਮਜ਼ਾਕ, ਮੰਤਰੀ ਨੇ ਕਿਹਾ ਇਸ ਤੋਂ ਵੱਧ ਹੋਰ ਪਾਰਦਰਸ਼ਤਾ ਕੀ ਹੋ ਸਕਦੀ ਹੈ
ਦੋ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨ ਲੱਗਿਆਂ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ। ਅਲਾਟਮੈਂਟ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ।
-ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ : ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਵੇਂ ਚੁਣੇ ਗਏ ਦੋ ਲੈਕਚਰਾਰਾਂ ਨੂੰ ਸਿੱਕੇ ਨਾਲ ਟਾਸ ਕਰਕੇ ਪਟਿਆਲਾ ਪੌਲੀਟੈਕਨਿਕ ਵਿੱਚ ਲਾਉਣ ਦੇ ਫ਼ੈਸਲੇ ਨਾਲ ਨਵੀਂ ਚਰਚਾ ਛਿੜ ਗਈ ਹੈ। ਇਸ ਗੱਲ ਨੂੰ ਲੈ ਕੇ ਮੀਡੀਆ ਤੇ ਵਿਰੋਧੀ ਧਿਰ ਨੇ ਚੰਨੀ ਦਾ ਮਜ਼ਾਕ ਵੀ ਉਡਾਇਆ। ਇਸ ਬਾਰੇ ਚੰਨੀ ਦਾ ਕਹਿਣਾ ਹੈ ਕਿ ਇਸ ਤੋਂ ਵੱਧ ਹੋਰ ਪਾਰਦਰਸ਼ਤਾ ਕੀ ਹੋ ਸਕਦੀ ਹੈ। ਮੰਤਰੀ ਨੇ ਹਾਲਾਂਕਿ ਇਹ ਫ਼ੈਸਲਾ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਨਾਲ ਵਿਭਾਗੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਸੀ। ਜਾਣਕਾਰੀ ਅਨੁਸਾਰ ਤਕਨੀਕੀ ਸਿੱਖਿਆ ਮੰਤਰੀ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਕੁਝ ਸਮਾਂ ਪਹਿਲਾਂ ਚੁਣੇ ਗਏ 37 ਲੈਕਚਰਾਰਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਸਟੇਸ਼ਨ ਦੇਣ ਲਈ ਇਕ ਦਿਨ ਪਹਿਲਾਂ ਆਪਣੇ ਦਫਤਰ ਸੱਦਿਆ ਸੀ। ਇਨ੍ਹਾਂ ਵਿੱਚੋਂ 35 ਸਟੇਸ਼ਨਾਂ ਦਾ ਫ਼ੈਸਲਾ ਬਿਨਾ ਕਿਸੇ ਨਾਂਹ ਨੁੱਕਰ ਦੇ ਹੋ ਗਿਆ, ਪਰ ਇਨ੍ਹਾਂ ਵਿਚੋਂ ਦੋ ਲੈਕਚਰਾਰ ਇਕੋ ਸਟੇਸ਼ਨ ਪੌਲੀਟੈਕਨਿਕ ਪਟਿਆਲਾ ਵਿੱਚ ਲੱਗਣ ਦੇ ਚਾਹਵਾਨ ਸਨ। ਦੋਵਾਂ ਲੈਕਚਰਾਰਾਂ ਵਿੱਚੋਂ ਇਕ ਦਾ ਤਜਰਬਾ ਵੱਧ ਸੀ ਜਦਕਿ ਦੂਜਾ ਯੋਗਤਾ ਵਿੱਚ ਮੋਹਰੀ ਸੀ। ਮੰਤਰੀ ਨੇ ਦੋਵਾਂ ਲੈਕਚਰਾਰਾਂ ਨੂੰ ਪਟਿਆਲਾ ਅਤੇ ਬਰੇਟਾ ਵਿੱਚੋਂ ਇਕ ਬਾਰੇ ਫ਼ੈਸਲਾ ਕਰਨ ਲਈ ਕਿਹਾ, ਪਰ ਜਦੋਂ ਦੋਵੇਂ ਕਿਸੇ ਨਤੀਜੇ ‘ਤੇ ਪੁੱਜਣ ਵਿਚ ਨਾਕਾਮ ਰਹੇ ਤਾਂ ਉਨ੍ਹਾਂ ਸਿੱਕਾ ਉਛਾਲ ਕੇ ਫ਼ੈਸਲਾ ਕਰਨ ਲਈ ਕਹਿ ਦਿੱਤਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਮੰਤਰੀ ਨੇ ਸਟੇਸ਼ਨ ਦੇਣ ਦਾ ਫੈਸਲਾ ਪਾਰਦਰਸ਼ੀ ਢੰਗ ਨਾਲ ਕੀਤਾ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …