Breaking News
Home / ਹਫ਼ਤਾਵਾਰੀ ਫੇਰੀ / ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਜਾਣ ਬੁੱਝ ਕੇ ਕੁਚਲਿਆ ਗਿਆ : ਐਸ.ਆਈ.ਟੀ.

ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਜਾਣ ਬੁੱਝ ਕੇ ਕੁਚਲਿਆ ਗਿਆ : ਐਸ.ਆਈ.ਟੀ.

ਮੁਲਜ਼ਮਾਂ ਖਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਹੋਵੇਗਾ ਦਰਜ
ਲਖੀਮੁਪਰ ਖੀਰੀ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਲੰਘੀ 3 ਅਕਤੂਬਰ ਨੂੰ ਵਾਪਰੇ ਇਸ ਪੂਰੇ ਘਟਨਾਕ੍ਰਮ ਨੂੰ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੱਤਾ ਹੈ। ਸਿਟ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਕੋਰਟ ਨੂੰ ਮੁਲਜ਼ਮਾਂ ਖਿਲਾਫ਼ ਆਇਦ ਆਈਪੀਸੀ ਦੀਆਂ ਧਾਰਾਵਾਂ 279 (ਰੈਸ਼ ਡਰਾਈਵਿੰਗ ਤੇ ਰਾਈਡਿੰਗ), 338 (ਬੇਧਿਆਨੀ ‘ਚ ਕਿਸੇ ਨੂੰ ਸੱਟ ਫੇਟ ਲਾਉਣਾ) ਤੇ 304ਏ (ਰੈਸ਼ ਤੇ ਅਣਗਹਿਲੀ ਕਰਕੇ ਮੌਤ) ਨੂੰ ਇਰਾਦਾ ਕਤਲ ਨਾਲ ਜੁੜੀ ਆਈਪੀਸੀ ਦੀ ਧਾਰਾ 307 ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ, ਜੋ ਕੋਰਟ ਨੇ ਪ੍ਰਵਾਨ ਕਰ ਲਈ ਹੈ। ਵਿਸ਼ੇਸ਼ ਜਾਂਚ ਟੀਮ ਨੇ ਇਸ ਕੇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 302 (ਕਤਲ), 147 (ਹਿੰਸਾ), 148(ਹਿੰਸਾ, ਮਾਰੂ ਹਥਿਆਰਾਂ ਨਾਲ ਲੈਸ), 149 (ਸਾਂਝੇ ਮੰਤਵ ਦੀ ਪੂਰਤੀ ਲਈ ਗੈਰਕਾਨੂੰਨੀ ਤੌਰ ‘ਤੇ ਇਕੱਠੇ ਹੋ ਕੇ ਕੀਤਾ ਅਪਰਾਧ) ਤੇ 120 ਬੀ (ਫੌਜਦਾਰੀ ਸਾਜ਼ਿਸ਼ ਨੂੰ ਬਰਕਰਾਰ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਕੇ ਮੁੜ ਰਹੇ ਕਿਸਾਨਾਂ ਨੂੰ ਦਰੜ ਦਿੱਤਾ ਸੀ। ਇਨ੍ਹਾਂ ਵਿੱਚੋਂ ਇਕ ਵਾਹਨ ‘ਤੇ ਕੇਂਦਰੀ ਮੰਤਰੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਵੀ ਸਵਾਰ ਦੱਸਿਆ ਜਾਂਦਾ ਸੀ, ਜੋ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹੈ। ਇਸ ਘਟਨਾ ਵਿੱਚ ਚਾਰ ਕਿਸਾਨਾਂ, ਇਕ ਸਥਾਨਕ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਇਸ ਮਗਰੋਂ ਭੜਕੀ ਹਿੰਸਾ ਵਿੱਚ ਦੋ ਭਾਜਪਾ ਵਰਕਰਾਂ ਤੇ ਇਕ ਡਰਾਈਵਰ ਮਾਰੇ ਗਏ ਸਨ। ਯੂਪੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਸਨ ਤੇ ਹੁਣ ਤੱਕ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਜੈ ਮਿਸ਼ਰਾ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ : ਕਿਸਾਨ ਮੋਰਚਾ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਮੋਦੀ ਸਰਕਾਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਚਾਉਣਾ ਬੰਦ ਕਰੇ ਤੇ ਮੰਤਰੀ ਨੂੰ ਫੌਰੀ ਅਹੁਦੇ ਤੋਂ ਹਟਾਇਆ ਜਾਵੇ। ਮੋਰਚੇ ਨੇ ਕਿਹਾ ਕਿ ਉਨ੍ਹਾਂ ਇਸ ਪੂਰੇ ਘਟਨਾਕ੍ਰਮ ਨੂੰ ‘ਗਿਣ-ਮਿੱਥ ਕੇ ਕੀਤਾ ਕਤਲੇਆਮ’ ਕਰਾਰ ਦਿੱਤਾ ਸੀ ਤੇ ਹੁਣ ‘ਸਿਟ’ ਨੇ ਵੀ ਉਨ੍ਹਾਂ ਦੇ ਇਸ ਸਟੈਂਡ ‘ਤੇ ਮੋਹਰ ਲਾ ਦਿੱਤੀ ਹੈ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਲਖੀਮਪੁਰ ਹਿੰਸਾ ਦਾ ਮੁੱਖ ਸਾਜਿਸ਼ਕਰਤਾ ਅਜੈ ਮਿਸ਼ਰਾ ਟੈਨੀ ਖੁੱਲ੍ਹੇਆਮ ਘੁੰਮ ਰਿਹਾ ਹੈ ਤੇ ਕੇਂਦਰੀ ਵਜ਼ਾਰਤ ਵਿੱਚ ਉਸ ਦਾ ਅਹੁਦਾ ਵੀ ਕਾਇਮ ਹੈ। ਮੋਰਚੇ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਸੰਘਰਸ਼ ਜਾਰੀ ਰੱਖਾਂਗੇ।
ਮਿਸ਼ਰਾ ਨੇ ਪੱਤਰਕਾਰਾਂ ਨਾਲ ਕੀਤੀ ਬਦਤਮੀਜ਼ੀ
ਲਖੀਮਪੁਰ ਖੀਰੀ : ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦਾ ਪਿਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਪੱਤਰਕਾਰਾਂ ਦੇ ਸਵਾਲਾਂ ਤੋਂ ਖਿੱਝ ਗਿਆ ਅਤੇ ਉਨ੍ਹਾਂ ਨੂੰ ‘ਚੋਰ’ ਆਖਦਿਆਂ ਧੱਕਾ-ਮੁੱਕੀ ਕੀਤੀ। ਪੱਤਰਕਾਰਾਂ ਵੱਲੋਂ ਦਿੱਤੇ ਗਏ ਮੰਗ ਪੱਤਰ ‘ਚ ਇਹ ਵੀ ਆਰੋਪਲਾਇਆ ਗਿਆ ਹੈ ਕਿ ਕੇਂਦਰੀ ਮੰਤਰੀ ਨੇ ਇਕ ਰਿਪੋਰਟਰ ਦਾ ਮੋਬਾਈਲ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਪੱਤਰਕਾਰਾਂ ਦੇ ਵਫ਼ਦ ਨੇ ਬਾਅਦ ‘ਚ ਰਾਸ਼ਟਰਪਤੀ ਦੇ ਨਾਮ ‘ਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ ਹੈ ਜਿਸ ‘ਚ ਕੇਂਦਰੀ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਪੱਤਰਕਾਰਾਂ ਨੂੰ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ। ਕੇਂਦਰੀ ਮੰਤਰੀ ਬਾਰੇ ਸਾਹਮਣੇ ਆਏ ਵੀਡੀਓ ‘ਚ ਸਾਫ਼ ਦਿਖ ਰਿਹਾ ਹੈ ਕਿ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਭੜਕ ਗਿਆ। ਉਹ ਮੀਡੀਆ ਨੂੰ ‘ਚੋਰ’ ਆਖਦਾ ਹੋਇਆ ਸੁਣਾਈ ਦੇ ਰਿਹਾ ਹੈ। ਉਸ ਨੇ ਕਿਹਾ,”ਮੂਰਖਾਂ ਵਾਂਗ ਸਵਾਲ ਨਾ ਪੁੱਛੋ। ਕੀ ਤੁਹਾਡਾ ਦਿਮਾਗ ਖ਼ਰਾਬ ਹੋ ਗਿਆ ਹੈ? ਤੁਸੀਂ ਕੀ ਜਾਨਣਾ ਚਾਹੁੰਦੇ ਹੋ? ਤੁਸੀਂ ਇਕ ਬੇਕਸੂਰ ਵਿਅਕਤੀ ਨੂੰ ਦੋਸ਼ੀ ਬਣਾ ਦਿੱਤਾ ਹੈ। ਤੁਹਾਨੂੰ ਸ਼ਰਮ ਨਹੀਂ ਆਉਂਦੀ?” ਗੁੱਸੇ ‘ਚ ਇਕ ਪੱਤਰਕਾਰ ਵੱਲ ਵਧਦਿਆਂ ਉਹ ਉਸ ਨੂੰ ਮੋਬਾਈਲ ਫੋਨ ਬੰਦ ਕਰਨ ਲਈ ਆਖ ਰਿਹਾ ਹੈ। ਕੇਂਦਰੀ ਮੰਤਰੀ ਦਾ ਪੱਤਰਕਾਰਾਂ ‘ਤੇ ਇਹ ਗੁੱਸਾ ਉਸ ਸਮੇਂ ਨਿਕਲਿਆ ਜਦੋਂ ਉਹ ਲਖੀਮਪੁਰ ਖੀਰੀ ਤੋਂ 15 ਕਿਲੋਮੀਟਰ ਦੂਰ ਸਰਕਾਰੀ ਸਿਹਤ ਕੇਂਦਰ ‘ਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਲਈ ਗਿਆ ਸੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …