Breaking News
Home / ਹਫ਼ਤਾਵਾਰੀ ਫੇਰੀ / ਭਾਰਤ ਜਾਣ ਲਈ ਜਸਟਿਨ ਟਰੂਡੋ ਨੇ ਅਟੈਚੀ ਕੀਤਾ ਪੈਕ

ਭਾਰਤ ਜਾਣ ਲਈ ਜਸਟਿਨ ਟਰੂਡੋ ਨੇ ਅਟੈਚੀ ਕੀਤਾ ਪੈਕ

17 ਫਰਵਰੀ ਨੂੰ ਜਹਾਜ਼ ਦਿੱਲੀ ‘ਚ ਕਰੇਗਾ ਲੈਂਡ, 25 ਨੂੰ ਵਾਪਸੀ
ਟੋਰਾਂਟੋ/ਪਰਵਾਸੀ ਬਿਊਰੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਤੌਰ ਪ੍ਰਧਾਨ ਮੰਤਰੀ ਭਾਰਤ ਦੇ ਪਲੇਠੇ ਦੌਰੇ ‘ਤੇ ਜਾ ਰਹੇ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਟਰੂਡੋ ਨੇ ਪ੍ਰਵਾਨ ਕਰ ਲਿਆ ਸੀ ਤੇ ਹੁਣ ਉਸ ਪ੍ਰਵਾਨਗੀ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਆਪਣੇ ਵਫ਼ਦ ਨਾਲ ਜਸਟਿਨ ਟਰੂਡੋ 17 ਫਰਵਰੀ ਨੂੰ ਦਿੱਲੀ ਪਹੁੰਚਣਗੇ। ਇਕ ਹਫ਼ਤੇ ਦੇ ਇਸ ਭਾਰਤੀ ਦੌਰੇ ਦੌਰਾਨ ਜਸਟਿਨ ਟਰੂਡੋ ਦੀ ਕੈਨੇਡੀਅਨ ਫੈਡਰਲ ਸਰਕਾਰ ਦੇ ਮੰਤਰੀ ਅਤੇ ਐਮ ਪੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਪੰਜਾਬੀ ਮੂਲ ਦੇ ਮੰਤਰੀ ਸ਼ਾਮਲ ਹਨ। ਇਸ ਤੋਂ ਇਲਾਵਾ ਟਰੂਡੋ ਦੇ ਡੈਲੀਗੇਸ਼ਨ ਵਿਚ ਕੈਨੇਡੀਅਨ ਅਧਿਕਾਰੀ ਵੀ ਸ਼ਾਮਲ ਹਨ।
ਤਹਿ ਪ੍ਰੋਗਰਾਮ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਸ਼ੇਸ਼ ਜਹਾਜ਼ 17 ਫਰਵਰੀ ਨੂੰ ਦਿੱਲੀ ਵਿਚ ਲੈਂਡ ਕਰੇਗਾ, ਜਿਸ ਤੋਂ ਅਗਲੇ ਦਿਨ 18 ਫਰਵਰੀ ਨੂੰ ਉਹ ਵਿਸ਼ਵ ਵਿਖਿਆਤ ਆਗਰੇ ‘ਚ ਸਥਿਤ ਤਾਜ਼ ਮਹਿਲ ਵੇਖਣ ਜਾਣਗੇ। ਫਿਰ 19 ਫਰਵਰੀ ਨੂੰ ਨਰਿੰਦਰ ਮੋਦੀ ਦੇ ਗ੍ਰਹਿ ਹਲਕੇ ਗੁਜਰਾਤ ਦੇ ਅਹਿਮਦਾਬਾਦ ਵਿਚ ਅਕਸ਼ਰਧਾਮ ਮੰਦਿਰ ਦੇ ਦਰਸ਼ਨਾਂ ਲਈ ਟਰੂਡੋ ਪਹੁੰਚਣਗੇ। ਇਸੇ ਤਰ੍ਹਾਂ 20 ਫਰਵਰੀ ਦਾ ਦਿਨ ਉਨ੍ਹਾਂ ਦਾ ਮੁੰਬਈ ਨਗਰੀ ਵਿਚ ਗੁਜਰੇਗਾ। ਫਿਰ ਟਰੂਡੋ ਆਪਣੇ ਵਫ਼ਦ ਨਾਲ 21 ਫਰਵਰੀ ਨੂੰ ਪੰਜਾਬ ਪਹੁੰਚਣਗੇ, ਜਿੱਥੇ ਉਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਗੇ। ਇਸ ਤੋਂ ਅਗਲੇ ਦਿਨ 22 ਫਰਵਰੀ ਨੂੰ ਨਵੀਂ ਦਿੱਲੀ ਸਥਿਤ ਜਾਮਾ ਮਸਜਿਦ ਵਿਚ ਵੀ ਉਹ ਸਿਜਦਾ ਕਰਨਗੇ। ਅਗਲੇ ਦਿਨ 23 ਫਰਵਰੀ ਨੂੰ ਭਾਰਤ ਦੇ ਹਮਰੁਤਬਾ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਬੈਠਕ ਹੋਣੀ ਹੈ, ਜਿਸ ਦੌਰਾਨ ਕਈ ਸਮਝੌਤਿਆਂ ‘ਤੇ ਸਹੀ ਪਾਈ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਕੈਨੇਡਾ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ ਹੈ ਤੇ ਇਸ ਗੂੜ੍ਹੇ ਰਿਸ਼ਤੇ ਨੂੰ ਕਾਇਮ ਕਰਨ ਵਿਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਇਸ ਲਈ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੇ ਵੱਖੋ-ਵੱਖ ਸਮਝੌਤਿਆਂ ‘ਤੇ ਪੰਜਾਬੀਆਂ ਦੀਆਂ ਖਾਸ ਨਜ਼ਰਾਂ ਟਿਕੀਆਂ ਹਨ ਕਿ ਉਨ੍ਹਾਂ ਦੇ ਲਾਹੇ ਦਾ ਕਿਹੜਾ ਸਮਝੌਤਾ ਦੋਵਾਂ ਮੁਲਕਾਂ ਵਿਚਾਲੇ ਹੋਵੇਗਾ। ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਲੰਘੇ ਦਿਨੀਂ ਜਦੋਂ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਭਾਰਤ ਦੌਰ ‘ਤੇ ਆਏ ਸਨ ਤਦ ਉਹ ਸਮਝੌਤਿਆਂ ਦੀ ਜ਼ਮੀਨ ਤਿਆਰ ਕਰ ਗਏ ਸਨ ਜੋ ਹੁਣ ਦੋਵਾਂ ਮੁਲਕਾਂ ਨੂੰ ਹੋਰ ਨਜ਼ਦੀਕ ਲੈ ਆਉਣਗੇ।
ਇਹ ਫੇਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬੀ ਮੂਲ ਦੇ ਕੈਨੇਡੀਅਨ ਮੰਤਰੀ ਹਰਜੀਤ ਸਿੰਘ ਸੱਜਣ ਸਮੇਤ ਹੋਰਨਾਂ ਵਿਚਾਲੇ ਕੁੜੱਤਣ ਘੱਟ ਕਰਨ ਵਾਲੀ ਸਾਬਤ ਹੋਣ ਦੀ ਉਮੀਦ ਹੈ ਕਿਉਂਕਿ ਦੋਵਾਂ ਪਾਸਿਓਂ ਉਸਾਰੂ ਹੁੰਗਾਰਾ ਭਰਿਆ ਗਿਆ ਹੈ ਜੋ ਪੰਜਾਬ ਲਈ ਤੇ ਕੈਨੇਡਾ ‘ਚ ਵਸਦੇ ਪੰਜਾਬੀਆਂ ਲਈ ਲਾਹੇਵੰਦ ਹੈ। ਆਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਫ਼ਦ ਦਾ ਪੰਜਾਬ ਫੇਰੀ ਮੌਕੇ ਭਰਵਾਂ ਸਵਾਗਤ ਕਰਨਗੇ। ਇੰਝ 23 ਫਰਵਰੀ ਨੂੰ ਟਰੂਡੋ ਅਤੇ ਨਰਿੰਦਰ ਮੋਦੀ ਵਿਚਾਲੇ ਬੈਠਕਾਂ ਦੇ ਦੌਰ ਮੁੱਕਣ ਉਪਰੰਤ 24 ਫਰਵਰੀ ਨੂੰ ਵੀ ਨਵੀਂ ਦਿੱਲੀ ਵਿਖੇ ਹੀ ਨੌਜਵਾਨਾਂ ਦੇ ਇਕ ਵਿਸ਼ੇਸ਼ ਸਮਾਗਮ ਵਿਚ ਟਰੂਡੋ ਸ਼ਿਰਕਤ ਕਰਨਗੇ। ਇੰਝ 17 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਦੇ ਭਾਰਤੀ ਦੌਰੇ ਦੌਰਾਨ ਜਸਟਿਨ ਟਰੂਡੋ ਕਰੀਬ 5 ਦਿਨ ਦਿੱਲੀ ਵਿਚ ਹੀ ਹੋਣਗੇ, ਜਿਨ੍ਹਾਂ ‘ਚੋਂ 22 ਫਰਵਰੀ, 23 ਫਰਵਰੀ ਅਤੇ 24 ਫਰਵਰੀ ਤਾਂ ਪੂਰੇ ਰਝੇਵੇਂ ਭਰੇ ਦਿਨ ਜੋ ਉਨ੍ਹਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੀ ਗੁਜ਼ਾਰਨੇ ਹਨ। ਇਸੇ ਤਰ੍ਹਾਂ 17 ਫਰਵਰੀ ਨੂੰ ਉਨ੍ਹਾਂ ਦਿੱਲੀ ਵਿਚ ਹੀ ਲੈਂਡ ਕਰਨਾ ਹੈ ਤੇ 25 ਫਰਵਰੀ ਨੂੰ ਦਿੱਲੀ ਤੋਂ ਹੀ ਕੈਨੇਡਾ ਲਈ ਉਡਾਣ ਭਰਨੀ ਹੈ ਤੇ ਕੁੱਲ ਮਿਲਾ ਕੇ ਭਾਰਤ ਫੇਰੀ ਦੌਰਾਨ 5 ਦਿਨ ਦਾ ਸਮਾਂ ਉਨ੍ਹਾਂ ਦਾ ਦਿੱਲੀ ਵਿਚ ਹੀ ਗੁਜਰਨਾ ਹੈ। ਜ਼ਿਕਰਯੋਗ ਹੈ ਕਿ ਟਰੂਡੋ ਦੇ ਕੈਨੇਡੀਅਨ ਵਫ਼ਦ ਵਿਚ ਕੈਨੇਡਾ ਦੇ ਮੀਡੀਆ ਦੇ ਨਾਲ ਪੰਜਾਬੀ ਮੂਲ ਦਾ ਮੀਡੀਆ ਵੀ ਭਾਰਤ ਫੇਰੀ ‘ਤੇ ਆ ਰਿਹਾ ਹੈ।
ਟਰੂਡੋ 21 ਫਰਵਰੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ
ਭਾਰਤ ਫੇਰੀ ‘ਤੇ ਆਉਣ ਵਾਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਨੂੰ ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਪਹੁੰਚਣਗੇ, ਜਿੱਥੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਸੀਸ ਝੁਕਾਉਣਾ ਹੈ। ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਨਾਲ ਆਏ ਸਮੁੱਚੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਖਾਸ ਪ੍ਰੋਗਰਾਮ ਉਲਕਿਆ ਹੈ। ਇਸ ਦੀ ਪੁਸ਼ਟੀ ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਹੋਏ ਭਾਰਤ ਫੇਰੀ ਦੇ ਸ਼ਡਿਊਲ ਵਿਚ ਦਰਜ ਹੈ ਕਿ ਉਹ 21 ਫਰਵਰੀ ਦਿਨ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ, ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹਿਣਗੇ ਇਸ ਦੀ ਪੂਰੀ ਉਮੀਦ ਹੈ। ਜਦੋਂਕਿ ਸ਼੍ਰੋਮਣੀ ਕਮੇਟੀ ਨੇ ਟਰੂਡੋ ਨੂੰ ਸਨਮਾਨਿਤ ਕਰਨ ਦੀ ਤਿਆਰੀ ਕੀਤੀ ਹੋਈ ਹੈ। ਆਸ ਹੈ ਕਿ ਜਸਟਿਨ ਟਰੂਡੋ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ‘ਚ ਪ੍ਰਸ਼ਾਦਾ ਵੀ ਛਕਣਗੇ ਕਿਉਂਕਿ ਕੈਨੇਡੀਅਨ ਸੁਰੱਖਿਆ ਦਸਤੇ ਨੇ ਦਰਬਾਰ ਸਾਹਿਬ ਦੇ ਸਮੁੱਚੇ ਗਲਿਆਰੇ ਦੇ ਨਾਲ-ਨਾਲ ਲੰਗਰ ਹਾਲ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਨਜਰ ਸਾਨੀ ਕਰ ਲਈ ਹੈ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …