Breaking News
Home / ਹਫ਼ਤਾਵਾਰੀ ਫੇਰੀ / ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ

ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ

ਕੈਪਟਨ ਸਰਕਾਰ ਚਾਹੇ ਤਾਂ ਪੰਜਾਬ ਹੋ ਸਕਦਾ ਹੈ ਕਰਜ਼ਾ ਮੁਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬਜਟ ਤੋਂ ਪਹਿਲਾਂ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕਰਕੇ ਸਾਬਕਾ ਅਕਾਲੀ-ਭਾਜਪਾ ਸਰਕਾਰ ਤੋਂ ਇਲਾਵਾ ਆਪਣੀ ਹੀ ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਵਿਚ ਪਿਛਲੇ 25 ਸਾਲਾਂ ਤੋਂ ਚੱਲ ਰਹੇ ਸਿਸਟਮ ਦੀਆਂ ਪਰਤਾਂ ਖੋਲ੍ਹਦੇ ਹੋਏ ਸਿੱਧੇ ਤੌਰ ‘ਤੇ ਹੁਕਮਰਾਨਾਂ ਵਲੋਂ ਪੰਜਾਬ ਨੂੰ ਗਹਿਣੇ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਰੈਵੀਨਿਊ ਨਿੱਜੀ ਹੱਥਾਂ ਵਿਚ ਜਾ ਰਿਹਾ ਹੈ। ਚਾਲੂ ਸਾਲ ‘ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮਦਨ 62 ਹਜ਼ਾਰ ਕਰੋੜ ਰੁਪਏ ਹੈ ਤਾਂ ਦੇਣਦਾਰੀ 67 ਹਜ਼ਾਰ ਕਰੋੜ ਰੁਪਏ ਦੀ ਹੈ। ਸਿੱਧੂ ਨੇ ਕਿਹਾ ਕਿ ਜੇਕਰ ਗੈਰਕਾਨੂੰਨੀ ਕਬਜ਼ਾਧਾਰੀਆਂ ਕੋਲੋਂ 5 ਫੀਸਦੀ ਜ਼ਮੀਨ ਵੀ ਛੁਡਾ ਲਈ ਜਾਵੇ ਤਾਂ ਵੀ ਪੰਜਾਬ ਸਰਕਾਰ ਕਰਜ਼ਾ ਮੁਕਤ ਹੋ ਸਕਦੀ ਹੈ।
ਸਿੱਧੂ ਨੇ ਇਸ ਵੀਡੀਓ ਵਿਚ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਮੁਸ਼ਕਲਾਂ ਅਤੇ ਉਸਦੇ ਹੱਲ ਦੀ ਪੂਰੀ ਸਮਝ ਹੈ। ਸਿੱਧੂ ਨੇ ਕਿਹਾ ਕਿ ਛੁਰਲੀਆਂ ਛੱਡਣ ਵਾਲੀ ਰਾਜਨੀਤੀ ਦੀ ਜਗ੍ਹਾ ਏਜੰਡਾ ਜ਼ਿਆਦਾ ਮਹੱਤਵਪੂਰਨ ਹੈ। ਪੰਜਾਬ ਦਾ ਪੈਸਾ ਨਿੱਜੀ ਜੇਬ੍ਹਾਂ ਵਿਚ ਜਾ ਰਿਹਾ ਹੈ। ਇਹ ਪਿਛਲੇ 25 ਸਾਲਾਂ ਤੋਂ ਹੋ ਰਿਹਾ ਹੈ। 1996-97 ਵਿਚ ਪੰਜਾਬ ਦੇ ਸਿਰ ‘ਤੇ 15250 ਕਰੋੜ ਰੁਪਏ ਕਰਜ਼ਾ ਸੀ। 2001-02 ਵਿਚ ਸਰਕਾਰ ਬਦਲੀ ਤਾਂ 32496 ਕਰੋੜ ਰੁਪਏ ਕਰਜ਼ਾ ਸੀ। 2006-07 ਵਿਚ ਅਕਾਲੀ-ਭਾਜਪਾ ਸਰਕਾਰ ਆਈ ਤਾਂ 48344 ਕਰੋੜ ਰੁਪਏ ਕਰਜ਼ਾ ਸੀ। 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਸਿਰ ‘ਤੇ 10 ਸਾਲ ਵਿਚ ਡੇਢ ਲੱਖ ਕਰੋੜ ਕਰਜ਼ਾ ਚੜ੍ਹ ਗਿਆ । ਹੁਣ ਇਹ ਕਰਜ਼ਾ 2 ਲੱਖ 48 ਹਜ਼ਾਰ ਕਰੋੜ ਹੋ ਜਾਏਗਾ। ਉਥੇ ਗਿਰਵੀ ਰੱਖੀਆਂ ਬਿਲਡਿੰਗਾਂ, ਰੈਸਟ ਹਾਊਸ, ਮਿਊਸਪੈਲਿਟੀ ਦੀਆਂ ਜ਼ਮੀਨਾਂ ਨੂੰ ਮਿਲਾਇਆ ਜਾਵੇ ਤਾਂ ਇਹ 3.50 ਲੱਖ ਕਰੋੜ ਬਣਦਾ ਹੈ। ਹੁਕਮਰਾਨਾਂ ਨੇ ਪੰਜਾਬ ਗਹਿਣੇ ਰੱਖ ਦਿੱਤਾ ਹੈ। ਕਰਜ਼ਾ ਉਤਾਰਨ ਲਈ ਲੋਕਾਂ ਦੇ ਟੈਕਸਾਂ ਦਾ ਪੈਸਾ ਵਰਤਿਆ ਜਾ ਰਿਹਾ ਹੈ, ਜੋ ਕਿ ਸੜਕਾਂ ਬਣਾਉਣ, ਬਗੈਰ ਟੋਲ ਦੇ ਸੜਕ ਅਤੇ ਪੁਲ ਬਣਾਉਣ ‘ਤੇ ਵਰਤ ਹੋਣਾ ਚਾਹੀਦਾ ਸੀ। ਅਜਿਹੇ ਵਿਚ ਵਿਕਾਸ ਬਾਰੇ ਕਿਸ ਤਰ੍ਹਾਂ ਸੋਚਿਆ ਜਾ ਸਕਦਾ ਹੈ।

Check Also

ਭਾਜਪਾ ਨੂੰ ਹੁਣ ਹਰ ਹਾਲ ਵਿਚ ਤਿੰਨੋਂ ਖੇਤੀ ਕਾਨੂੰਨ ਲੈਣੇ ਹੀ ਪੈਣੇ ਹਨ ਵਾਪਸ?

ਸੀ ਐਸ ਡੀ ਐਸ ਦੇ ਸਰਵੇ ਦਾ ਦਾਅਵਾ-ਭਾਜਪਾ ਦੇ ਲੀਡਰ, ਸਮਰਥਕ ਤੇ ਵੋਟਰਾਂ ਦੀ ਇਹੋ …